ਗੀਤ ’ਤੇ ਵਿਵਾਦ ਭਖਦਾ ਦੇਖ ਰਣਜੀਤ ਬਾਵਾ ਨੇ ਡਿਲੀਟ ਕੀਤੇ ਵਿਵਾਦਿਤ ਬੋਲ (ਵੀਡੀਓ)

05/05/2021 3:37:56 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਣਜੀਤ ਬਾਵਾ ਇਨ੍ਹੀਂ ਦਿਨੀਂ ਆਪਣੇ ਗੀਤ ‘ਕਿੰਨੇ ਆਏ ਕਿੰਨੇ ਗਏ 2’ ਕਾਰਨ ਵਿਵਾਦਾਂ ’ਚ ਹਨ। ਦਰਅਸਲ ਗੀਤ ’ਚ ਗੀਤਕਾਰ ਲਵਲੀ ਨੂਰ ਵਲੋਂ ਸ਼ੇਰ ਸਿੰਘ ਰਾਣਾ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ’ਤੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ। ਲੋਕਾਂ ਦਾ ਕਹਿਣਾ ਹੈ ਕਿ ਸ਼ੇਰ ਸਿੰਘ ਰਾਣਾ ਫੂਲਨ ਦੇਵੀ ਦਾ ਕਾਤਲ ਹੈ ਤੇ ਇਕ ਔਰਤ ਦੇ ਕਾਤਲ ਨੂੰ ਗੀਤ ’ਚ ਮਾਣ ਨਾਲ ਪੇਸ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ਬੈਨ ਤੋਂ ਬਾਅਦ ਕੀ ਇਸ ਐਪ ’ਤੇ ਸਰਗਰਮ ਹੋਵੇਗੀ ਕੰਗਨਾ ਰਣੌਤ?

ਹਾਲਾਂਕਿ ਰਣਜੀਤ ਬਾਵਾ ਤੇ ਲਵਲੀ ਨੂਰ ਵਲੋਂ ਇਸ ’ਤੇ ਸਪੱਸ਼ਟੀਕਰਨ ਵੀ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ੇਰ ਸਿੰਘ ਰਾਣਾ ਦਾ ਨਾਂ ਗੀਤ ’ਚ ਪ੍ਰਿਥਵੀ ਰਾਜ ਚੌਹਾਨ ਦੀਆਂ ਅਸਥੀਆਂ ਅਫਗਾਨ ਤੋਂ ਭਾਰਤ ਵਾਪਸ ਲੈ ਕੇ ਆਉਣ ਦੇ ਜਜ਼ਬੇ ਨੂੰ ਸਨਮਾਨ ਕਰਨ ਲਈ ਹੀ ਵਰਤਿਆ ਗਿਆ ਸੀ।

ਦੋਵਾਂ ਦੇ ਇਸ ਬਿਆਨ ਤੋਂ ਬਾਅਦ ਵੀ ਗੀਤ ’ਤੇ ਵਿਵਾਦ ਖ਼ਤਮ ਨਹੀਂ ਹੋਇਆ ਤੇ ਹੁਣ ਰਣਜੀਤ ਬਾਵਾ ਨੂੰ ਗੀਤ ’ਚੋਂ ਉਕਤ ਬੋਲ ਕੱਟਣੇ ਪਏ ਹਨ। ਹੁਣ ਸ਼ੇਰ ਸਿੰਘ ਰਾਣਾ ਦੀ ਤਸਵੀਰ ਗੀਤ ’ਚ ਜ਼ਰੂਰ ਦਿਖਾਈ ਦੇ ਰਹੀ ਹੈ ਪਰ ਬੋਲਾਂ ਦੀ ਥਾਂ ਸਿਰਫ ਮਿਊਜ਼ਿਕ ਹੀ ਸੁਣਾਈ ਦਿੰਦਾ ਹੈ।

ਦੱਸਣਯੋਗ ਹੈ ਕਿ ਰਣਜੀਤ ਬਾਵਾ ਪਹਿਲਾਂ ਵੀ ਆਪਣੇ ਗੀਤ ‘ਮੇਰਾ ਕੀ ਕਸੂਰ’ ਕਾਰਨ ਵਿਵਾਦਾਂ ’ਚ ਰਹਿ ਚੁੱਕੇ ਹਨ। ਇਸ ਗੀਤ ਦਾ ਵਿਵਾਦ ਇੰਨਾ ਵੱਧ ਗਿਆ ਸੀ ਕਿ ਰਣਜੀਤ ਬਾਵਾ ਨੂੰ ਇਹ ਗੀਤ ਆਪਣੇ ਯੂਟਿਊਬ ਚੈਨਲ ਤੋਂ ਡਿਲੀਟ ਕਰਨਾ ਪੈ ਗਿਆ ਸੀ।

ਨੋਟ– ਗੀਤ ’ਚੋਂ ਬੋਲ ਡਿਲੀਟ ਕਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh