ਜਦੋਂ ਧਰਨੇ ਤੋਂ ਵਾਪਸ ਆਉਂਦਿਆ ਜੱਸ ਬਾਜਵਾ ਨਾਲ ਵਾਪਰਿਆ ਸੀ ਭਿਆਨਕ ਹਾਦਸਾ, ਵਾਲ-ਵਾਲ ਬਚੀ ਸੀ ਜਾਨ

06/25/2021 12:37:13 PM

ਚੰਡੀਗੜ੍ਹ (ਬਿਊਰੋ) - 'ਸਤਰੰਗੀ ਤਿੱਤਲੀ', 'ਦਿਲ ਦੇ ਰਾਜੇ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਜੱਸ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਜੱਸ ਬਾਜਵਾ ਦਾ ਜਨਮ 25 ਜੂਨ, 1988 ਨੂੰ ਮੋਹਾਲੀ 'ਚ ਹੋਇਆ ਸੀ। ਉਨ੍ਹਾਂ ਨੇ ਗਾਇਕੀ 'ਚ ਥੋੜ੍ਹੇ ਸਮੇਂ 'ਚ ਹੀ ਵੱਖਰਾ ਮੁਕਾਮ ਹਾਸਲ ਕਰ ਲਿਆ ਸੀ। ਹੁਣ ਜੱਸ ਬਾਜਵਾ ਪੰਜਾਬੀ ਸੰਗੀਤ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਗਏ ਹਨ। ਜੱਸ ਬਾਜਵਾ ਗੁਰਦਾਸ ਮਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। 

ਜਸਪ੍ਰੀਤ ਸਿੰਘ  ਤੋਂ ਬਣੇ ਜੱਸ ਬਾਜਵਾ
ਦੱਸ ਦੇਈਏ ਕਿ ਜੱਸ ਬਾਜਵਾ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜੱਸ ਬਾਜਵਾ ਮੋਹਾਲੀ, ਪੰਜਾਬ ਦੇ ਰਹਿਣ ਵਾਲੇ ਹਨ। ਉਸ ਦੇ ਗੀਤ 'ਚੱਕਵੀ ਮੰਡੀਰ' ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਨੋਸ ਪਿੰਨ', 'ਯਾਰ ਬੰਬ', 'ਪਤੰਜਲੀ', 'ਕੈਟਵਾਕ', 'ਤੇਰੇ ਟਾਈਮ', 'ਚਕਵੀ ਮੰਡੀਰ', 'ਕਿਸਮਤ', '21 ਨੰਬਰ', 'ਫੀਮ ਦੀ ਡਲੀ', 'ਟੋਲਾ', 'ਅਰਬਨ ਜੀਮੀਂਦਾਰ' ਵਰਗੇ ਗੀਤਾਂ ਨਾਲ ਸ਼ੋਹਰਤ ਹਾਸਲ ਕੀਤੀ। ਜੱਸ ਬਾਜਵਾ ਨੇ ਪਾਲੀਵੁੱਡ ਇੰਡਸਟਰੀ 'ਚ 'ਠੱਗ ਲਾਈਫ' ਨਾਂ ਨਾਲ ਡੈਬਿਊ ਕਰ ਕੀਤਾ। 

ਕਿਸਾਨੀ ਅੰਦੋਲਨ 'ਚ ਵੱਡਾ ਯੋਗਦਾਨ 
ਜੱਸ ਬਾਜਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਰਿਹਾ ਹੈ ਤੇ ਲਗਾਤਾਰ ਕਿਸਾਨਾਂ ਦੇ ਹੱਕ ਦੀ ਲੜਾਈ 'ਚ ਸਾਥ ਦੇ ਰਿਹਾ ਹੈ। ਕਿਸਾਨ ਅੰਦੋਲਨ ਨੂੰ ਹੋਰ ਮਜਬੂਤ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜੱਸ ਬਾਜਵਾ ਵੱਲੋਂ 'ਹੋਕਾ ਮੁਹਿੰਮ' ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜੱਸ ਬਾਜਵਾ ਵੱਖ-ਵੱਖ ਇਲਾਕਿਆਂ 'ਚ ਪਹੁੰਚ ਰਹੇ ਹਨ ਅਤੇ ਲੋਕਾਂ ਨੂੰ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਅਪੀਲ ਕਰ ਰਹੇ ਹਨ। ਜੱਸ ਬਾਜਵਾ ਦਾ ਕਹਿਣਾ ਹੈ ਕਿ ''ਅੱਜ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੋੜ ਹੈ। ਇਸ ਲਈ ਸਾਨੂੰ ਬਾਰਡਰਾਂ 'ਤੇ ਬੈਠੇ ਬਜ਼ੁਰਗਾਂ ਦਾ ਸਾਥ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਨੌਜਵਾਨ ਦਿੱਲੀ ਜਾਣ ਅਤੇ ਮੋਰਚਾ ਸੰਭਾਲਣ। ਕਿਸਾਨ ਅੰਦੋਲਨ ਕਮਜ਼ੋਰ ਪੈਣ ਦੀਆਂ ਅਫ਼ਵਾਹਾਂ 'ਤੇ ਜੱਸ ਬਾਜਵਾ ਨੇ ਕਿਹਾ ਕਿ ਅੰਦੋਲਨ ਕਮਜ਼ੋਰ ਨਹੀਂ ਪਿਆ ਅਤੇ ਨਾ ਹੀ ਪੈਣ ਦੇਣਾ।''

ਚੋਣਾਂ ਲੜਨ ਦੇ ਮੁੱਦੇ 'ਤੇ ਆਖੀ ਵੱਡੀ ਗੱਲ
ਇਸ ਤੋਂ ਇਲਾਵਾ ਜੱਸ ਬਾਜਵਾ ਨੇ ਚੋਣਾਂ ਲੜਨ ਦੇ ਮੁੱਦੇ 'ਤੇ ਕਿਹਾ ਕਿ ''ਹਰ ਘਰ ਦੀ ਆਵਾਜ਼ ਹੈ ਕਿ ਕਿਸਾਨਾਂ ਦੀ ਆਪਣੀ ਪਾਰਟੀ ਅਤੇ ਸਰਕਾਰ ਹੋਣੀ ਚਾਹੀਦੀ ਹੈ। ਪਹਿਲਾਂ ਜੰਗ ਕਾਲੇ ਕਾਨੂੰਨਾਂ ਖ਼ਿਲਾਫ਼ ਹੈ। ਜੇ 2022 ਤੱਕ ਇਹ ਜਿੱਤ ਲਈ ਤਾਂ ਜ਼ਰੂਰ ਇਸ ਪਾਸੇ ਸੰਯੁਕਤ ਕਿਸਾਨ ਮੋਰਚੇ ਨੂੰ ਸੋਚਣਾ ਚਾਹੀਦਾ ਹੈ।'' 

ਧਰਨੇ ਤੋਂ ਆਉਂਦੇ ਵਾਪਰਿਆ ਭਿਆਨਕ ਸੜਕ ਹਾਦਸਾ
ਪਿਛਲੇ ਸਾਲ ਅਕਤੂਬਰ 'ਚ ਜੱਸ ਬਾਜਵਾ ਨਾਲ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਉਹ ਵਾਲ-ਵਾਲ ਬਚੇ ਸਨ। ਦੱਸਿਆ ਗਿਆ ਸੀ ਕਿ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਰਾਹੀਂ ਚੰਡੀਗੜ੍ਹ ਆ ਰਹੇ ਸਨ। ਇਹ ਹਾਦਸਾ ਕਾਫ਼ੀ ਭਿਆਨਕ ਸੀ, ਜਿਸ 'ਚ ਜੱਸ ਬਾਜਵਾ ਦੀ ਕਾਰ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ। ਹਾਲਾਂਕਿ ਜੱਸ ਬਾਜਵਾ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਇਸ ਦੌਰਾਨ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ 'ਤੇ ਅਚਾਨਕ ਅਵਾਰਾ ਪਸ਼ੂ ਕਾਰ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾਈ। 


ਰਿਸੈਪਸ਼ਨ ਪਾਰਟੀ 'ਚ ਪਹੁੰਚੇ ਸਨ ਕਈ ਨਾਮੀ ਗਾਇਕ 
ਪਿਛਲੇ ਸਾਲ ਦਸੰਬਰ 'ਚ ਜੱਸ ਬਾਜਵਾ ਨੇ ਸਾਦੇ ਢੰਗ ਨਾਲ ਵਿਆਹ ਕਰਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਕੀਤੀ, ਜਿਸ 'ਚ ਅੰਮ੍ਰਿਤ ਮਾਨ, ਜੌਰਡਨ ਸੰਧੂ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ ਸਮੇਤ ਕਈ ਕਲਾਕਾਰ ਪਹੁੰਚੇ ਸਨ। 

ਕਿਸਾਨਾਂ ਦੇ ਨਾਲ ਹੋਣ ਦਾ ਜੱਸ ਬਾਜਵਾ ਨੇ ਦਿੱਤਾ ਪ੍ਰਮਾਣ
ਦੱਸ ਦਈਏ ਕਿ ਜੱਸ ਬਾਜਵਾ ਨੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਆਪਣੀ ਗੱਡੀ 'ਤੇ ਲੱਗੇ ਝੰਡੇ ਦੇ ਨਾਲ ਦਿੱਤਾ। ਆਪਣੀ ਵਿਆਹ ਦੀ ਗੱਡੀ ਨੂੰ ਜੱਸ ਬਾਜਵਾ ਨੇ ਕਿਸਾਨ ਅੰਦੋਲਨ ਦੇ ਝੰਡੇ ਨਾਲ ਸਜਾਇਆ ਅਤੇ ਬਹੁਤ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ।

ਕਿਸਾਨ ਅੰਦੋਲਨ 'ਚ ਪੰਜਾਬੀ ਗਾਇਕਾਂ ਦਾ ਮਿਲ ਰਿਹੈ ਪੂਰਾ ਸਮਰਥਨ
ਦੱਸ ਦਈਏ ਕਿ ਕਿਸਾਨਾਂ ਦੀ ਹੱਕ ਦੀ ਲੜਾਈ 'ਚ ਪੰਜਾਬੀ ਗਾਇਕਾਂ ਦਾ ਸਾਥ ਲਗਾਤਾਰ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ ਕਲਾਕਾਰ ਹਰ ਰੋਜ਼ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਵੱਲ ਜਾ ਰਹੇ ਹਨ। ਹੁਣ ਤਕ ਬੱਬੂ ਮਾਨ, ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਅੰਦੋਲਨ ਚ ਸ਼ਾਮਲ ਹਨ।

sunita

This news is Content Editor sunita