ਰਾਜ ਕੁੰਦਰਾ ਦੀ ਜ਼ਮਾਨਤ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਸਾਂਝੀ ਕੀਤੀ ਖ਼ਾਸ ਪੋਸਟ

09/21/2021 11:40:28 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁਝ ਮਹੀਨਿਆਂ ਤੋਂ ਕਾਫੀ ਪ੍ਰੇਸ਼ਾਨੀਆਂ ’ਚੋਂ ਲੰਘ ਰਹੀ ਸੀ ਪਰ ਅਜਿਹੇ ਮਾੜੇ ਸਮੇਂ ’ਚ ਸ਼ਿਲਪਾ ਸ਼ੈੱਟੀ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਬਣਾਈ ਰੱਖੀ। ਅਜਿਹੇ ਸਮੇਂ ’ਚ ਅਦਾਕਾਰਾ ਆਪਣੇ ਪਰਿਵਾਰ ਲਈ ਇਕ ਸ਼ਕਤੀ ਵਜੋਂ ਖੜ੍ਹੀ ਸੀ। ਹੁਣ ਸ਼ਿਲਪਾ ਸ਼ੈੱਟੀ ਦੇ ਬੁਰੇ ਦਿਨਾਂ ਦੀ ਗਿਣਤੀ ਲਗਭਗ ਖ਼ਤਮ ਹੋ ਚੁੱਕੀ ਹੈ ਕਿਉਂਕਿ ਉਸ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਜ਼ਮਾਨਤ ਮਿਲ ਗਈ ਹੈ। ਰਾਜ ਕੁੰਦਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ।

ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਬਹੁਤ ਸਾਰੀਆਂ ਪੋਸਟਾਂ ਸਾਂਝੀਆਂ ਕਰਦੀ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਰਹੀ ਪਰ ਕੁਝ ਦਿਨਾਂ ਦੇ ਅੰਦਰ ਉਸ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਦੇਖਭਾਲ ਕੀਤੀ ਤੇ ਸੋਸ਼ਲ ਮੀਡੀਆ ’ਤੇ ਵੀ ਪੋਸਟਾਂ ਦੀ ਇਕ ਲੜੀ ਸ਼ੁਰੂ ਕੀਤੀ। ਹਾਲ ਹੀ ’ਚ ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੀ ਘਰ ਵਾਪਸੀ ’ਤੇ ਇਕ ਖ਼ੂਬਸੂਰਤ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਲੱਗਦਾ ਹੈ ਕਿ ਸ਼ਿਲਪਾ ਨੇ ਹੁਣ ਸੁੱਖ ਦਾ ਸਾਹ ਲਿਆ ਹੈ ਤੇ ਉਹ ਇਸ ਤੋਂ ਖ਼ੁਸ਼ ਵੀ ਹੈ।

ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਕਹਾਣੀ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਸ਼ਾਮ ਨੂੰ ਆਸਮਾਨ ’ਚ ਇਕ ਸਤਰੰਗੀ ਪੀਂਘ ਦੀ ਤਸਵੀਰ ਹੈ ਤੇ ਕੈਪਸ਼ਨ ’ਚ ਲੇਖਕ ਦੇ ਹਵਾਲੇ ਨਾਲ ਉਸ ਨੇ ਲਿਖਿਆ, ‘ਸਤਰੰਗੀ ਪੀਂਘ ਦੀ ਹੋਂਦ ਸਿਰਫ਼ ਇਹ ਦਰਸਾਉਣ ਲਈ ਹੈ ਕਿ ਖ਼ਰਾਬ ਤੂਫਾਨ ਦੇ ਬਾਅਦ ਵੀ ਸੁੰਦਰ ਚੀਜ਼ਾਂ ਹੋ ਸਕਦੀਆਂ ਹਨ।’ ਹਾਲਾਂਕਿ ਸ਼ਿਲਪਾ ਨੇ ਇਸ ਪੋਸਟ ’ਚ ਕਿਸੇ ਦਾ ਨਾਂ ਨਹੀਂ ਜੋੜਿਆ ਪਰ ਰਾਜ ਕੁੰਦਰਾ ਦੀ ਜ਼ਮਾਨਤ ਤੋਂ ਬਾਅਦ ਹੀ ਉਸ ਨੇ ਇਹ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪੋਸਟ ਇਸ ਨੂੰ ਲਿੰਕ ਕਰਕੇ ਕੀਤੀ ਗਈ ਹੈ।

ਦੱਸ ਦੇਈਏ ਕਿ ਰਾਜ ਕੁੰਦਰਾ ਨੂੰ ਪੁਲਸ ਨੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ’ਚ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਸ ਨੇ ਕਈ ਵਾਰ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਹੁਣ ਰਾਜ ਕੁੰਦਰਾ ਨੂੰ ਜ਼ਮਾਨਤ ਮਿਲ ਗਈ ਹੈ, ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਰਿਵਾਰ ਨੇ ਕੁਝ ਹੱਦ ਤੱਕ ਰਾਹਤ ਦਾ ਸਾਹ ਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh