ਗਾਇਕ ਇੰਦਰਜੀਤ ਨਿੱਕੂ ਨੇ ਗੁਰੂ ਘਰ ਜਾ ਕੇ ਲੋਕਾਂ ਤੋਂ ਮੰਗੀ ਮੁਆਫ਼ੀ, ਵੀਡੀਓ ਸਾਂਝੀ ਕਰ ਆਖੀਆਂ ਇਹ ਗੱਲਾਂ

07/17/2023 11:28:56 AM

ਜਲੰਧਰ (ਬਿਊਰੋ) : ਇਕ ਵਾਰ ਫਿਰ ਗਾਇਕ ਇੰਦਰਜੀਤ ਨਿੱਕੂ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ, ਬੀਤੇ ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਪਹੁੰਚੇ ਸਨ, ਜਿੱਥੇ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਸਿੱਖਾਂ ਬਾਰੇ ਕੁਝ ਬੋਲਣ ਲਈ ਕਿਹਾ ਗਿਆ ਸੀ। ਅੱਗੋਂ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਆਖ ਦਿੱਤਾ ਸੀ, ਜਿਸ ਮਗਰੋਂ ਸਿੱਖ ਭੜਕ ਗਏ ਸਨ। ਇਸ ਮਗਰੋਂ ਸਿੱਖਾਂ ਵੱਲੋਂ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਰੱਜ ਕੇ ਅਲੋਚਨਾ ਕੀਤੀ ਗਈ ਤੇ ਇੰਦਰਜੀਤ ਨਿੱਕੂ ਨੂੰ ਵੀ ਕਾਫ਼ੀ ਟਰੋਲ ਕੀਤਾ ਗਿਆ। 

ਦੱਸ ਦਈਏ ਕਿ ਹੁਣ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਲੋਕਾਂ ਕੋਲੋਂ ਮੁਆਫ਼ੀ ਮੰਗਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਆਖ ਰਹੇ ਹਨ ਕਿ , 'ਪਿਛਲੇ ਦਿਨਾਂ 'ਚ ਇਕ ਮੇਰਾ ਵੀਡ਼ੀਓ ਬਹੁਤ ਵਾਇਰਲ ਹੋਇਆ, ਜਿਨ੍ਹਾਂ ਨਾਲ ਲੋਕਾਂ ਨੂੰ ਕਾਫ਼ੀ ਠੇਸ ਪਹੁੰਚਾਈ। ਮੈਂ ਅੱਜ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਆਇਆ ਹਾਂ, ਇਥੇ ਆ ਕੇ ਮੈਂ ਉਨ੍ਹਾਂ ਸਭ ਲੋਕਾਂ ਤੋਂ ਮੁਆਫ਼ੀ ਮੰਗਦਾ ਹਾਂ, ਜਿਨ੍ਹਾਂ ਦੇ ਦਿਲ ਨੂੰ ਮੈਂ ਠੇਸ ਪਹੁੰਚਾਈ।' ਇਸ ਵੀਡੀਓ ਨੂੰ ਪੋਸਟ ਕਰਦਿਆਂ ਇੰਦਰਜੀਤ ਨਿੱਕੂ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏 ਜੇ ਮੇਰੇ ਕਿਸੇ ਵੀ ਭੈਣ ਭਰਾ ਦਾ ਮੇਰੀ ਕਿਸੇ ਵੀ ਗੱਲ ਕਰਕੇ ਮਨ ਦੁਖੀ ਹੋਇਆ, ਉਹਦੇ ਲਈ ਮੈਂ ਤਹਿ ਦਿਲ ਤੋਂ ਮੁਆਫ਼ੀ ਚਾਹੁੰਦਾ…🙏 ਵਾਹਿਗੁਰੂ ਜੀ ਹੜ੍ਹਾਂ ਦੀ ਮਾਰ ਤੋਂ ਆਪ ਹੱਥ ਦੇ ਕੇ ਬਚਾਉਣਾਂ ਜੀ🙏।' 

ਦੱਸਣਯੋਗ ਹੈ ਕਿ ਜਦੋਂ ਇੰਦਰਜੀਤ ਨਿੱਕੂ ਬਾਬਾ ਬਾਗੇਸ਼ਵਰ ਧਾਮ ਪਹੁੰਚਿਆ ਸੀ ਤਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਸੀ, 'ਮੈਂ ਆਪਣੇ ਸਿੱਖ ਧਰਮ ਦਾ ਹਮੇਸ਼ਾ ਸਤਿਕਾਰ ਕੀਤਾ ਤੇ ਕਰਦਾ ਰਹੂੰ, ਮੇਰੇ ਲਈ ਸਭ ਤੋਂ ਵੱਡੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਅਤੇ ਮੇਰੇ ਗੁਰੂ ਸਹਿਬਾਨ ਤੇ ਸਿੱਖ ਧਰਮ ਹੀ ਹੈ। ਬਹੁਤ ਹਿੰਦੂ ਭੈਣ-ਭਰਾ ਕਹਿੰਦੇ ਸੀ ਤੁਸੀਂ ਸਿਰਫ ਕਹਿੰਦੇ ਹੋ ਕਿ ਮੈਂ ਸਭ ਧਰਮਾਂ ਦਾ ਸਤਿਕਾਰ ਕਰਦਾ ਫਿਰ ਬਾਗੇਸ਼ਵਰ ਧਾਮ ਜਾ ਕੇ ਇਕ ਵਾਰ ਧੰਨਵਾਦ ਵੀ ਨਹੀਂ ਕੀਤਾ। ਮੈਂ ਉਥੇ ਜਾ ਕੇ ਵੀ 'ਬੋਲੇ ਸੋ ਨਿਹਾਲ...' ਦੇ ਜੈਕਾਰੇ ਖ਼ੁਦ ਲਾਏ ਤੇ ਮੇਰੇ ਨਾਲ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਜੀ ਨੇ ਵੀ ਜੈਕਾਰੇ ਲਾਏ।'' ਇਸ ਦੇ ਨਾਲ ਹੀ ਨਿੱਕੂ ਨੇ ਅੱਗੇ ਲਿਖਿਆ, ''ਜੈਕਾਰਿਆਂ ਦੇ ਨਾਲ-ਨਾਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣ ਵੀ ਗਾਏ। ਹੁਣ ਤੁਸੀਂ ਦੱਸੋ, ਜਿਹੜਾ ਵੀ ਇਨਸਾਨ ਸਾਡੇ ਗੁਰੂ ਸਾਹਿਬਾਨ ਜੀ ਦੇ ਗੁਣ ਗਾਉਂਦਾ ਤੇ ਸਤਿਕਾਰ ਕਰਦਾ ਹੈ, ਕੀ ਉਹਦਾ ਸਤਿਕਾਰ ਕਰਨਾ ਸਹੀ ਹੈ ਜਾਂ ਗ਼ਲਤ...? ''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita