ਜਦੋਂ ਕਰਨ ਔਜਲਾ ਨੇ ਬਲਕੌਰ ਸਿੰਘ ਨੂੰ ਕਿਹਾ ਸੀ- ਮੈਂ ਤੁਹਾਡਾ ਦੂਜਾ ਪੁੱਤਰ ਹਾਂ, ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ

11/09/2023 12:29:10 PM

ਐਂਟਰਟੇਨਮੈਂਟ ਡੈਸਕ - ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕਰਨ ਔਜਲਾ ਅਤੇ ਮਰਹੂਮ ਸਿੱਧੂ ਮੂਸੇਵਾਲਾ ਵਿਚਾਲੇ ਹੋਏ ਵਿਵਾਦ ਕਾਫ਼ੀ ਲੰਬੇ ਸਮੇਂ ਤਕ ਚਰਚਾ 'ਚ ਰਹੇ। ਦੋਹਾਂ ਗਾਇਕਾਂ ਵੱਲੋਂ ਗੀਤਾਂ ਰਾਹੀਂ ਇਕ ਦੂਜੇ ਨੂੰ ਜਵਾਬ ਦਿੱਤੇ ਜਾਂਦੇ ਸਨ। ਮੂਸੇਵਾਲਾ ਦੀ ਮੌਤ ਤੋਂ ਮਗਰੋਂ ਕਰਨ ਔਜਲਾ ਪਹਿਲੀ ਵਾਰ ਇਸ 'ਤੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਇਹ ਸਭ ਕੁੱਝ ਨਹੀਂ ਸੀ ਹੋਣਾ ਚਾਹੀਦਾ, ਜੋ ਹੋਇਆ ਹੈ। 


ਕਰਨ ਔਜਲਾ ਨੇ ਬਲਕੌਰ ਸਿੰਘ ਨੂੰ ਆਖਿਆ, ਮੈਂ ਤੁਹਾਡਾ ਦੂਜਾ ਪੁੱਤਰ ਹਾਂ...
ਇਕ ਇੰਟਰਵਿਊ ਦੌਰਾਨ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਕਰਨ ਔਜਲਾ ਨੇ ਗੱਲ ਕਰਦਿਆਂ ਕਿਹਾ ਸੀ ਕਿ ਹੁਣ ਮਹਿਸੂਸ ਹੁੰਦਾ ਹੈ ਕਿ ਉਹ ਸਭ ਕੁੱਝ ਕਰਨ ਦੀ ਕੋਈ ਲੋੜ ਨਹੀਂ ਸੀ, ਜੋ ਕੁੱਝ ਸਿੱਧੂ ਤੇ ਉਸ ਦੇ ਪਰਿਵਾਰ ਨਾਲ ਹੋਇਆ। ਇਹ ਸਭ ਕੁਝ ਵੇਖ ਕੇ ਮੇਰਾ ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਅਤੇ ਕੁੱਝ ਵੀ ਕਰਨ ਦਾ ਤਰੀਕਾ ਹੀ ਬਦਲ ਗਿਆ। ਇਸ ਤੋਂ ਇਲਾਵਾ ਕਰਨ ਔਜਲਾ ਨੇ ਆਖਿਆ ਸੀ ਕਿ , "ਮੈਂ 29 ਮਈ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਫ਼ੋਨ ਕੀਤਾ ਸੀ ਤੇ ਉਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਸੀ। ਮੈਂ ਇਸ ਚੀਜ਼ ਲਈ ਮੁਆਫ਼ੀ ਮੰਗੀ ਕਿ ਮੈਂ ਉੱਥੇ ਮੌਜੂਦ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਕਹਾਂ ਪਰ ਮੈਂ ਤੁਹਾਡਾ ਦੂਜਾ ਪੁੱਤਰ ਹਾਂ।" 

ਮੌਤ ਤੋਂ ਪਹਿਲਾਂ ਸਿੱਧੂ ਤੇ ਮੇਰੇ 'ਚ ਸਭ ਠੀਕ ਹੋ ਗਿਆ ਸੀ - ਕਰਨ ਔਜਲਾ
ਦੱਸ ਦਈਏ ਕਿ ਕਰਨ ਔਜਲਾ ਨੇ ਕਿਹਾ ਕਿ ਸਿੱਧੂ ਦੇ ਮਾਪਿਆਂ ਨੂੰ ਜਿੱਥੇ ਵੀ ਲੋੜ ਹੋਵੇਗੀ, ਮੈਂ ਹਮੇਸ਼ਾ ਉੱਥੇ ਖੜ੍ਹਾ ਰਹਾਂਗਾ। ਇਸ ਇੰਟਰਵੀਊ ਦੌਰਾਨ ਕਰਨ ਔਜਲਾ ਨੇ ਦੱਸਿਆ ਹੈ ਕਿ ਉਸ ਨੇ ਸਿੱਧੂ ਦੀ ਮੌਤ ਤੋਂ ਪਹਿਲਾਂ ਉਸ ਨੂੰ ਫ਼ੋਨ ਕਰਕੇ ਸਾਰੇ ਗਿਲੇ-ਸ਼ਿਕਵੇ ਦੂਰ ਕਰ ਲਏ ਸਨ। ਇਸ ਦੌਰਾਨ ਸਿੱਧੂ ਨੇ ਵੀ ਕਿਹਾ ਸੀ ਕਿ ਕੁੱਝ ਲੋਕ ਦੋਹਾਂ ਵਿਚਾਲੇ ਗੱਲਾਂ ਨੂੰ ਵਿਗਾੜ ਰਹੇ ਹਨ। ਕਰਨ ਔਜਲਾ ਨੇ ਆਖਿਆ ਸੀ, "ਮੈਂ ਉਸ ਨੂੰ ਫ਼ੋਨ ਕੀਤਾ ਸੀ ਤੇ ਆਪਣੇ ਵਿਚਾਲੇ ਸਾਰੀਆਂ ਗੱਲਾਂ ਸਾਫ਼ ਕੀਤੀਆਂ। ਇਸ ਨਾਲ ਮੈਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ। ਇਸ ਗੱਲ ਦਾ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਪਤਾ। ਉਸ ਵੇਲੇ ਸਿੱਧੂ ਨੇ ਕਿਹਾ ਸੀ ਕਿ ਕੁੱਝ ਲੋਕ ਹੀ ਹਨ ਜੋ ਦੋਹਾਂ ਵਿਚਾਲੇ ਇਨ੍ਹਾਂ ਗੱਲਾਂ ਨੂੰ ਜ਼ਿਆਦਾ ਵਿਗਾੜ ਰਹੇ ਹਨ। ਉਸ ਤੋਂ ਬਾਅਦ ਸਾਡੇ ਦੋਹਾਂ ਵਿਚਾਲੇ ਸਭ ਕੁੱਝ ਠੀਕ ਰਿਹਾ।"

ਮਾਪਿਆਂ ਦੀ ਮੌਤ ਮੇਰੇ ਲਈ ਬਹੁਤ ਵੱਡਾ ਝਟਕਾ ਸੀ
ਦੱਸਣਯੋਗ ਹੈ ਕਿ ਕਰਨ ਔਜਲਾ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਉੇਹ ਹਮੇਸ਼ਾ ਕੁੱਝ ਨਾ ਕੁੱਝ ਲਿਖਦੇ ਰਹਿੰਦੇ ਸਨ। ਇਸ ਤੋਂ ਬਾਅਦ ਛੋਟੀ ਜਿਹੀ ਉਮਰ ਤੋਂ ਹੀ ਕਰਨ ਔਜਲਾ ਗੀਤ ਲਿਖਣ ਲੱਗ ਪਏ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਵਿਆਹ ਦੇ ਫ਼ੰਕਸ਼ਨ ਵਿਚ ਗਾਇਕ ਜੱਸੀ ਗਿੱਲ ਨਾਲ ਹੋਈ। ਹਾਲਾਂਕਿ ਇਹ ਮੁਲਾਕਾਤ ਪ੍ਰੋਫ਼ੈਸ਼ਨਲ ਨਹੀਂ ਸੀ। ਇਸ ਤੋਂ ਬਾਅਦ ਔਜਲਾ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਚਲੇ ਗਏ। ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸਨ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ। 

sunita

This news is Content Editor sunita