ਗਾਇਕ ਸੁਰਿੰਦਰ ਛਿੰਦਾ ਨੇ ਇਨ੍ਹਾਂ ਗੀਤਾਂ ਨਾਲ ਕਾਇਮ ਕੀਤੇ ਗਾਇਕੀ ਦੇ ਨਵੇਂ ਮਾਪਦੰਡ, ਤੁਸੀਂ ਮਾਰੋ ਇਕ ਨਜ਼ਰ (ਵੀਡੀਓ)

07/26/2023 11:10:52 AM

ਚੰਡੀਗੜ੍ਹ (ਬਿਊਰੋ) : ਸੁਰਾਂ ਨਾਲ ਸਰੋਤਿਆਂ ਨੂੰ ਕਾਇਲ ਕਰਨ ਵਾਲੇ ਸੁਰਿੰਦਰ ਛਿੰਦਾ ਨੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 80-90 ਦੇ ਦਹਾਕੇ 'ਚ ਉਨ੍ਹਾਂ ਕੋਲ ਕੋਈ ਪਲੇਟਫਾਰਮ ਨਹੀਂ ਸੀ ਪਰ ਉਨਾਂ ਨੇ ਆਪਣੀ ਮਿਹਨਤ ਦੇ ਸਦਕਾ ਉਹ ਮੁਕਾਮ ਹਾਸਲ ਕੀਤਾ, ਜਿਸ ਨੂੰ ਪਾਉਣ ਲਈ ਉਨ੍ਹਾਂ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ। ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ 'ਪੰਜਾਬੀ ਸੰਗੀਤ ਜਗਤ' ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। 

ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦਾ ਇਹ ਗੀਤ ਉਸ ਸਮੇਂ ਕਾਫੀ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ।  1972-73 'ਚ ਸੁਰਿੰਦਰ ਛਿੰਦਾ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨੇ ਬਹੁਤ ਸੰਘਰਸ਼ ਕੀਤਾ। ਪ੍ਰਸਿੱਧ ਕੰਪਨੀ ਐੱਚ. ਐੱਮ. ਵੀ. ਨੇ ਉਨ੍ਹਾਂ ਦਾ ਪਹਿਲਾ ਰਿਕਾਰਡ, 'ਘੱਗਰਾ ਸੂਫ ਦਾ' ਤਿਆਰ ਕੀਤਾ ਅਤੇ ਫਿਰ ਹੌਲੀ-ਹੌਲੀ ਉਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋਇਆ। ਇਨ੍ਹਾਂ ਗੀਤਾਂ 'ਚੋਂ 'ਦੋ ਊਠਾਂ ਵਾਲੇ ਨੀਂ', 'ਜੰਞ ਚੜ੍ਹੀ ਅਮਲੀ ਦੀ', 'ਬੱਦਲਾਂ ਨੂੰ ਪੁੱਛ ਗੋਰੀਏ', 'ਜਿਊਣਾ ਮੋੜ', 'ਉੱਚਾ ਬੁਰਜ ਲਾਹੌਰ ਦਾ', 'ਜੱਟ ਮਿਰਜ਼ਾ ਖਰਲਾਂ ਦਾ', 'ਸੁੱਚਾ ਸੂਰਮਾ', 'ਤਾਰਾ ਰੋਂਦੀ ਤੇ ਕਰਲਾਉਂਦੀ', 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ', 'ਮਾਲਵੇ ਦੇ ਜੱਟ', 'ਮੈਂ ਕਿਹੜੀ ਖੁਦਾਈ ਮੰਗ ਲਈ', 'ਦਿੱਲੀ ਸ਼ਹਿਰ ਦੀਆਂ ਕੁੜੀਆਂ' ਆਦਿ ਜ਼ਿਕਰਯੋਗ ਹਨ। ਛਿੰਦਾ ਨੇ ਅਨੇਕਾਂ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਅਤੇ ਸੰਗੀਤ ਵੀ ਦਿੱਤਾ ਅਤੇ ਇੱਕ ਹਿੰਦੀ ਫ਼ਿਲਮ 'ਚ ਵੀ ਗੀਤ ਗਾਉਣ ਦਾ ਮਾਣ ਮਿਲਿਆ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ 'ਚ ਨਵੇਂ ਤਜਰਬੇ ਵੀ ਕੀਤੇ ਜੋ ਸਫ਼ਲ ਰਹੇ।

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੁਰਿੰਦਰ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਸੀ ਤਾਂ ਉਸ ਸਮੇਂ ਦੇ ਹੋਰ ਚਰਚਿਤ ਗਾਇਕਾਂ ਨੂੰ ਆਪਣਾ ਫ਼ਿਕਰ ਪੈ ਜਾਂਦਾ ਸੀ। ਉਨ੍ਹਾਂ ਦੀ ਗਾਇਕੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਸ ਨੇ ਲੋਕ-ਗਾਥਾਵਾਂ ਗਾਈਆਂ ਜਾਂ ਦੋਗਾਣੇ ਗਾਏ ਪਰ ਉਨ੍ਹਾਂ 'ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਸੁਰਿੰਦਰ ਛਿੰਦੇ ਦੇ ਕਈ ਗੀਤ ਇੰਨੇ ਮਕਬੂਲ ਹੋਏ ਕਿ ਉਨ੍ਹਾਂ ਨੇ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕੀਤੇ। ਇਹ ਸੁਰਿੰਦਰ ਛਿੰਦਾ ਦੇ ਹਿੱਟ ਗੀਤ ਹਨ, ਜਿਨ੍ਹਾਂ ਨੂੰ ਲੋਕ ਆਉਣ ਵਾਲੇ ਕਈ ਦਹਾਕਿਆਂ ਤੱਕ ਯਾਦ ਰੱਖਣਗੇ-

ਘੱਗਰਾ ਸੂਫ ਦਾ

ਢੋਲਾ ਵੇ ਢੋਲਾ ਹਾਏ ਢੋਲਾ

ਬਦਲਾ ਲੈ ਲਈਂ ਸੋਹਣਿਆਂ

 

ਨਵਾਂ ਲੈ ਲਿਆ ਟਰੱਕ

ਪੁੱਤ ਜੱਟਾਂ ਦੇ

ਉੱਚਾ ਦਰ ਬਾਬੇ ਨਾਨਕ ਦਾ

ਜਿਊਣਾ ਮੌੜ

ਘੁੰਡ ਚੱਕ ਦੇ 

ਯਾਰੀਆਂ ਕਮਾਈਆਂ

ਪਿਆਰ 'ਚ ਬੁਰੀ ਜੁਦਾਈ ਲੋਕੋਂ

ਰਨ ਚੜ੍ਹਦੀ ਉਮਰੇ

ਕਲੀ 

ਇਹ ਸਾਡਾ ਪੰਜਾਬ

 

sunita

This news is Content Editor sunita