ਸਰਬਜੀਤ ਚੀਮਾ ਨੇ ਸੁਰਿੰਦਰ ਛਿੰਦਾ ਦੀ ਸਿਹਤ ਸਬੰਧੀ ਸਾਂਝੀ ਕੀਤੀ ਜਾਣਕਾਰੀ, ਦੱਸਿਆ ਕਿਹੋ ਜਿਹੀ ਹੈ ਹਾਲਤ

07/15/2023 3:45:12 PM

ਜਲੰਧਰ (ਬਿਊਰੋ) : 80-90 ਦੇ ਦਹਾਕੇ ਦੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬੀ ਗਾਇਕ ਸਰਬਜੀਤ ਸਿੰਘ ਚੀਮਾ ਨੇ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, ''ਆਓ ਵਾਹਿਗੁਰੂ ਅੱਗੇ ਅਰਦਾਸ ਕਰੀਏ🙏🏻 ਦੋਸਤੋ ਮੇਰੀ ਅੱਜ ਸੁਰਿੰਦਰ ਸ਼ਿੰਦਾ ਭਾਜੀ ਹੋਰਾਂ ਦੇ ਬੇਟੇ ਮਨਿੰਦਰ ਨਾਲ ਗੱਲ ਹੋਈ ਹੈ। ਮਨਿੰਦਰ ਨੇ ਦੱਸਿਆ ਕੇ ਸ਼ਿੰਦਾ ਭਾਜੀ ਹੁਣ ਕਾਫ਼ੀ ਠੀਕ ਹਨ ਅਤੇ ਉਹ ਜਲਦੀ ਘਰ ਆ ਜਾਣਗੇ। ਅਸੀਂ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਨੂੰ ਰੱਬ ਲੰਮੀ ਉਮਰ ਬਖਸ਼ੇ। ਸ਼ਿੰਦਾ ਭਾਜੀ ਹੋਰਾਂ ਨੇ ਪੰਜਾਬੀ ਸੰਗੀਤ ਵਿਚ ਇਹੋ ਜਿਹੇ ਮੀਲ ਪੱਥਰ ਗੱਡੇ ਹੋਏ ਹਨ, ਉਨ੍ਹਾਂ ਦਾ ਕੋਈ ਸਾਂਨੀ ਨਈਂ ਹੈ। ਚੜ੍ਹਦੀਕਲਾ 🙏🏻।''



ਦੱਸ ਦਈਏ ਕਿ ਬੀਤੇ ਹਫ਼ਤੇ ਖ਼ਬਰਾਂ ਆਈਆਂ ਸਨ ਕਿ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿਤ ਦੀਪ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਹ ਵੀ ਖ਼ਬਰ ਸੀ ਕਿ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਪਰ ਇਨ੍ਹਾਂ ਖ਼ਬਰਾਂ ਵਿਚਾਲੇ ਹੀ ਉਨ੍ਹਾਂ ਦਾ ਪੁੱਤਰ ਮਨਿੰਦਰ ਛਿੰਦਾ ਆਪਣੇ ਪਿਤਾ ਦੀ ਫੇਸਬੁੱਕ 'ਤੇ ਲਾਈਵ ਹੋਇਆ ਹੈ ਤੇ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ, ''ਮੇਰੇ ਪਿਤਾ ਜੀ ਦੀ ਸਿਹਤ ਬਿਲਕੁਲ ਠੀਕ ਨੇ, ਉਹ ਆਪਣਾ ਇਲਾਜ ਕਰਵਾ ਰਹੇ ਹਨ। ਮੈਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੀਆਂ ਸਿਹਤ ਸਬੰਧੀ ਸਾਰੀਆਂ ਖ਼ਬਰਾਂ ਦਾ ਖੰਡਨ ਕਰਦਾ ਹਾਂ।''



ਦੱਸਣਯੋਗ ਹੈ ਕਿ ਮਸ਼ਹੂਰ ਗਾਇਕ ਸੁਰਿੰਦਰ ਪਾਲ ਧੰਮੀ, ਜਿਨ੍ਹਾਂ ਨੂੰ ਅਸੀਂ ਸੁਰਿੰਦਰ ਛਿੰਦਾ ਵਜੋਂ ਜਾਣਦੇ ਹਾਂ।  ਉਨ੍ਹਾਂ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ 'ਚ ਹੋਇਆ ਸੀ। ਸੁਰਿੰਦਰ ਛਿੰਦਾ ਦਾ ਜਨਮ ਸੁਰਿੰਦਰ ਪਾਲ ਧਾਮ ਦਾ ਜਨਮ ਇੱਕ ਰਾਮਗੜ੍ਹੀਆ ਪਰਿਵਾਰ 'ਚ ਹੋਇਆ ਸੀ। ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ।

sunita

This news is Content Editor sunita