ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਸੇਵਾ ਨੂੰ ਸਮਰਪਿਤ ਇੱਕ ਚੰਗਾ ਸਮਾਜ ਸੇਵੀ ਗਾਇਕ ਹਰਜੀਤ ਹਰਮਨ

07/14/2023 4:10:33 PM

ਜਲੰਧਰ (ਬਿਊਰੋ) - ਗਾਇਕ ਹਰਜੀਤ ਹਰਮਨ ਅੱਜ ਪੰਜਾਬ ਜਾਂ ਭਾਰਤ ਹੀ ਨਹੀਂ ਸਗੋ ਸੰਸਾਰ ਦੇ ਹਰ ਕੌਨੇ ਵਿਚ ਵਸਦੇ ਪੰਜਾਬੀ ਸੰਗੀਤ ਪ੍ਰੇਮੀਆਂ ‘ਚ ਸੁਣਿਆ ਜਾਣ ਵਾਲਾ ਲੋਕ ਗਾਇਕ ਹੈ। ਹਰਜੀਤ ਹਰਮਨ ਅਨੇਕਾਂ ਹੀ ਖੂਬੀਆਂ ਦਾ ਮਾਲਕ ਹੈ, ਜਿਸ ਦੀ ਆਵਾਜ਼ ਵਿਚ ਭਾਵੁਕਤਾ, ਸਰਲਤਾ, ਗਲੇ ਵਿਚ ਅੰਤਾਂ ਦੀ ਮਿਠਾਸ ਅਤੇ ਲੋੜ ਅਨੁਸਾਰ ਹਰਕਤ ਆਦਿ ਉਸ ਦੀ ਗਾਇਕੀ ਦੀਆਂ ਮੁੱਖ ਵਿਸ਼ੇਸਤਾਵਾਂ ਹਨ। ਹਰਮਨ ਦੀ ਗਾਇਕੀ ਵਿੱਚ ਹਮੇਸਾਂ ਹੀ ਸੱਭਿਆਚਾਰਕ ਤੱਥ, ਜਿੰਦਗੀ ਦੇ ਸੱਚੇ ਅਨੁਭਵ, ਕੁਦਰਤ ਦੀਆਂ ਗੱਲਾਂ, ਗਰੀਬਾਂ ਦੇ ਦਰਦ, ਸਮਾਜਿਕ  ਵਿਸ਼ਿਆਂ, ਰੂਹਾਨੀਅਤ ਦੀਆਂ ਗੱਲਾਂ, ਸੱਚੀਆਂ ਮੁਹੱਬਤਾਂ, ਅਰਥ ਪੂਰਨ ਸੰਦੇਸ਼ ਅਤੇ ਧਾਰਮਿਕ ਸੂਖਮ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਹਰਜੀਤ ਹਰਮਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਭਾਣੇ ਵਿਚ ਚੱਲਣ ਵਾਲਾ ਹੈ ਅਤੇ ਉਥੇ ਹਰ ਪ੍ਰਾਪਤੀ ਨੂੰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਕੇ ਜਾਣਨ ਵਾਲਾ ਹੈ। ਉਹ ਆਪਣੇ ਗੀਤਾਂ ਵਿਚ ਗੱਲ ਕਦੇ ਵੀ ਅਧੂਰੀ ਨਹੀਂ ਛੱਡਦਾ ਅਤੇ ਹਰ ਲਫ਼ਜ ਦੀ ਛਹਿਬਰ ਨੂੰ ਸਰੋਤਿਆਂ ਤੱਕ ਪਹੁੰਚਾਉਣ ਦਾ ਉਸਦਾ ਫਨ ਵੀ ਲਾਜਵਾਬ ਹੈ। ਹਰ ਔਖੀ ਤੋਂ ਔਖੀ ਗੱਲ ਸਿੱਧੇ ਤੇ ਸਾਫ ਸ਼ਬਦਾਂ ਵਿਚ ਕਹਿਣ ਦੇ ਵੀ ਇਸ ਕਦਰ ਸਮਰੱਥ ਹੈ ਕਿ ਉਸ ਦੀ ਕਲਮ ਤੋਂ ਉਪਜਿਆ ‘ਤੇ ਗਾਇਆ ਹਰ ਇਕ ਗੀਤ ਮੰਨੋ ਕਿ ਲੋਕ ਗੀਤ ਹੀ ਹੋ ਨਿੱਬੜਦਾ ਹੈ। ਉਸ ਦੇ ਗੀਤਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਰੂਹ ਸਿੱਧੀ ਪੱਧਰੀ ਤੇ ਸੱਚੀ ਹੈ, ਪਾਕਿ ਹੈ, ਪਵਿੱਤਰ ਹੈ। ਹਰਜੀਤ ਹਰਮਨ ਦੀ ਗਾਇਕੀ ਦੀ ਇਕ ਖਾਸੀਅਤ ਗੀਤਕਾਰ ਸਵ. ਪ੍ਰਗਟ ਸਿੰਘ ਲਿਧੜਾਂ ਦੀ ਕਲਮ ਦੀ ਉੱਪਜ ਵਿਸ਼ੇ ਵੀ ਹਨ ਜੋ ਇਨਸਾਨ ਦੇ ਅੰਦਰ ਵੱਸਦੀ ਰੂਹ ਨੂੰ ਵੀ ਧੂਹ ਪਾਉਂਦੇ ਹਨ।ਉਸ ਦੇ ਗੀਤਾਂ ਦੇ ਬੋਲ ਜਿਥੇ ਲੋਕਾਂ ਨੂੰ ਕੋਈ ਨਾ ਕੋਈ ਚੰਗਾ ਸੰਦੇਸ ਦਿੰਦੇ ਹਨ ਉਥੇ ਨਾਲ ਹੀ ਕਿਸੇ ਨਾ ਕਿਸੇ ਸਮਾਜਿਕ ਕੁਰੀਤੀ ਤੇ ਵਿਅੰਗ ਵੀ ਜ਼ਰੂਰ ਕਸਦੇ ਹਨ। ਉਸ ਦੀ ਗਾਇਕੀ ਨੂੰ ਹਰ ਉਮਰ ਦਾ ਸਰੋਤਾ ਵਰਗ ਬਹੁਤ ਹੀ  ਸ਼ਿੱਦਤ ‘ਤੇ ਤਵੱਜੋ ਨਾਲ ਸੁਣਦਾ ਹੈ।


ਸਮਾਜ ਵਿਚ ਜਿਨ੍ਹਾਂ ਲੋਕਾਂ ਨੂੰ ਸਤਿਕਾਰ ਮਿਲਦਾ ਹੈ, ਉਨ੍ਹਾਂ ਨੂੰ ਇਹ ਸਮਾਜ ਨੂੰ ਕੋਈ ਦਿੱਤੀ ਚੰਗੀ ਸ਼ੇਧ ਜਾਂ ਕੋਈ ਚੰਗੀ ਦੇਣ ਕਰਕੇ ਹੀ ਮਿਲਦਾ ਹੈ। ਉਂਝ ਵੀ ਹਰ ਬੰਦੇ ਨੂੰ ਆਪਣੀ ਸ਼ਖਸੀਅਤ ਦੀ ਉਸਾਰੀ ਲਈ ਚੰਗੇ ਅਸੂਲਾਂ ਤੇ ਆਦਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ। ਚੰਗੀ ਸ਼ਖਸੀਅਤ ਉਹ ਹੈ, ਜਿਸ ਦੇ ਅੰਦਰੂਨੀ ਅਤੇ ਬਾਹਰਮੁਖੀ ਗੁਣ ਚੰਗੇ ਹੋਣ। ਹਰਜੀਤ ਹਰਮਨ ਵੀ ਇੱਕ ਅਜਿਹੀ ਹੀ ਸ਼ਖਸੀਅਤ ਹੈ, ਜੋ ਕਿ ਇਕ ਚੰਗੇ ਗਾਇਕ ਦੇ ਨਾਲ-ਨਾਲ ਇਕ ਚੰਗਾ ਸਮਾਜ ਸੇਵੀ, ਮਾਨਵਤਾ ਦੀ ਸੇਵਾ, ਲੋਕਾਂ ਨਾਲ ਹਮਦਰਦੀ ਤੇ ਪਿਆਰ ਕਰਨ ਵਾਲੇ ਆਦਿ ਮਾਨਵੀ ਗੁਣਾਂ ਦਾ ਮੁਜੱਸਮਾ ਹੈ, ਜੋ ਹਰ ਸਮੇਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਲਈ ਫਿਕਰਮੰਦ ਰਹਿੰਦਾ ਹੈ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਹਰ ਇਕ ਦੀ ਸੇਵਾ ਕਰਨਾ ਉਸ ਦੇ ਸੁਭਾਅ ਵਿਚ ਰਚਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਜਦੋਂ ਅੰਨਦਾਤੇ ਦੀ ਹੋਂਦ ਨੂੰ ਬਚਾਉਣ ਲਈ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਚ ਮੋਰਚੇ ਲੱਗੇ ਸਨ, ਉਸ ਸਮੇਂ  ਹਰਜੀਤ ਹਰਮਨ ਨੇ ਪਾਲੀਵੁੱਡ ਇੰਡਸਟਰੀ ਵਿੱਚ ਸਭ ਤੋਂ ਪਹਿਲਾਂ ਮੋਹਰੀ ਭੂਮਿਕਾ ਨਿਭਾਉਦੇਂ ਹੋਏ ਇਸ ਸੰਘਰਸ਼ ਅਤੇ ਘੋਲ ਦਾ ਹਿੱਸਾ ਬਣ ਕੇ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਸਮੁੱਚੀ ਪਾਲੀਵੁੱਡ ਇੰਡਸਟਰੀ ਵੀ ਪੰਜਾਬ ਤੋਂ ਦਿੱਲੀ ਤੱਕ ਲੜੇ ਜਾਣ ਵਾਲੇ ਵੱਖ-ਵੱਖ ਸੰਘਰਸ਼ਾਂ ਅਤੇ ਘੋਲਾਂ ‘ਚ ਸ਼ਾਮਿਲ ਹੋਈ।

ਸਾਲ 2019 ਵਿੱਚ ਸਮੇਂ ਦੇ ਚੱਕਰ ਅਨੁਸਾਰ ਪੂਰੇ ਵਿਸ਼ਵ ਭਰ ਵਿਚ ਜਦੋਂ ਕਰੋਨਾ ਕਾਲ ਦੇ ਚਲਦਿਆਂ ਸਰਕਾਰਾਂ ਦੇ ਹੁਕਮ ਅਨੁਸਾਰ ਲੌਕਡਾਊਨ ਦੌਰਾਨ ਦੇਸ਼ ਦੀ ਜਨਤਾ ਆਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਈ ਅਤੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਉਸ ਵੇਲੇ ਹਰਜੀਤ ਹਰਮਨ ਨੇ ਆਪਣੀ ਟੀਮ ਨਾਲ ਅੱਗੇ ਵੱਧ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗੇ ਰਹੇ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ। ਨਿਮਰਤਾ ਅਤੇ ਮਿੱਠ ਬੋਲੜਾ ਹੋਣਾ ਚੰਗੇ ਸ਼ਖਸ ਦੀ ਪਹਿਲੀ ਨਿਸ਼ਾਨੀ ਹੈ, ਪਰ ਚੰਗਾ ਕਿਰਦਾਰ ਉਸਾਰਨ ਲਈ ਇਹ ਕਾਫੀ ਨਹੀਂ ਹੈ। ਚੰਗੇ ਕਿਰਦਾਰ ਵਿਚ ਭਰੋਸੇਯੋਗਤਾ, ਦੂਜਿਆਂ ਦੇ ਕੰਮ ਆਉਣ ਦੀ ਰੁਚੀ, ਧਰਮਾਂ ਤੇ ਜਾਤ-ਪਾਤ ਤੋਂ ਉਪਰ ਉਠ ਕੇ ਸੱਚਾਈ ਨਾਲ ਖੜ੍ਹਨ ਦੀ ਦਲੇਰੀ ਆਦਿ ਗੁਣਾਂ ਹੋਣਾ ਅਤਿ ਜ਼ਰੂਰੀ ਹੈ, ਜੋ ਕਿ ਹਰਜੀਤ ਹਰਮਨ ਦੇ ਸੁਭਾਅ ‘ਚ ਪਹਿਲੇ ਦਿਨ ਤੋਂ ਹੀ ਭਰੇ ਹੋਏ ਹਨ।

ਹਰਮਨ ਦੇ ਸੰਗੀਤਕ ਪਰਿਵਾਰ ‘ਚ ਸ਼ਾਮਲ ਸ਼ਾਜੀਆਂ ਅਤੇ ਹੋਰ ਗਰੁੱਪ ਮੈਂਬਰਾਂ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਨਿਰੰਤਰ ਉਸ ਦੇ ਨਾਲ ਚਲਦੇ ਆਉਣਾ ਵੀ ਹਰਮਨ ਦੇ ਨਿਮਰ ਸੁਭਾਅ ਤੇ ਜਿੰਦਾਦਿਲੀ ਦੀ ਗਵਾਹੀ ਭਰਦੇ ਹਨ। ਆਪਣੀ ਇਸ ਟੀਮ ਦੇ ਹਰ ਦੁੱਖ ਸੁੱਖ ‘ਚ ਸ਼ਮਿਲ ਹੋਣਾ ਅਤੇ ਸਮੇਂ ਸਮੇਂ ਤੇ ਉਨ੍ਹਾਂ ਦਾ ਸਾਥ ਦੇਣਾ ਉਹ ਆਪਣਾ ਮੁਢਲਾ ਫਰਜ਼ ਸਮਝਦਾ ਹੈ। ਹਰਜੀਤ ਹਰਮਨ ਅੱਜ ਉੱਚੀਆਂ ਮੰਜ਼ਿਲਾਂ ਤੇ ਪਹੁੰਚ ਕੇ ਵੀ ਜ਼ਮੀਨੀ ਪੱਧਰ ਤੇ ਜੁੜੇ ਹੋਏ ਇਨਸਾਨ ਹਨ। ਉਸ ਨੂੰ ਆਪਣੇ ਪਿੰਡ ਦੋਦੇ ਅਤੇ ਸ਼ਹਿਰ ਨਾਭੇ ਦੀ ਮਿੱਟੀ ਨਾਲ ਬਹੁਤ ਪਿਆਰ ਹੈ, ਜਿਸ ਦੀ ਝਲਕ ਹਰਮਨ ਦੇ ਗੀਤਾਂ ‘ਚ ਵੀ ਆਮ ਦੇਖਣ ਨੂੰ ਮਿਲਦੀ ਹੈ। ਹਰਜੀਤ ਹਰਮਨ ਨੂੰ ਆਪਣੇ ਪਿੰਡ ਦੇ ਲੋਕਾਂ ਨਾਲ ਵੀ ਬਹੁਤ ਮੋਹ ਹੈ। ਸ਼ਹਿਰ ਦੇ ਵਸਨੀਕ ਹੋਣ ਤੋਂ ਬਾਅਦ ਵੀ ਉਹ ਅੱਜ ਵੀ ਘੰਟਿਆਂ ਬੱਧੀ ਸਮਾਂ ਪਿੰਡ ਦੇ ਲੋਕਾਂ ਨਾਲ ਬਿਤਾਉਂਦੇ ਦੇਖੇ ਜਾ ਸਕਦੇ ਹਨ। ਪਿੰਡ ‘ਚ ਹੁੰਦੇ ਹਰ ਸਮਾਗਮ ‘ਚ ਵੱਧ ਚੜ ਕੇ ਹਿੱਸਾ ਪਾਉਣਾ ਵੀ ਹਰਜੀਤ ਹਰਮਨ ਦੇ ਹਿੱਸੇ ਆਉਂਦਾ ਹੈ ਭਾਵੇਂ ਕਿਸੇ ਲੋੜਵੰਦ ਦੀ ਧੀ ਦੇ ਵਿਆਹ ਹੋਵੇ, ਭਾਵੇਂ ਸਕੂਲੀ ਬੱਚਿਆਂ ਨੂੰ ਕਿਤਾਬਾਂ ਤੇ ਵਰਦੀਆਂ ਜਾਂ ਲੋੜਵੰਦ ਦਾ ਇਲਾਜ ਕਰਾਉਣਾ ਹੋਵੇ ਹਰਜੀਤ ਹਰਮਨ ਕਦੇ ਪਿੱਛੇ ਨਹੀਂ ਹੱਟਿਆ। 

ਇਨ੍ਹੀਂ ਦਿਨੀਂ ਪੰਜਾਬ ਭਰ ਅਤੇ  ਨਾਲ ਲਗਦੇ ਸੂਬਿਆਂ ‘ਚ ਆਏ ਹੜ੍ਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਕੇ ਰੱਖ ਦਿੱਤਾ ਹੈ। ਜਿਸਦੇ ਚੱਲਦੇ ਕਈ ਪਿੰਡਾਂ ਦੇ ਪਿੰਡ ਉੱਜੜ ਗਏ ਨੇ ਤੇ ਲੋਕ ਬੇਘਰ ਹੋ ਚੁੱਕੇ ਨੇ। ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ।ਇਸ ਮੁਸ਼ਕਿਲ ਦੀ ਘੜੀ ਵਿਚ ਹਰਜੀਤ ਹਰਮਨ ਵੀ ਆਪਣੀ ਟੀਮ ਸਮੇਤ ਆਪਣੇ ਜ਼ਿਲੇ੍ਹ ਪਟਿਆਲਾ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਲੋਕਾਂ ਦੇ ਘਰਾਂ ਤੱਕ ਲੰਗਰ, ਪੀਣ ਵਾਲਾ ਪਾਣੀ, ਦੁੱਧ, ਬਰੈਡ, ਰਸ ਅਤੇ ਬਿਸਕੁਟ ਆਦਿ ਪਹੁੰਚਾਉਣ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਸੋ ਵਧੀਆ ਸ਼ਖਸੀਅਤ ਲਈ ਕੋਈ ਵਿਸ਼ੇਸ਼ ਪਹਿਰਾਵਾ ਨਹੀਂ ਹੁੰਦਾ ਸਗੋਂ ਵਿਚਾਰਾਂ, ਨੇਕ ਕਾਰਜਾਂ ਅਤੇ ਜ਼ਿੰਦਗੀ ਦੇ ਤਜਰਬੇ ਦੇ ਸੁਮੇਲ ਦੀ ਹੀ ਲੋੜ ਹੁੰਦੀ ਹੈ।ਅੱਜ ਹਰਜੀਤ ਹਰਮਨ ਦਾ ਜਨਮ ਦਿਨ ਹੈ ਪਰਮਾਤਮਾ ਇਸ ਸ਼ਖਸ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ ਅਤੇ ਮਾਨਵਤਾ ਦੀ ਸੇਵਾ ਲਈ ਅੱਗੇ ਵੀ ਕਾਰਜ ਕਰਨ ਦੀ ਸ਼ਕਤੀ ਬਖਸ਼ੇ। 

sunita

This news is Content Editor sunita