ਲੜਕੀਆਂ ਬਾਰੇ ਪੁੱਛੇ ਸਵਾਲ ’ਤੇ ਭੜਕੇ ਸ਼ਾਹਰੁਖ ਖ਼ਾਨ, ਜਵਾਬ ਸੁਣ ਤੁਸੀਂ ਵੀ ਹੋਵੋਗੇ ਮੁਰੀਦ

04/01/2021 4:45:16 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਕੱਲ ਆਪਣੇ ਪ੍ਰਸ਼ੰਸਕਾਂ ਨਾਲ ਇਕ ਘੰਟੇ ਦਾ ਟਾਕ ਸੈਸ਼ਨ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਹਾਲਾਂਕਿ ਕੁਝ ਪ੍ਰਸ਼ੰਸਕਾਂ ਨੇ ਅਜਿਹੇ ਸਵਾਲ ਵੀ ਪੁੱਛੇ, ਜਿਸ ’ਤੇ ਸ਼ਾਹਰੁਖ ਭੜਕ ਉਠੇ। ਸ਼ਾਹਰੁਖ ਦੀ ਅਜਿਹੀ ਪ੍ਰਤੀਕਿਰਿਆ ਕੁਝ ਹੱਦ ਤਕ ਜਾਇਜ਼ ਵੀ ਸੀ।

ਅਸਲ ’ਚ ਇਕ ਟਵਿਟਰ ਯੂਜ਼ਰ ਨੇ ਸ਼ਾਹਰੁਖ ਕੋਲੋਂ ਹਿੰਦੀ ਸ਼ਬਦ ‘ਪਟਾਨਾ’ ਦੀ ਵਰਤੋਂ ਕਰਦਿਆਂ ਪੁੱਛਿਆ, ‘ਲੜਕੀ ਪਟਾਨੇ ਕੇ ਲੀਏ ਏਕ-ਦੋ ਟਿਪਸ ਦੋ।’ ਇਸ ’ਤੇ ਸ਼ਾਹਰੁਖ ਨੇ ਜਵਾਬ ਦਿੰਦਿਆਂ ਕਿਹਾ, ‘ਕਿਰਪਾ ਕਰਕੇ ਤੁਸੀਂ ਉਨ੍ਹਾਂ ਲਈ ‘ਪਟਾਨਾ’ ਸ਼ਬਦ ਦੀ ਵਰਤੋਂ ਨਾ ਕਰੋ। ਤੁਸੀਂ ਉਨ੍ਹਾਂ ਦਾ ਸਨਮਾਨ ਕਰੋ ਤੇ ਅਦਬ ਨਾਲ ਪੇਸ਼ ਆਓ।’

ਸ਼ਾਹਰੁਖ ਨੇ ਇਹ ਟਾਕ ਸੈਸ਼ਨ ਟਵਿਟਰ ਯੂਜ਼ਰਸ ਲਈ ਰੱਖਿਆ ਸੀ। ਟਾਕ ਸੈਸ਼ਨ ਦੌਰਾਨ ਸ਼ਾਹਰੁਖ ਨੇ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2021 ’ਚ ਉਨ੍ਹਾਂ ਦੀਆਂ ਵੀ ਫ਼ਿਲਮਾਂ ਆਉਣ ਵਾਲੀਆਂ ਹਨ। ਉਨ੍ਹਾਂ ਲਿਖਿਆ, ‘ਇਹ ਸਾਲ ਸਾਡੇ ਤੇ ਤੁਹਾਡੇ ਲਈ ਖਾਸ ਰਹਿਣ ਵਾਲਾ ਹੈ। ਅਸੀਂ ਇਸ ਸਾਲ ਤੁਹਾਨੂੰ ਖੁਸ਼ ਹੋਣ ਦਾ ਮੌਕਾ ਜ਼ਰੂਰ ਦੇਵਾਂਗੇ।’

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਾਲ ਫ਼ਿਲਮ ‘ਪਠਾਨ’ ’ਚ ਨਜ਼ਰ ਆ ਸਕਦੇ ਹਨ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਸਲਮਾਨ ਖ਼ਾਨ ਵੀ ਨਜ਼ਰ ਆਉਣਗੇ। ਸਾਲਾਂ ਬਾਅਦ ਸਲਮਾਨ ਤੇ ਸ਼ਾਹਰੁਖ ਦੀ ਜੋੜੀ ਕਿਸੇ ਫ਼ਿਲਮ ’ਚ ਨਜ਼ਰ ਆਵੇਗੀ। ਉਥੇ ਦੋਵਾਂ ਦੇ ਪ੍ਰਸ਼ੰਸਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਦੱਸਣਯੋਗ ਹੈ ਕਿ ਸ਼ਾਹਰੁਖ ਆਖਰੀ ਵਾਰ ਫ਼ਿਲਮ ‘ਜ਼ੀਰੋ’ ’ਚ ਨਜ਼ਰ ਆਏ ਸਨ ਪਰ ਦਰਸ਼ਕਾਂ ਨੂੰ ਇਹ ਫ਼ਿਲਮ ਕੁਝ ਖ਼ਾਸ ਪਸੰਦ ਨਹੀਂ ਆਈ ਸੀ। ਇਸ ਤੋਂ ਬਾਅਦ ਸ਼ਾਹਰੁਖ ਨੇ ਕੁਝ ਸਮੇਂ ਲਈ ਬ੍ਰੇਕ ਲਿਆ ਸੀ। ਸਾਲ 2020 ’ਚ ਕੋਰੋਨਾ ਮਹਾਮਾਰੀ ਕਾਰਨ ਸ਼ਾਹਰੁਖ ਨੇ ਉਸ ਸਾਲ ਫ਼ਿਲਮ ਨਾ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਜਿਵੇਂ ਹੀ ਹਾਲਾਤ ਸਾਧਾਰਨ ਹੋਣਗੇ, ਉਹ ਪ੍ਰਸ਼ੰਸਕਾਂ ਨਾਲ ਅਗਲੀ ਫ਼ਿਲਮ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਨਗੇ।

ਨੋਟ– ਸ਼ਾਹਰੁਖ ਖ਼ਾਨ ਦੇ ਇਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh