ਜਦੋਂ ਪਹਿਲੇ ਗੀਤ ਲਈ ਕਰਨ ਔਜਲਾ ਨੇ ਭੈਣਾਂ ਤੋਂ ਲਏ ਸਨ 20 ਹਜ਼ਾਰ, ਡਰਦੇ ਮਾਰੇ ਨਹੀਂ ਕੀਤਾ 1 ਸਾਲ ਕੋਈ ਕੰਮ

10/21/2021 3:15:41 PM

ਚੰਡੀਗੜ੍ਹ (ਬਿਊਰੋ) - 'ਗੀਤਾਂ ਦੀ ਮਸ਼ੀਨ' ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਹੁਣ ਵੱਡਾ ਨਾਂ ਬਣ ਚੁੱਕਿਆ ਹੈ। ਉਸ ਦਾ ਹਰ ਗੀਤ ਹਿੱਟ ਹੁੰਦਾ ਹੈ ਅਤੇ ਹਰ ਗਾਣੇ 'ਤੇ ਲੋਕ ਝੂਮਣ ਲੱਗ ਜਾਂਦੇ ਹਨ। ਕਰਨ ਔਜਲਾ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗਾ ਗੀਤਕਾਰ ਵੀ ਹੈ।

ਕਰਨ ਔਜਲਾ ਦੇ ਲਿਖੇ ਗਾਣੇ ਲਗਭਗ ਹਰ ਵੱਡੇ ਗਾਇਕ ਨੇ ਗਾਏ ਹਨ। ਕਰਨ ਔਜਲਾ ਨੇ ਆਪਣੇ ਗੀਤ ਲਿਖਣ ਦੇ ਹੁਨਰ ਨੂੰ ਉਦੋਂ ਪਛਾਣਿਆ ਸੀ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਰੇਂਜ' ਗਾਇਕ ਜੱਸੀ ਗਿੱਲ ਨੂੰ ਦਿੱਤਾ ਸੀ। ਇਸ ਗੀਤ ਤੋਂ ਬਾਅਦ ਕਰਨ ਔਜਲਾ ਨੇ ਆਪਣੀ ਲੇਖਣੀ ਨੂੰ ਹੋਰ ਨਿਖਾਰਿਆ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲਿਖੇ ਪਰ ਜਦੋਂ ਉਨ੍ਹਾਂ ਨੇ ਆਪਣੇ ਲਿਖੇ ਗੀਤ ਖੁਦ ਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। 

ਕਰਨ ਔਜਲਾ ਦਾ ਪਹਿਲਾ ਗੀਤ 'ਸੈੱਲ ਫੋਨ' 2014 'ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਤਿਆਰ ਕਰਨ ਲਈ ਕਰਨ ਔਜਲਾ ਦੇ ਦੋਸਤ ਮੈਕ ਬੈਨੀਪਾਲ ਨੇ ਮਦਦ ਕੀਤੀ ਸੀ। ਗੀਤ ਦੀ ਵੀਡੀਓ ਬਨਾਉਣ ਲਈ ਕਰਨ ਔਜਲਾ ਨੇ ਆਪਣੀਆਂ ਭੈਣਾਂ ਅਤੇ ਦੋਸਤਾਂ ਤੋਂ ਲਗਭਗ 20 ਹਜ਼ਾਰ ਰੁਪਏ ਇੱਕਠੇ ਕੀਤੇ ਸਨ, ਜਿਨ੍ਹਾਂ 'ਚੋਂ ਕੁਝ ਪੈਸੇ ਬੈਨੀਪਾਲ ਨੇ ਵੀ ਪਾਏ ਸਨ। ਕਰਨ ਔਜਲਾ ਨੇ ਇਸ ਗੀਤ ਦੀ ਸ਼ੂਟਿੰਗ ਦੌਰਾਨ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ।

ਸ਼ੂਟਿੰਗ ਦੌਰਾਨ ਕਰਨ ਔਜਲਾ ਸਾਹਮਣੇ ਜਦੋਂ ਵੀ ਕੈਮਰਾ ਆਉਂਦਾ ਤਾਂ ਉਹ ਘਬਰਾ ਜਾਂਦਾ ਸੀ। ਇਸ ਤਰ੍ਹਾਂ ਕਈ ਵਾਰ ਹੋਇਆ ਜਦੋਂ ਕੈਮਰੇ ਨੂੰ ਦੇਖ ਕੇ ਕਰਨ ਔਜਲਾ ਦੇ ਪਸੀਨੇ ਛੁੱਟਣ ਲੱਗ ਜਾਂਦੇ ਸਨ। ਕਰਨ ਔਜਲਾ ਇਸ ਗੀਤ ਦੀ ਸ਼ੂਟਿੰਗ ਤੋਂ ਬਾਅਦ ਇੰਨਾ ਡਰ ਗਿਆ ਕਿ ਉਨ੍ਹਾਂ ਨੇ ਇੱਕ-ਡੇਢ ਸਾਲ ਕੋਈ ਵੀ ਗੀਤ ਨਹੀਂ ਗਾਇਆ ਅਤੇ ਨਾ ਹੀ ਕਿਸੇ ਗੀਤ ਦੀ ਵੀਡੀਓ ਬਣਾਈ।

ਇਸ ਤੋਂ ਬਾਅਦ ਕਰਨ ਔਜਲਾ ਨੇ ਸੋਚਿਆ ਕਿ ਗੀਤ ਗਾਉਣਾ ਅਤੇ ਵੀਡੀਓ 'ਚ ਕੰਮ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ। ਉਹ ਸਿਰਫ਼ ਗੀਤ ਲਿਖ ਹੀ ਸਕਦਾ ਹੈ, ਗਾ ਨਹੀਂ ਸਕਦਾ ਪਰ ਹੌਲੀ-ਹੌਲੀ ਕਰਨ ਔਜਲਾ ਨੇ ਕੈਮਰਾ ਫੇਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਕਰਨ ਔਜਲਾ ਆਪਣੇ ਹਰ ਗੀਤ ਦੀ ਵੀਡੀਓ 'ਚ ਨਜ਼ਰ ਆਉਂਦਾ ਹੈ।

ਨੋਟ - ਕਰਨ ਔਜਲਾ ਦੀ ਇਸ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita