ਸਿੰਧੂਰ ਲਿਜਾਣਾ ਭੁੱਲੇ ਸ਼ੰਮੀ ਕਪੂਰ ਨੇ ਲਿਪਸਟਿਕ ਨਾਲ ਨਿਭਾਈ ਸੀ ਰਸਮ (ਤਸਵੀਰਾਂ)

01/22/2016 4:37:57 PM

ਮੁੰਬਈ : ਹਿੰਦੀ ਸਿਨੇਮਾ ਵਿਚ ਹੁਣ ਤੱਕ ਬਹੁਤ ਸਾਰੀਆਂ ਅਜਿਹੀਆਂ ਜੋੜੀਆਂ ਬਣੀਆਂ ਹਨ, ਜਿਨ੍ਹਾਂ ਦਾ ਪਿਆਰ ਅਮਰ ਪਿਆਰ ਹੋ ਨਿਬੜਿਆ। ਅਜਿਹੀ ਹੀ ਇਕ ਜੋੜੀ ਸੀ ਸ਼ੰਮੀ ਕਪੂਰ ਅਤੇ ਗੀਤਾ ਬਾਲੀ ਦੀ ਜੋੜੀ। ਜਿੰਨਾ ਰੌਚਕ ਇਸ ਜੋੜੀ ਦਾ ਮਿਲਣਾ ਸੀ ਓਨੀ ਹੀ ਦਿਲਚਸਪ ਸੀ ਇਨ੍ਹਾਂ ਦੇ ਵਿਆਹ ਦੀ ਕਹਾਣੀ।
ਸ਼ੰਮੀ ਕਪੂਰ ਤੇ ਗੀਤਾ ਬਾਲੀ ਦੀ ਮੁਲਾਕਾਤ ਕੇਦਾਰ ਸ਼ਰਮਾ ਦੀ ਫਿਲਮ ''ਰੰਗੀਨ ਰਾਤੇਂ'' ਦੇ ਸੈੱਟ ''ਤੇ ਹੋਈ। ਉਸ ਸਮੇਂ ਗੀਤਾ ਫਿਲਮ ਇੰਡਸਟਰੀ ਵਿਚ ਕਾਫੀ ਨਾਮ ਕਮਾ ਚੁੱਕੀ ਸੀ ਜਦਕਿ ਸ਼ੰਮੀ ਕਪੂਰ ਫਿਲਮਾਂ ਹਾਸਿਲ ਕਰਨ ਲਈ ਕਾਫੀ ਜੱਦੋ-ਜਹਿਦ ਕਰ ਰਹੇ ਸਨ। ਹਾਲਾਂਕਿ ਸ਼ੁਰੂਆਤ ਵਿਚ ਸ਼ੰਮੀ ਗੀਤਾ ਨਾਲ ਗੱਲ ਕਰਨ ਤੋਂ ਵੀ ਝੱਕਦਾ ਸੀ ਪਰ ਹੌਲੀ-ਹੌਲੀ ਦੋਵਾਂ ਦੀ ਦੋਸਤੀ ਹੋ ਗਈ ਜੋ ਗੂੜ੍ਹੇ ਪਿਆਰ ਵਿਚ ਬਦਲ ਗਈ।
ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੱਕ ਦੋਵੇਂ ਇਕੱਠਿਆਂ ਜਿਉਣ-ਮਰਨ ਦੀਆਂ ਸਹੁੰਆਂ ਖਾ ਚੁੱਕੇ ਸਨ। ਹਾਲਾਂਕਿ ਸ਼ੰਮੀ ਨੇ ਗੀਤਾ ਨਾਲ ਵਿਆਹ ਦਾ ਵਾਅਦਾ ਤਾਂ ਕਰ ਲਿਆ ਪਰ ਉਸਨੂੰ ਪਤਾ ਸੀ ਕਿ ਇਸਨੂੰ ਪੂਰਾ ਕਰਨਾ ਉਸ ਲਈ ਆਸਾਨਾ ਨਹੀਂ ਹੋਵੇਗਾ। ਗੀਤਾ ਨਾ ਸਿਰਫ ਉਮਰ ਵਿਚ ਸ਼ੰਮੀ ਤੋਂ ਵੱਡੀ ਸੀ ਸਗੋਂ ਫਿਲਮ ''ਬਾਵਰੇ ਨੈਣ'' ''ਚ ਉਸਦੇ ਵੱਡੇ ਭਰਾ ਰਾਜ ਕਪੂਰ ਅਤੇ ਫਿਲਮ ''ਆਨੰਦਮਠ'' ਵਿਚ ਪਿਤਾ ਪ੍ਰਿਥੀਰਾਜ ਦੀ ਹੀਰੋਇਨ ਵੀ ਰਹਿ ਚੁੱਕੀ ਸੀ। ਇਸ ਕਾਰਣ ਕਪੂਰ ਖਾਨਦਾਨ ਵਲੋਂ ਦੋਵਾਂ ਦੇ ਵਿਆਹ ਦੀ ਰਜ਼ਾਮੰਦੀ ਮਿਲਣਾ ਨਾਮੁਮਕਿਨ ਜਿਹਾ ਲੱਗਦਾ ਸੀ।
ਸ਼ੰਮੀ ਇਕ ਪਾਸੇ ਗੀਤਾ ਦੇ ਪਿਆਰ ਅੱਗੇ ਬੇਵੱਸ ਸੀ ਤਾਂ ਦੂਜੇ ਪਾਸੇ ਇਸ ਰਿਸ਼ਤੇ ਨੂੰ ਲੈ ਕੇ ਆਪਣੇ ਪਰਿਵਾਰ ਦੀ ਨਾਖੁਸ਼ੀ ਤੋਂ ਪ੍ਰੇਸ਼ਾਨ ਸੀ। ਉਸਨੂੰ ਇਸ ਪ੍ਰੇਸ਼ਾਨੀ ਵਿਚੋਂ ਕੱਢਿਆ ਸ਼ੰਮੀ ਦੇ ਜਿਗਰੀ ਯਾਰ ਜੌਨੀ ਵਾਕਰ ਨੇ, ਜਿਸਨੇ ਉਸ ਸਮੇਂ ਘਰੋਂ ਭੱਜ ਕੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਸੀ।
ਜੌਨੀ ਦੀ ਸਲਾਹ ''ਤੇ ਸ਼ੰਮੀ ਵੀ ਘਰੋਂ ਭੱਜ ਕੇ ਵਿਆਹ ਕਰਵਾਉਣ ਲਈ ਤਿਆਰ ਗਿਆ। ਹਾਲਾਂਕਿ ਗੀਤਾ ਨੂੰ ਇਹ ਤਰੀਕਾ ਠੀਕ ਨਹੀਂ ਲੱਗਾ ਪਰ ਆਪਣੇ ਪਿਆਰ ਨੂੰ ਪਾਉਣ ਲਈ ਉਹ ਰਾਜ਼ੀ ਹੋ ਗਈ। ਅੰਤ 23 ਅਗਸਤ 1955 ਨੂੰ ਸ਼ੰਮੀ ਕਪੂਰ ਆਪਣੇ ਦੋਸਤ ਜੌਨੀ ਵਾਰਕ ਅਤੇ ਹਰੀ ਵਾਲੀਆ ਨਾਲ ਬਾਨਗੰਗਾ ਮੰਦਿਰ ਵਿਚ ਗੀਤਾ ਨਾਲ ਵਿਆਹ ਕਰਵਾਉਣ ਲਈ ਜਾ ਪੁੱਜੇ ਪਰ ਰਾਤ ਹੋਣ ਕਾਰਨ ਮੰਦਿਰ ਬੰਦ ਹੋ ਗਿਆ। 
ਸ਼ੰਮੀ ਵਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਪੰਡਿਤ ਨੇ ਰਾਤ ਨੂੰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪਰ ਉਸਦੀ ਹਾਲਤ ਵਿਖੇ ਕੇ ਭਰੋਸਾ ਦਿੱਤਾ ਕਿ ਸਵੇਰੇ ਮੰਦਿਰ ਖੁੱਲ੍ਹਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਕਰਵਾ ਦੇਣਗੇ। ਅਗਲੇ ਦਿਨ ਸਵੇਰੇ ਚਾਰ ਵਜੋ ਜਦੋਂ ਪੰਡਿਤ ਨੇ ਮੰਦਿਰ ਦੇ ਕਵਾੜ ਖੋਲ੍ਹੇ ਤਾਂ ਸ਼ੰਮੀ ਕਪੂਰ ਸਾਹਮਣੇ ਹਾਜ਼ਰ ਸਨ। 
ਗੀਤਾ ਨੂੰ ਪਾਉਣ ਦਾ ਕਾਹਲਾਪਣ ਅਤੇ ਪਰਿਵਾਰ ਦਾ ਡਰ ਇਸ ਕਦਰ ਸ਼ੰਮੀ ''ਤੇ ਹਾਵੀ ਸੀ ਕਿ ਉਹ ਵਿਆਹ ਲਈ ਸਭ ਤੋਂ ਜ਼ਰੂਰੀ ਚੀਜ਼ ਸਿੰਧੂਰ ਲਿਜਾਣਾ ਹੀ ਭੁੱਲ ਗਏ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਉਪਰੰਤ ਜਦੋਂ ਪੰਡਿਤ ਨੇ Àਨ੍ਹਾਂ ਨੂੰ ਗੀਤਾ ਦੀ ਮਾਂਗ ਵਿਚ ਸਿੰਧੂਰ ਭਰਨ ਲਈ ਕਿਹਾ ਤਾਂ ਸਿੰਧੂਰ ਨਾ ਹੋਣ ਕਰਕੇ ਸ਼ੰਮੀ ਪ੍ਰੇਸ਼ਾਨ ਹੋ ਗਏ। ਇਸ ''ਤੇ ਗੀਤਾ ਨੇ ਆਪਣੇ ਪਰਸ ਵਿਚੋਂ ਲਿਪਸਟਿਕ ਕੱਢ ਕੇ ਸ਼ੰਮੀ ਨੂੰ ਫੜਾਈ ਅਤੇ ਸ਼ੰਮੀ ਨੇ ਲਿਪਸਟਿਕ ਦਾ ਸਿੰਧੂਰ ਭਰ ਕੇ ਗੀਤਾ ਨੂੰ ਆਪਣੀ ਜੀਵਨ ਸਾਥਣ ਬਣਾ ਲਿਆ। 
ਗੀਤਾ ਨਾਲ ਵਿਆਹ ਤੋਂ ਬਾਅਦ ਤਾਂ ਸ਼ੰਮੀ ਦੀ ਕਿਸਮਤ ਜਾਗ ਉੱਠੀ। ਉਸਦਾ ਕੈਰੀਅਰ ਨਵੀਂ ਉਡਾਨ ਭਰਨ ਲੱਗਾ। ਸਾਲ 1957 ''ਚ ਆਈ ਨਾਸਿਰ ਹੁਸੈਨ ਦੀ ਫਿਲਮ ''ਤੁਮਸਾ ਨਹੀਂ ਦੇਖਾ'' ਦੀ ਸ਼ਾਨਦਾਰ ਕਾਮਯਾਬੀ ਨੇ ਸ਼ੰਮੀ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। 
ਸਾਲ 1965 ਵਿਚ ਜਦੋਂ ਸ਼ੰਮੀ ਕਪੂਰ ''ਤੀਸਰੀ ਮੰਜਿਲ'' ਦੀ ਆਊਟਡੋਰ ਸ਼ੂਟਿੰਗ ''ਤੇ ਸਨ ਤਾਂ ਗੀਤਾ ਨੂੰ ਚੇਚਕ ਦੀ ਬਿਮਾਰੀ ਹੋ ਗਈ। ਹਾਲਾਂਕਿ ਬੀਮਾਰੀ ਮਾਮੂਲੀ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ। ਗੀਤਾ ਦੀ ਬਿਮਾਰੀ ਦੀ ਖਬਰ ਸੁਣ ਕੇ ਬੌਖਲਾਏ ਹੋਏ ਸ਼ੰਮੀ ਕਪੂਰ ਜਦੋਂ ਹਸਪਤਾਲ ਪੁੱਜੇ ਤਾਂ 107 ਡਿਗਰੀ ਫਾਰਨਹਾਈਟ ਬੁਖਾਰ ਨਾਲ ਤਪ ਰਹੀ ਗੀਤਾ ਉਸਨੂੰ ਪਛਾਣ ਤੋਂ ਵੀ ਅਸਮਰੱਥ ਸੀ। ਉਸਨੂੰ ਬਚਾਇਆ ਨਹੀਂ ਜਾ ਸਕਿਆ। ਗੀਤਾ ਅਤੇ ਸ਼ੰਮੀ ਦੀ ਇਸ ਪ੍ਰੇਮ ਕਹਾਣੀ ਦਾ ਅੰਤ ਉਸੇ ਮੰਦਿਰ ਕੋਲ ਹੋ ਗਿਆ, ਜਿਥੇ ਦੋਵਾਂ 7 ਫੇਰੇ ਲੈ ਕੇ ਜਨਮਾਂ-ਜਨਮਾਂਤਰਾ ਦੇ ਬੰਧਨ ਵਿਚ ਬੱਝੇ ਸਨ।