ਗਾਇਕਾ ਨਿਮਰਤ ਖਹਿਰਾ ਇਤਿਹਾਸਕ ਫ਼ਿਲਮ ''ਚ ਨਿਭਾਏਗੀ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ, ਵੇਖੋ ਪਹਿਲੀ ਝਲਕ

10/06/2023 1:39:32 PM

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕੀ ਨੂੰ ਚਾਰ-ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ-ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ। ਨਿਮਰਤ ਖਹਿਰਾ ਨੇ ਹਾਲ ਹੀ 'ਚ ਆਪਣੀ ਐਲਬਮ 'ਮਾਣਮੱਤੀ' ਦੀ ਰਿਲੀਜ਼ਿੰਗ ਡੇਟ ਦਾ ਬੀਤੇ ਦਿਨੀਂ ਹੀ ਖੁਲਾਸਾ ਕੀਤਾ ਸੀ। ਹੁਣ ਨਿਮਰਤ ਖਹਿਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ, ਜਿਸ ਨੂੰ ਜਾਣ ਕੇ ਉਸ ਨੂੰ ਚਾਹੁਣ ਵਾਲੇ ਬਾਗੋ-ਬਾਗ ਹੋ ਜਾਣਗੇ। 

ਦਰਅਸਲ, ਨਿਮਰਤ ਖਹਿਰਾ ਵੱਡੇ ਪਰਦੇ 'ਤੇ ਮਹਾਰਾਣੀ ਜਿੰਦ ਕੌਰ ਦੇ ਕਿਰਦਾਰ 'ਚ ਨਜ਼ਰ ਆਵੇਗੀ। ਜੀ ਹਾਂ, ਨਿਮਰਤ ਖਹਿਰਾ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਪੋਸਟਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਹੈ। ਨਿਮਰਤ ਖਹਿਰਾ 'ਮਹਾਰਾਣੀ ਜਿੰਦ ਕੌਰ' ਨਾਂ ਦੀ ਫ਼ਿਲਮ 'ਚ ਮਹਾਰਾਣੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਹਾਲਾਂਕਿ ਇਸ ਫ਼ਿਲਮ ਲਈ ਪ੍ਰਸ਼ੰਸਕਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਫ਼ਿਲਮ 2025 'ਚ ਰਿਲੀਜ਼ ਹੋਣ ਜਾ ਰਹੀ ਹੈ। 

ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 'ਚ 1992 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਖਹਿਰਾ ਨੇ ਹੁਣ ਤੱਕ ਜੋ ਵੀ ਸਰੋਤਿਆਂ ਦੀ ਝੋਲੀ 'ਚ ਗੀਤ ਪਾਏ ਹਨ, ਉਨ੍ਹਾਂ 'ਚ ਉਸ ਨੇ ਸੱਭਿਆਚਾਰਕ ਗੀਤਾਂ ਦੀਆਂ ਲੜੀਆਂ ਨੂੰ ਹੀ ਪਰਾਓ ਕੇ ਪਾਇਆ ਹੈ। ਨਿਮਰਤ ਖਹਿਰਾ ਉਨ੍ਹਾਂ ਨਾਮੀ ਗਾਇਕਾਂ 'ਚ ਮਸ਼ਹੂਰ ਹੈ, ਜੋ ਸਾਫ-ਸੁਥਰੀ ਤੇ ਸੱਭਿਆਚਾਰਕ ਗਾਇਕੀ ਨਾਲ ਜਾਣੇ ਜਾਂਦੇ ਹਨ।

ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ. ਏ. ਦੀ ਪੜ੍ਹਾਈ ਐੱਚ. ਐੱਮ. ਵੀ. ਕਾਲਜ ਤੋਂ ਪੂਰੀ ਕੀਤੀ। ਉਨ੍ਹਾਂ ਦਾ ਪਹਿਲਾ ਗੀਤ 'ਰੱਬ ਕਰਕੇ' ਨਿਸ਼ਾਂਤ ਭੁੱਲਰ ਨਾਲ ਆਇਆ ਸੀ। ਦੂਜਾ ਗੀਤ 'ਐੱਸ. ਪੀ. ਦੇ ਰੈਂਕ' ਵੀ ਹਿੱਟ ਗੀਤ ਸੀ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ। ਸਾਲ 2012 'ਚ ਕਰਵਾਏ ਗਏ ਸ਼ੋਅ 'ਵਾਇਸ ਆਫ਼ ਪੰਜਾਬ' 'ਚ ਭਾਗ ਲੈ ਕੇ 'ਵਾਇਸ ਆਫ਼ ਪੰਜਾਬ' ਦਾ ਖ਼ਿਤਾਬ ਜਿੱਤਿਆ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ। ਯੂਥ ਫੈਸਟੀਵਲਾਂ 'ਚ ਵੀ ਉਹ ਭਾਗ ਲੈਂਦੇ ਸਨ। 

ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ-ਨਾਲ ਫ਼ਿਲਮੀ ਪਰਦੇ 'ਤੇ ਵੀ ਖ਼ੂਬ ਸੌਹਰਤ ਖੱਟੀ। ਉਨ੍ਹਾਂ ਨੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2017 'ਚ 'ਲਾਹੌਰੀਏ' ਨਾਲ ਕੀਤੀ, ਜਿਸ 'ਚ ਉਨ੍ਹਾਂ ਨੇ ਕਿੱਕਰ (ਅਮਰਿੰਦਰ ਗਿੱਲ) ਦੀ ਭੈਣ ਹਰਲੀਨ ਕੌਰ ਦੀ ਭੂਮਿਕਾ ਨਿਭਾਈ। ਇਸ ਫ਼ਿਲਮ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ। ਉਹ ਵੱਖ-ਵੱਖ ਐਵਾਰਡ ਸਮਾਰੋਹਾਂ 'ਚ ਸਰਬੋਤਮ ਡੈਬਿਊ ਪ੍ਰਦਰਸ਼ਨ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਵੀ ਨਾਮਜ਼ਦ ਕੀਤੀ ਗਈ ਸੀ। ਉਨ੍ਹਾਂ ਨੇ ਕਈ ਬਲਾਕਬਸਟਰ ਫ਼ਿਲਮਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਝੋਲੀ 'ਚ ਪਾਈਆਂ, ਜਿਨ੍ਹਾਂ 'ਚ 'ਜੋੜੀ', 'ਸੌਂਕਣ ਸੌਂਕਣੇ', 'ਤੀਜਾ ਪੰਜਾਬ', 'ਅਫ਼ਸਰ', 'ਲਾਹੌਰੀਏ', 'ਚੱਲ ਮੇਰਾ ਪੁੱਤ', 'ਜੇ ਜੱਟ ਵਿਗੜ ਗਿਆ' ਆਦਿ ਹਨ। 

sunita

This news is Content Editor sunita