ਗੁਰਦਾਸ ਮਾਨ ਨੇ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਸ਼ਰਧਾਂਜਲੀ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਇਹ ਤਸਵੀਰ

09/22/2022 11:06:29 AM

ਜਲੰਧਰ (ਬਿਊਰੋ) : ਭਾਰਤ ਦੇ ਟੌਪ ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਬੀਤੇ ਦਿਨੀਂ ਯਾਨੀਕਿ 21 ਸਤੰਬਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 58 ਸਾਲ ਸੀ। ਉਨ੍ਹਾਂ ਦੀ ਮੌਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਫ਼ਿਲਮੀ ਹਸਤੀਆਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਸਭ ਨੇ ਮਰਹੂਮ ਕਮੇਡੀਅਨ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵਿੱਟਰ 'ਤੇ ਰਾਜੁ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਇੱਕ ਭਾਵੁਕ ਸੰਦੇਸ਼ ਵੀ ਲਿਖਿਆ। ਪੀ. ਐੱਮ. ਮੋਦੀ ਨੇ ਟਵੀਟ ਕਰਦਿਆਂ ਲਿਖਿਆ ਸੀ, ''ਰਾਜੂ ਸ਼੍ਰੀਵਾਸਤਵ ਨੇ ਸਾਡੀ ਜ਼ਿੰਦਗੀ ਨੂੰ ਹਾਸੇ ਅਤੇ ਸਕਾਰਾਤਮਕਤਾ ਨਾਲ ਰੌਸ਼ਨ ਕੀਤਾ। ਉਹ ਬਹੁਤ ਜਲਦੀ ਸਾਨੂੰ ਛੱਡ ਕੇ ਚਲਾ ਗਿਆ ਪਰ ਉਹ ਆਪਣੇ ਸ਼ਾਨਦਾਰ ਕੰਮ ਦੁਆਰਾ ਅਣਗਿਣਤ ਲੋਕਾਂ ਦੇ ਦਿਲਾਂ 'ਚ ਸਾਲਾਂ ਤੱਕ ਜਿਊਂਦਾ ਰਹੇਗਾ। ਉਸ ਦੀ ਮੌਤ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।''

ਉਥੇ ਹੀ ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਵੀ ਸਦਮੇ 'ਚ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਨੇ ਮਰਹੂਮ ਕਮੇਡੀਅਨ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੰਦਿਆਂ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਕਮੇਡੀਅਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਲਗਾਈ ਹੈ। ਜਿਸ ਦਾ ਮਤਲਬ ਹੈ ਕਿ ਉਹ ਉਨ੍ਹਾਂ ਦੀ ਮੌਤ ਨਾਲ ਸਦਮੇ 'ਚ ਹਨ। ਇਸ ਦੇ ਨਾਲ ਉਨ੍ਹਾਂ ਨੇ ਹੋਰ ਕੋਈ ਸੰਦੇਸ਼ ਨਹੀਂ ਲਿਖਿਆ ਹੈ। ਦੂਜੇ ਪਾਸੇ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਵੀ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਕਮੇਡੀਅਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਦੱਸਣਯੋਗ ਹੈ ਕਿ ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ 'ਚ ਹੋਇਆ ਸੀ। ਬਚਪਨ ਤੋਂ ਹੀ ਰਾਜੂ ਅਮਿਤਾਭ ਬੱਚਨ ਦੇ ਬਹੁਤ ਵੱਡੇ ਫੈਨ ਸਨ। ਉਨ੍ਹਾਂ ਨੂੰ ਦੇਖ ਕੇ ਉਹ ਉਨ੍ਹਾਂ ਦੀ ਨਕਲ ਕਰਨ ਲੱਗ ਪਏ। ਰਾਜੂ ਨੂੰ ਜੂਨੀਅਰ ਅਮਿਤਾਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਰਾਜੂ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਪਹਿਲਾਂ ਉਹ ਫ਼ਿਲਮਾਂ 'ਚ ਜੂਨੀਅਰ ਕਲਾਕਾਰ ਦੀ ਭੂਮਿਕਾ ਨਿਭਾਅ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita