ਗਾਇਕ ਸਤਵਿੰਦਰ ਬੁੱਗਾ ’ਤੇ ਪਰਚਾ ਦਰਜ ਹੋਣ ਮਗਰੋਂ ਭਰਾ ਨੇ 21 ਦਿਨਾਂ ਬਾਅਦ ਕੀਤਾ ਪਤਨੀ ਦਾ ਅੰਤਿਮ ਸੰਸਕਾਰ

01/14/2024 6:43:22 PM

ਫਤਿਹਗੜ੍ਹ ਸਾਹਿਬ (ਜਗਦੇਵ)– ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਭਰਜਾਈ ਤੇ ਭਰਾ ਦਵਿੰਦਰ ਭੋਲੇ ਦੀ ਪਤਨੀ ਅਮਰਜੀਤ ਕੌਰ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਪਿਛਲੇ ਕਾਫ਼ੀ ਸਮੇਂ ਤੋਂ ਸਤਵਿੰਦਰ ਬੁੱਗਾ ਤੇ ਉਸ ਦੇ ਭਰਾ ਦਵਿੰਦਰ ਭੋਲਾ ਦਰਮਿਆਨ ਜ਼ਮੀਨ ਨੂੰ ਲੈ ਕੇ ਵਿਵਾਦ ਤੇ ਝਗੜਾ ਚੱਲਿਆ ਆ ਰਿਹਾ ਸੀ ਤੇ 23 ਦਸੰਬਰ ਨੂੰ ਦੋਵਾਂ ਭਰਾਵਾਂ ਦੀ ਆਪਸੀ ਲੜਾਈ ਦੌਰਾਨ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਡਿੱਗਣ ਕਾਰਨ ਸਿਰ ’ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਲਈ ਦਵਿੰਦਰ ਭੋਲਾ ਨੇ ਕਥਿਤ ਤੌਰ ’ਤੇ ਸਤਵਿੰਦਰ ਬੁੱਗਾ ’ਤੇ ਉਸ ਦੀ ਪਤਨੀ ਨੂੰ ਧੱਕਾ ਮਾਰਨ ਦੇ ਇਲਜ਼ਾਮ ਲਗਾਏ ਸਨ ਤੇ ਦਵਿੰਦਰ ਭੋਲਾ ਨੇ ਆਪਣੇ ਭਰਾ ਸਤਵਿੰਦਰ ਬੁੱਗਾ ’ਤੇ ਪਰਚਾ ਦਰਜ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ।

ਇਸ ਉਪਰੰਤ ਪੁਲਸ ਦੀ ਕਾਰਵਾਈ ਤੋਂ ਨਾਖ਼ੁਸ਼ ਹੋ ਕੇ ਦਵਿੰਦਰ ਭੋਲਾ ਨੇ ਮਾਣਯੋਗ ਹਾਈ ਕੋਰਟ ਦਾ ਰੁਖ਼ ਕੀਤਾ ਤੇ ਹਾਈ ਕੋਰਟ ਦੇ ਹੁਕਮਾਂ ਤਹਿਤ ਡਾਕਟਰਾਂ ਦੇ ਪੰਜ ਮੈਂਬਰੀ ਬੋਰਡ ਵਲੋਂ 14 ਦਿਨਾਂ ਬਾਅਦ ਅਮਰਜੀਤ ਕੌਰ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ 6 ਜਨਵਰੀ ਨੂੰ ਪੋਸਟਮਾਰਟਮ ਕਰ ਦਿੱਤਾ ਗਿਆ ਸੀ। ਇਸ ਉਪਰੰਤ ਜਦੋਂ ਦਵਿੰਦਰ ਭੋਲਾ ਨੇ ਆਪਣੀ ਪਤਨੀ ਅਮਰਜੀਤ ਕੌਰ ਦੀ ਲਾਸ਼ ਨੂੰ ਆਪਣੇ ਘਰ ਲਿਆਂਦਾ ਤਾਂ ਘਰ ਆਉਂਦਿਆਂ ਸਾਰ ਹੀ ਸਾਰੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ਤੇ ਜਦੋਂ ਤੱਕ ਸਤਵਿੰਦਰ ਬੁੱਗਾ ’ਤੇ ਪਰਚਾ ਦਰਜ ਨਹੀਂ ਹੁੰਦਾ, ਉਹ ਲਾਸ਼ ਨੂੰ ਆਪਣੇ ਘਰ ’ਚ ਡੀ-ਫਰੀਜ਼ਰ ’ਚ ਹੀ ਲਗਾ ਕੇ ਰੱਖਣਗੇ।

ਇਹ ਖ਼ਬਰ ਵੀ ਪੜ੍ਹੋ : ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ

ਇਸ ਉਪਰੰਤ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਸ ਥਾਣਾ ਬਡਾਲੀ ਆਲਾ ਸਿੰਘ ਨੇ ਸਤਵਿੰਦਰ ਬੁੱਗਾ ਤੇ 13 ਜਨਵਰੀ ਨੂੰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਤੇ ਅੱਜ ਦਵਿੰਦਰ ਭੋਲਾ ਵਲੋਂ ਆਪਣੀ ਪਤਨੀ ਅਮਰਜੀਤ ਕੌਰ ਦਾ 21 ਦਿਨਾਂ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਥੇ ਇਹ ਦੱਸਣਾ ਬਣਦਾ ਹੈ ਕਿ ਗਾਇਕ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਭੋਲਾ ਵਲੋਂ ਉਸ ਦੀ ਪਤਨੀ ਦੀ ਮੌਤ ਲਈ ਕਥਿਤ ਤੌਰ ’ਤੇ ਦੋਸ਼ ਸਤਵਿੰਦਰ ਬੁੱਗਾ ’ਤੇ ਲਗਾਏ ਗਏ ਸਨ ਤੇ ਆਖਰਕਾਰ ਲਗਭਗ 20 ਦਿਨਾਂ ਬਾਅਦ ਪੁਲਸ ਥਾਣਾ ਬਡਾਲੀ ਆਲਾ ਸਿੰਘ ’ਚ ਧਾਰਾਵਾਂ 304, 323, 341, 506 ਤੇ 34 ਦੇ ਤਹਿਤ ਸਤਵਿੰਦਰ ਬੁੱਗਾ ਤੇ ਉਸ ਦੇ 2 ਹੋਰ ਸਾਥੀਆਂ ’ਤੇ ਪਰਚਾ ਦਰਜ ਕੀਤੇ ਜਾਣ ਉਪਰੰਤ ਹੀ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਉਥੇ ਅੰਤਿਮ ਸੰਸਕਾਰ ਕਰਨ ਉਪਰੰਤ ਦਵਿੰਦਰ ਭੋਲਾ ਨੇ ਕਿਹਾ ਕਿ ਉਸ ਨੂੰ ਮਾਣਯੋਗ ਅਦਾਲਤਾਂ ਪਾਸੋਂ ਇਨਸਾਫ਼ ਦੀ ਪੂਰੀ ਉਮੀਦ ਹੈ ਤੇ ਉਹ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਤੇ ਅੱਗੋਂ ਵੀ ਉਹ ਇਨਸਾਫ ਦੀ ਉਮੀਦ ਰੱਖਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh