ਸਲਮਾਨ ਖ਼ਾਨ ਦੀ ਇਸ ਫਿਲਮ ਨੇ ਦਿਵਾਈ ਕੈਟਰੀਨਾ ਨੂੰ ਪਛਾਣ, ਜਾਣੋ ਕਿਸ ਤਰ੍ਹਾਂ ਬਣੀ ਟਾਪ ਅਦਾਕਾਰਾ

07/16/2021 10:26:17 AM

ਮੁੰਬਈ : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ 16 ਜੁਲਾਈ ਨੂੰ ਆਪਣਾ ਜਨਮਦਿਨ ਮਨਾਉਂਦੀ ਹੈ। ਉਹ ਅੱਜ ਦੇ ਸਮੇਂ ਵਿਚ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ਵਿੱਚੋਂ ਇਕ ਹੈ। ਕੈਟਰੀਨਾ ਕੈਫ ਨੇ ਕਈ ਵੱਡੇ ਅਦਾਕਾਰਾਂ ਨਾਲ ਅਭਿਨੈ ਕਰਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਕੈਟਰੀਨਾ ਕੈਫ ਮਾਡਲਿੰਗ ਕਰਦੀ ਸੀ। ਆਪਣੇ ਮਾਡਲਿੰਗ ਦੇ ਦਿਨਾਂ ਦੌਰਾਨ ਉਸ ਨੂੰ 2003 ਵਿਚ ਆਈ ਫਿਲਮ 'ਬੂਮ' ਵਿਚ ਕੰਮ ਕਰਨ ਦਾ ਮੌਕਾ ਮਿਲਿਆ।


ਇਸ ਫਿਲਮ 'ਚ ਕੈਟਰੀਨਾ ਕੈਫ ਦੇ ਬੋਲਡ ਅੰਦਾਜ਼ ਨੇ ਕਾਫੀ ਸੁਰਖੀਆਂ ਬਟੋਰੀਆਂ। 'ਬੂਮ' ਦੇ ਫਲਾਪ ਹੋਣ ਤੋਂ ਬਾਅਦ ਉਸ ਨੇ ਦੱਖਣੀ ਸਿਨੇਮਾ ਵੱਲ ਮੁੜਨ ਦਾ ਫੈਸਲਾ ਕੀਤਾ। ਉਸਨੇ ਤੇਲਗੂ ਫਿਲਮ 'ਮੱਲਿਸਵਰੀ' ਵਿਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਬਾਲੀਵੁੱਡ ਫਿਲਮ 'ਸਰਕਾਰ' 'ਚ ਨਜ਼ਰ ਆਈ। ਹਾਲਾਂਕਿ ਇਸ ਫਿਲਮ ਵਿਚ ਕੈਟਰੀਨਾ ਕੈਫ ਦੀ ਇਕ ਛੋਟੀ ਜਿਹੀ ਭੂਮਿਕਾ ਸੀ। ਉਸ ਨੂੰ ਬਾਲੀਵੁੱਡ ਵਿਚ ਆਪਣੀ ਅਸਲ ਪਛਾਣ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕੀਆ' ਤੋਂ ਮਿਲੀ।


ਫਿਲਮ 'ਮੈਨੇ ਪਿਆਰ ਕੀਆ' ਸਾਲ 2005 ਵਿਚ ਆਈ ਸੀ। ਇਸ ਤੋਂ ਬਾਅਦ ਕੈਟਰੀਨਾ ਕੈਫ ਨੇ 'ਹਮਕੋ ਦੀਵਾਨਾ ਕਰ ਗੇਏ', 'ਨਮਸਤੇ ਲੰਡਨ', 'ਵੈਲਕਮ', 'ਰਾਜਾਨੀਤੀ' ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਕਈ ਵੱਡੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਅੱਜ ਦੇ ਸਮੇਂ ਵਿਚ, ਕੈਟਰੀਨਾ ਕੈਫ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੀਆਂ ਅਦਾਕਾਰਾਂ ਵਿੱਚੋਂ ਇਕ ਹੈ। ਫਿਲਮਾਂ ਤੋਂ ਇਲਾਵਾ ਕੈਟਰੀਨਾ ਕੈਫ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਵਿਚ ਰਹਿੰਦੀ ਹੈ। ਉਸ ਦੇ ਕਈ ਸਿਤਾਰਿਆਂ ਨਾਲ ਅਫੇਅਰ ਦੀਆਂ ਖਬਰਾਂ ਆਈਆਂ ਹਨ।


ਸਲਮਾਨ ਖਾਨ ਅਤੇ ਰਣਬੀਰ ਕਪੂਰ ਤੋਂ ਇਲਾਵਾ ਕੈਟਰੀਨਾ ਕੈਫ ਦਾ ਨਾਮ ਅਕਸ਼ੈ ਕੁਮਾਰ ਨਾਲ ਵੀ ਜੁੜਿਆ ਰਿਹਾ ਹੈ। ਹਾਲਾਂਕਿ ਅਦਾਕਾਰਾ ਖੁਦ ਅਤੇ ਇਨ੍ਹਾਂ ਸਿਤਾਰਿਆਂ ਨੇ ਆਪਣੇ ਰਿਸ਼ਤੇ ਬਾਰੇ ਕਦੇ ਖੁਲਾਸਾ ਨਹੀਂ ਕੀਤਾ। ਕੈਟਰੀਨਾ ਕੈਫ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਬ੍ਰਿਟਿਸ਼-ਭਾਰਤੀ ਮੂਲ ਦੀ ਹੈ। ਕੈਟਰੀਨਾ ਕੈਫ ਦਾ ਜਨਮ ਸਾਲ 1983 ਵਿਚ ਹਾਂਗਕਾਂਗ ਵਿਚ ਹੋਇਆ ਸੀ। ਉਸਦਾ ਪੂਰਾ ਨਾਮ Katrina Turquotte ਹੈ। ਉਸ ਦੇ ਪਿਤਾ ਦਾ ਨਾਮ ਮੁਹੰਮਦ ਕੈਫ ਹੈ, ਜੋ ਕਸ਼ਮੀਰ ਮੂਲ ਦਾ ਹੈ, ਜਦਕਿ ਉਸ ਦੀ ਮਾਂ ਦਾ ਨਾਮ ਸੁਜ਼ੈਨ ਹੈ, ਜੋ ਬ੍ਰਿਟਿਸ਼ ਮੂਲ ਦੀ ਹੈ।


ਕੈਟਰੀਨਾ ਦਾ ਪਰਿਵਾਰ ਬਹੁਤ ਵੱਡਾ ਹੈ। ਉਸ ਦੀਆਂ ਤਿੰਨ ਵੱਡੀਆਂ ਭੈਣਾਂ ਅਤੇ ਤਿੰਨ ਛੋਟੀਆਂ ਭੈਣਾਂ ਤੋਂ ਇਲਾਵਾ ਇਕ ਵੱਡਾ ਭਰਾ ਹੈ। ਆਪਣੀ ਡੈਬਿਊ ਫਿਲਮ ਬੂਮ ਵਿਚ ਫਿਲਮ ਦੀ ਨਿਰਮਾਤਾ ਆਇਸ਼ਾ ਸ਼੍ਰੌਫ ਨੇ ਉਸਦਾ ਨਾਮ Katrina Turquotte ਤੋਂ ਬਦਲ ਕੇ ਕੈਟਰੀਨਾ ਕੈਫ ਰੱਖ ਦਿੱਤਾ ਕਿਉਂਕਿ ਉਹ ਭਾਰਤ ਵਿਚ ਬੋਲਣਾ ਆਸਾਨ ਹੈ। ਪਹਿਲਾਂ ਉਸ ਦਾ ਨਾਮ ਕੈਟਰੀਨਾ ਕਾਜੀ ਰੱਖਣਾ ਸੀ ਪਰ ਬਾਅਦ ਵਿਚ ਇਸ ਨਾਮ ਨੂੰ ਬਦਲ ਕੇ ਕੈਟਰੀਨਾ ਕੈਫ ਰੱਖ ਦਿੱਤਾ ਗਿਆ।

Aarti dhillon

This news is Content Editor Aarti dhillon