ਕਿਸਾਨਾਂ ਦੇ ਸਮਰਥਨ ਲਈ ਚੰਡੀਗੜ੍ਹ ਪਹੁੰਚੇ ਪੰਜਾਬੀ ਗਾਇਕ ਹਰਫ ਚੀਮਾ, ਵਧਾਏ ਲੋਕਾਂ ਦੇ ਹੌਂਸਲੇ

02/12/2021 4:27:56 PM

ਚੰਡੀਗੜ੍ਹ (ਬਿਊਰੋ): ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਅੜ੍ਹੇ ਹੋਏ ਹਨ। ਕਿਸਾਨਾਂ ਦੇ ਸਮਰਥਨ ’ਚ ਹਰ ਦੇਸ਼- ਵਿਦੇਸ਼ ਤੋਂ ਲੋਕ ਅੱਗੇ ਆ ਰਹੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕੱਲਾ ਕਿਸਾਨ ਹੀ ਨਹੀਂ ਸਗੋਂ ਪੰਜਾਬੀ ਗਾਇਕ ਵੀ ਸਮਰਥਨ ਕਰ ਰਹੇ ਹਨ। ਕਿਸਾਨੀ ਅੰਦੋਲਨ ਸਿਰਫ ਦਿੱਲੀ ਦੀਆਂ ਸਰਹੱਦਾਂ 'ਤੇ ਹੀ ਨਹੀਂ ਸਗੋਂ ਕਈ ਵੱਡੇ ਸ਼ਹਿਰਾਂ ਅਤੇ ਪਿੰਡਾਂ 'ਚ ਲਗਾਤਾਰ ਜਾਰੀ ਹੈ। ਗੱਲ ਕਰੀਏ ਖੂਬਸੁਰਤ ਸ਼ਹਿਰ ਚੰਡੀਗੜ੍ਹ ਦੀ ਤਾਂ ਉਥੇ ਵੀ ਕਈ ਲੋਕ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਦੱਸ ਦਈਏ ਕਿ ਚੰਡੀਗੜ੍ਹ ਅਤੇ ਮੁਹਾਲੀ ਦੇ ਵੱਖ-ਵੱਖ ਚੌਕਾਂ 'ਤੇ ਰੋਜ਼ ਸ਼ਾਮ ਨੂੰ 5 ਤੋਂ 8 ਵਜੇ ਕਿਸਾਨਾਂ ਦੇ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਰੋਸ ਪ੍ਰਦਰਸ਼ਨ ਦੀ ਇਕ ਹੋਰ ਖਾਸੀਅਤ ਇਹ ਹੈ ਇਸ 'ਚ ਕਈ ਪਰਿਵਾਰ ਵੀ ਸ਼ਾਮਲ ਹੁੰਦੇ ਹਨ। ਬੀਤੇ ਦਿਨੀਂ ਇਸ ਰੋਸ਼ ਪ੍ਰਦਰਸ਼ਨ 'ਚ ਪੰਜਾਬੀ ਗਾਇਕ ਹਰਫ ਚੀਮਾ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ ਉਸੇ ਦਿਨ ਤੋਂ ਹੀ ਪੰਜਾਬੀ ਗਾਇਕ ਹਰਫ ਚੀਮਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ। ਹੁਣ ਵੀ ਹਰਫ ਚੀਮਾ ਪੂਰੇ ਪਰਿਵਾਰ ਸਮੇਤ ਇਕੱਠੇ ਹੋ ਕੇ ਇਸ ਅੰਦੋਲਨ 'ਚ ਡਟਣ ਦੀ ਅਪੀਲ ਕਰ ਰਹੇ ਹਨ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


Aarti dhillon

Content Editor

Related News