ਗਾਇਕ ਹਰਭਜਨ ਮਾਨ ਨੇ ਇੰਡਸਟਰੀ ''ਚ ਪੂਰੇ ਕੀਤੇ 30 ਸਾਲ, ਸੋਸ਼ਲ ਮੀਡੀਆ ''ਤੇ ਲਿਖਿਆ ਭਾਵੁਕ ਨੋਟ

11/09/2022 11:06:44 AM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਹਰਭਜਨ ਮਾਨ ਨੇ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ 'ਚ ਆਪਣਾ ਨਾਂ ਚਮਕਾਇਆ ਹੈ। ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ 'ਚ 30 ਸਾਲ ਪੂਰੇ ਕਰ ਲਏ ਹਨ। ਇਸ ਖ਼ਾਸ ਮੌਕੇ ਉਨ੍ਹਾਂ ਨੇ ਭਾਵੁਕ ਹੁੰਦਿਆਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨੋਸਟ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਲਗਾਤਾਰ 30 ਸਾਲ ਉਨ੍ਹਾਂ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ। 

ਸੋਸ਼ਲ ਮੀਡੀਆ 'ਤੇ ਲਿਖਿਆ ਭਾਵੁਕ ਨੋਟ
ਦੱਸ ਦਈਏ ਕਿ ਇਸ ਨੋਟ 'ਚ ਹਰਭਜਨ ਮਾਨ ਨੇ ਲਿਖਿਆ ਹੈ, ''ਹਾਲੇ ਮੈਂ ਆਪਣੀ ਉਮਰ ਦਾ ਕਰੀਬ ਇੱਕ ਦਹਾਕਾ ਹੀ ਟੱਪਿਆ ਸੀ, ਜਦੋਂ ਮੇਰੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮੇਰੇ ਪਿੰਡ ਖੇਮੂਆਣਾ, ਪੰਜਾਬ ਤੋਂ ਹੋਈ। ਛੋਟੀ ਉਮਰੇ ਜਦੋਂ ਮੈਂ ਤੇ ਮੇਰਾ ਨਿੱਕਾ ਵੀਰ ਗੁਰਸੇਵਕ ਮਾਨ ਇਕੱਠੇ ਗਾਉਣ ਲੱਗੇ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਨੂੰਨ ਗਾਉਣਾ ਹੈ। ਗਾਇਕੀ ਦਾ ਇਹ ਜਨੂੰਨ ਮੇਰੀ ਸ਼ੁਰੂਆਤੀ ਜ਼ਿੰਦਗੀ ਦੇ ਹਰ ਪੜ੍ਹਾਅ 'ਤੇ ਕਾਇਮ ਰਿਹਾ ਅਤੇ ਇਹੀ ਜਨੂੰਨ ਮੇਰੇ ਕਰੀਅਰ ਦੇ ਖਵਾਬ 'ਚ ਬਦਲ ਗਿਆ। ਮੇਰਾ ਇਹ ਖਵਾਬ ਸਾਲ 1992 'ਚ ਉਦੋਂ ਪੂਰਾ ਹੋਇਆ ਜਦੋਂ ਮੇਰੀ ਐਲਬਮ ‘ਚਿੱਠੀਏ ਨੀ ਚਿੱਠੀਏ’ ਨੂੰ ਪਿਆਰੇ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ। ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਕਲਾਤਮਕ ਸਫ਼ਰ ਦੌਰਾਨ ਮੇਰੇ ਸੰਗੀਤ ਤੇ ਫ਼ਿਲਮਾਂ ਨੂੰ ਮੇਰੇ ਚਹੇਤਿਆਂ ਨੇ ਜੋ ਪਿਆਰ ਦਿੱਤਾ ਹੈ, ਉਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।”


ਇਸ ਤੋਂ ਇਲਾਵਾ ਹਰਭਜਨ ਮਾਨ ਨੇ ਲਿਖਿਆ, ''ਹੁਣ ਇਸ ਸਾਲ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਸੰਗੀਤਕ ਸਫ਼ਰ ਦੇ 30 ਸਾਲ ਪੂਰੇ ਕਰ ਰਿਹਾ ਹਾਂ। ਇਸ ਖ਼ੂਬਸੂਰਤ ਪਲ ਨੂੰ ਇੱਕ ਯਾਦਗਾਰ ਬਣਾਉਂਦੇ ਹੋਏ ਮੈਂ ਆਪਣੀ ਨਵੀਂ ਐਲਬਮ, 'ਮਾਈ ਵੇਅ- ਮੈਂ ਤੇ ਮੇਰੇ ਗੀਤ' ਤੁਹਾਡੇ ਸਭ ਨਾਲ ਰਿਲੀਜ਼ ਕਰਨ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਐਲਬਮ 'ਚ ਸ਼ਾਮਲ ਵੱਖ-ਵੱਖ ਰੰਗਾਂ ਦੇ ਅੱਠ ਗੀਤ ਬਾਬੂ ਸਿੰਘ ਮਾਨ ਜੀ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਲਾਡੀ ਗਿੱਲ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸੰਗੀਤਬੱਧ ਕੀਤਾ ਹੈ। ਇਨ੍ਹਾਂ ਗੀਤਾਂ ਦਾ ਫਿਲਮਾਂਕਣ ਪੰਜਾਬ, ਹਿਮਾਚਲ ਪ੍ਰਦੇਸ਼, ਆਸਟਰੇਲੀਆ ਤੇ ਨਿਊ ਜ਼ੀਲੈਂਡ ਦੀਆਂ ਬਹੁਤ ਦਿਲਕਸ਼ ਥਾਵਾਂ ‘ਤੇ ਕੀਤਾ ਗਿਆ ਹੈ। ਇਸ ਐਲਬਮ ਦੇ ਗੀਤਾਂ ਨੂੰ ਦੋ ਹਿੱਸਿਆਂ ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਚਾਰ ਗੀਤ ਨਵੰਬਰ, 2022 ‘ਚ ਰਿਲੀਜ਼ ਹੋਣਗੇ, ਜਦਕਿ ਬਾਕੀ ਦੇ 4 ਗੀਤ ਜਨਵਰੀ 2023 'ਚ ਰਿਲੀਜ਼ ਕੀਤੇ ਜਾਣਗੇ। ਮੇਰੀ ਜ਼ਿੰਦਗੀ 'ਚ ਮੇਰੇ ਪਰਿਵਾਰ ਤੇ ਕਲਾਤਮਕ ਦੁਨੀਆ ਲਈ ਮੇਰੇ ਚਹੇਤਿਆਂ ਦਾ ਪਿਆਰ ਮੇਰੀ ਸਭ ਤੋਂ ਵੱਡੀ ਤਾਕਤ ਰਿਹਾ ਹੈ। ਮੈਨੂੰ ਉਮੀਦ ਹੈ ਕਿ ਜਿਵੇਂ ਮੇਰੇ ਪਿਛਲੇ 30 ਸਾਲਾਂ ਦੇ ਸੰਗੀਤਕ ਸਫ਼ਰ ਦੇ ਹਰ ਦਿਨ ਨੂੰ ਤੁਸੀਂ ਆਪਣੀ ਮੁਹੱਬਤ ਦੇ ਰੰਗ ਨਾਲ ਭਰਿਆ ਹੈ। ਉਵੇਂ ਹੀ ਆਉਣ ਵਾਲੇ ਦਿਨਾਂ, ਸਾਲਾਂ, ਮਹੀਨਿਆਂ ਤੇ ਪਲਾਂ ਨੂੰ ਤੁਸੀਂ ਮੇਰਾ ਤੇ ਮੇਰੇ ਕਲਾਤਮਕ ਦੁਨੀਆ ਦਾ ਅਟੁੱਟ ਹਿੱਸਾ ਬਣ ਕੇ ਇਸ ਨੂੰ ਯਾਦਗਾਰ ਬਣਾਉਂਦੇ ਰਹੋਗੇ। ਤੁਹਾਡਾ ਆਪਣਾ- ਹਰਭਜਨ ਮਾਨ।''

ਰਚਿਆ ਸੀ ਇਤਿਹਾਸ
ਦੱਸਣਯੋਗ ਹੈ ਕਿ ਹਰਭਜਨ ਮਾਨ ਨੇ ਹਾਲ ਹੀ 'ਚ ਆਸਟਰੇਲੀਆ ਤੇ ਨਿਊ ਜ਼ੀਲੈਂਡ 'ਚ ਲਾਈਵ ਕੰਸਰਟ ਕੀਤੇ ਸੀ, ਜੋ ਕਿ ਹਾਊਸਫੁੱਲ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ 'ਚ ਕੁੱਲ 16 ਸ਼ੋਅਜ਼ ਲਗਾਏ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਸਾਰੇ ਹੀ ਸ਼ੋਅਜ਼ ਹਾਊਸਫੁੱਲ ਰਹੇ ਸੀ। ਹਰਭਜਨ ਮਾਨ ਅਜਿਹਾ ਰਿਕਾਰਡ ਬਣਾਉਣ ਵਾਲੇ ਪਹਿਲੇ ਏਸ਼ੀਅਨ ਕਲਾਕਾਰ ਸਨ। 

ਸਾਲ 1992 'ਚ ਕੀਤੀ ਗਾਇਕੀ ਕਰੀਅਰ ਦੀ ਸ਼ੁਰੂਆਤ 
ਦੱਸ ਦਈਏ ਕਿ ਹਰਭਜਨ ਮਾਨ ਨੇ ਸਾਲ 1992 'ਚ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਹੀ ਐਲਬਮ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਮਾਨ ਨੇ ਇੰਡਸਟਰੀ ਨੂੰ ਲਗਾਤਾਰ ਸੁਪਰਹਿੱਟ ਗੀਤ ਦਿੰਦੇ ਰਹੇ। ਉਨ੍ਹਾਂ ਦੇ ਗਾਣੇ ਅੱਜ ਵੀ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਹਰਭਜਨ ਮਾਨ ਨੇ ਕਦੇ ਵੀ ਆਪਣੀ ਗਾਇਕੀ ਨਾਲ ਗੰਨ ਕਲਚਰ ਜਾਂ ਨਸ਼ਿਆਂ ਜਾਂ ਸ਼ਰਾਬ ਨੂੰ ਪ੍ਰਮੋਟ ਨਹੀਂ ਕੀਤਾ। ਉਨ੍ਹਾਂ ਨੇ ਸਾਫ਼ ਸੁਥਰੀ ਵਿਰਸੇ ਨਾਲ ਜੁੜੀ ਗਾਇਕੀ ਕੀਤੀ ਹੈ। 

ਫ਼ੈਨਜ਼ ਨੂੰ ਦਿੱਤਾ ਖ਼ਾਸ ਤੋਹਫ਼ਾ
ਦੱਸਣਯੋਗ ਹੈ ਕਿ ਹਰਭਜਨ ਮਾਨ ਦੀ ਐਲਬਮ ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਦਾ ਪਹਿਲਾ ਗਾਣਾ ‘ਤੇਰਾ ਘੱਗਰਾ ਸੋਹਣੀਏ’ ਅੱਜ ਯਾਨੀਕਿ 9 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਹ ਉਹੀ ਸਪੈਸ਼ਲ ਸਰਪ੍ਰਾਈਜ਼ ਹੈ, ਜੋ ਮਾਨ ਨੇ 2 ਦਿਨ ਪਹਿਲਾਂ ਆਪਣੇ ਫ਼ੈਨਜ਼ ਨੂੰ ਦੇਣ ਦੀ ਗੱਲ ਕਹੀ ਸੀ। ਆਪਣੀ ਗਾਇਕੀ ਦੇ 30 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਮਾਨ ਇਹ ਐਲਬਮ ਰਿਲੀਜ਼ ਕਰ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita