ਗੀਤ ਰਿਕਾਰਡ ਕਰਵਾਉਣ ਕੈਨੇਡਾ ਤੋਂ ਪੰਜਾਬ ਆਇਆ ਸੀ ਦਿਲਜਾਨ, ਪਤਨੀ ਤੇ 2 ਸਾਲਾ ਬੇਟੀ ਨੂੰ ਛੱਡ ਗਿਆ ਇਕੱਲਿਆਂ

03/30/2021 5:45:18 PM

ਅੰਮ੍ਰਿਤਸਰ (ਬਿਊਰੋ)– ਪੰਜਾਬੀ ਗਾਇਕ ਦਿਲਜਾਨ ਦੀ ਅੱਜ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਦਿਲਜਾਤ ਦੀ ਮੌਤ ’ਤੇ ਪੰਜਾਬੀ ਸੰਗੀਤ ਜਗਤ ’ਚ ਵੀ ਸੋਗ ਦੀ ਲਹਿਰ ਹੈ। ਦਿਲਜਾਨ ਦੀ ਸੜਕ ਹਾਦਸੇ ’ਚ ਹੋਈ ਮੌਤ ’ਤੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਘਟਨਾ ਦੀ ਪੂਰੀ ਜਾਣਕਾਰੀ ਲਈ ਗਈ। ਐੱਸ. ਐੱਚ. ਓ. ਯਾਦਵਿੰਦਰ ਸਿੰਘ ਦੱਸਿਆ ਕਿ ਦਿਲਜਾਨ ਕਰਤਾਰਪੁਰ ਤੋਂ ਅੰਮ੍ਰਿਤਸਰ ਆਪਣੇ ਗੀਤ ਦੇ ਸਿਲਸਿਲੇ ’ਚ ਜਾ ਰਿਹਾ ਸੀ। ਜਦੋਂ ਉਹ ਜੰਡਿਆਲਾ ਗੁਰੂ ਨਜ਼ਦੀਕ ਪਹੁੰਚਿਆ ਤਾਂ ਉਸ ਦੀ ਗੱਡੀ ਦੀ ਕਿਸੇ ਨਾਲ ਟੱਕਰ ਹੋ ਗਈ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ।

ਉਨ੍ਹਾਂ ਕਿਹਾ ਕਿ ਹਾਈਵੇ ਪੁਲਸ ਨੇ ਦਿਲਜਾਨ ਨੂੰ ਜ਼ਖਮੀ ਹਾਲਤ ’ਚ ਰਣਜੀਤ ਹਸਪਤਾਲ, ਜੰਡਿਆਲਾ ਗੁਰੂ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਹ ਵੀ ਮੌਕੇ ’ਤੇ ਪਹੁੰਚ ਗਏ। ਫਿਲਹਾਲ ਦਿਲਜਾਨ ਦੇ ਪਿਤਾ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦਿਲਜਾਨ ਦੀ ਪਤਨੀ ਤੇ 2 ਸਾਲ ਦੀ ਬੇਟੀ ਕੈਨੇਡਾ ਰਹਿੰਦੇ ਹਨ। ਦਿਲਜਾਨ ਵੀ ਕੈਨੇਡਾ ਦਾ ਪੀ. ਆਰ. ਸੀ, ਜੋ ਗੀਤ ਦੇ ਸਬੰਧ ’ਚ ਭਾਰਤ ਆਇਆ ਸੀ। ਗੀਤ ਰਿਕਾਰਡ ਕਰਵਾਉਣ ਲਈ ਉਹ ਅੰਮ੍ਰਿਤਸਰ ਜਾ ਰਿਹਾ ਸੀ। ਦਿਲਜਾਨ ਦੀ ਪਤਨੀ ਦੇ ਭਾਰਤ ਆਉਣ ਤੋਂ ਬਾਅਦ ਹੀ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਗੱਡੀ ਦੀ ਟੱਕਰ ਕਿਸ ਨਾਲ ਹੋਈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਦੱਸਣਯੋਗ ਹੈ ਕਿ ਦਿਲਜਾਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਨਵੇਂ ਗੀਤ ‘ਤੇਰੇ ਵਰਗੇ 2’ ਦਾ ਪੋਸਟਰ ਸਾਂਝਾ ਕੀਤਾ ਸੀ ਪਰ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਿਲਜਾਨ ਦੀ ਸੜਕੇ ਹਾਦਸੇ ’ਚ ਅਚਾਨਕ ਮੌਤ ਹੋ ਗਈ। ਦਿਲਜਾਨ ਦੀ ਮੌਤ ’ਤੇ ਕਈ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh