ਗਾਇਕ ਦਿਲਜਾਨ ਨਾਲ ਵਾਪਰੇ ਸੜਕ ਹਾਦਸੇ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ

03/30/2021 5:44:25 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਲਈ ਇਹ ਸਾਲ ਬਹੁਤ ਹੀ ਮੰਦਭਾਗਾ ਚੜ੍ਹਿਆ ਹੈ। 2021 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਈ ਨਾਮੀ ਸਿਤਾਰੇ ਫ਼ਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ, ਜਿਨ੍ਹਾਂ 'ਚੋਂ ਇਕ ਨਾਮ ਮਸ਼ਹੂਰ ਗਾਇਕ ਦਿਲਜਾਨ ਦਾ ਵੀ ਹੈ। ਦਰਅਸਲ, ਅੱਜ ਤੜਕੇ ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ।

ਇਹ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ 'ਤੇ ਹੀ ਹੋ ਗਈ। ਹਾਲ ਹੀ 'ਚ ਦਿਲਜਾਨ ਨਾਲ ਹੋਏ ਸੜਕ ਹਾਦਸੇ ਦੀਆਂ ਭਿਆਨਕ ਤਸਵੀਰਾਂ ਤੇ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਗਾਇਕ ਦੀ ਕਾਰ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਮੰਗਲਵਾਰ ਸਵੇਰ ਕਰੀਬ ਪੌਣੇ ਚਾਰ ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ 'ਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋਂ ਉਹ ਜੰਡਿਆਲਾ ਗੁਰੂ ਦੇ ਕੋਲ ਪਹੁੰਚੇ ਤਾਂ ਉਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ।

ਜਾਣਕਾਰੀ ਮੁਤਾਬਕ ਦਿਲਜਾਨ ਦੀ ਕਾਰ ਕਾਫ਼ੀ ਤੇਜ਼ ਰਫਤਾਰ ਸੀ, ਜਿਸ ਕਾਰਨ ਬੇਕਾਬੂ ਹੋਕੇ ਡਿਵਾਇਡਰ ਨਾਲ ਟਕਰਾ ਗਈ ਤੇ ਪਲਟ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਲਈ। 

ਦੱਸਣਯੋਗ ਹੈ ਕਿ ਗਾਇਕ ਦਿਲਜਾਨ ਕਰਤਾਰਪੁਰ ਦੇ ਰਹਿਣ ਵਾਲੇ ਸਨ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਲੇਖਕ ਤੇ ਗਾਇਕ ਮਦਨ ਮਾਡਾਰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਦਸਵੀਂ ਡੀਏਵੀ ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀਏ ਦੀ ਡਿਗਰੀ ਡੀਏਵੀ ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ।

2006-2007 'ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' 'ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ 'ਚ ਰਨਰਅੱਪ ਰਿਹਾ।

2012 'ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ 'ਸੁਰ ਕਸ਼ੇਤਰ' 'ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ।

ਇਸ ਸੰਗੀਤ ਮੁਕਾਬਲੇ 'ਚ ਉਸ ਨੇ ਆਪਣੀ ਆਵਾਜ਼ ਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਦਿਲਜਾਨ ਦੀ ਅਚਾਨਕ ਮੌਤ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਇਲਾਕੇ 'ਚ ਸੋਗ ਦੀ ਲਹਿਰ ਹੈ। 

sunita

This news is Content Editor sunita