ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ ''ਬਲੈਕ ਡੇਅ'', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

05/29/2023 11:50:02 AM

ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆਂ ਅੱਜ ਪੂਰਾ ਇਕ ਵਰ੍ਹਾ ਬੀਤ ਗਿਆ ਹੈ। ਅੱਜ ਦੇ ਇਸ ਕਾਲੇ ਦਿਨ ਨੂੰ ਪਰਿਵਾਰ ਸਣੇ ਪ੍ਰਸ਼ੰਸਕ ਅਤੇ ਸੰਗੀਤ ਜਗਤ ਦੇ ਕਲਾਕਾਰ ਵੀ ਯਾਦ ਕਰ ਰਹੇ ਹਨ। ਪੰਜਾਬੀ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਅੱਜ ਦੇ ਦਿਨ ਨੂੰ 'ਬਲੈਕ ਡੇਅ' ਵਜੋਂ ਮਨਾ ਰਹੇ ਹਨ।

ਸਿੱਧੂ ਦੀ ਮੂੰਹ ਬੋਲੀ ਭੈਣ ਅਫਸਾਨਾ ਖ਼ਾਨ ਨੇ ਭਰਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਨੋਟ ਲਿਖਿਆ ਹੈ, ਜਿਸ 'ਚ ਉਸ ਨੇ ਸਿੱਧੂ ਬਾਰੇ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਸਿੱਧੂ ਨਾਲ ਆਪਣੀਆਂ ਕੁਝ ਯਾਦਗਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਉਥੇ ਹੀ ਪੰਜਾਬੀ ਗਾਇਕ ਅੰਮ੍ਰਿਤ, ਸੋਨਮ ਬਾਜਵਾ,ਸਿਮਰਨ ਕੌਰ ਧਾਂਦਲੀ, ਗੁਰਜੇਜ਼, ਬਾਰਬੀ ਮਾਨ, ਕੋਰੀਓਗ੍ਰਾਫਰ ਐੱਮ ਸੀ ਸਕਵਾਇਰ, ਬੰਟੀ ਬੈਂਸ, ਜੈਨੀ ਜੋਹਲ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ।

ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਬੀਤੇ ਦਿਨੀਂ ਉਸ ਥਾਂ ’ਤੇ ਪਾਠ ਕਰਵਾਇਆ ਗਿਆ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ।


ਦੱਸ ਦੇਈਏ ਕਿ ਅੱਜ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਉਸ ਦੇ ਤਾਏ ਚਮਕੌਰ ਸਿੰਘ ਵੱਲੋਂ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਚ ਪਾਠ ਦੇ ਭੋਗ ਪਾਏ ਜਾਣੇ ਹਨ। ਇਸ ਦੇ ਨਾਲ ਹੀ ਪਿੰਡ 'ਚ ਮੂਸੇਵਾਲਾ ਦੀ ਯਾਦ 'ਚ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਚਮਕੌਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਦੀ ਯਾਦ 'ਚ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਅੱਡਾ ਚੌਕ ਤੱਕ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਵੇਗਾ। ਇਸ ਮੌਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮੂਸਾ ਪਿੰਡ ਪੁੱਜਣ ਦੀ ਵੀ ਅਪੀਲ ਕੀਤੀ ਗਈ ਹੈ।

 

 

 

sunita

This news is Content Editor sunita