ਕਾਨੂੰਨੀ ਸ਼ਿਕੰਜੇ 'ਚ ਫਸੀ ਅਦਾਕਾਰਾ ਉਪਾਸਨਾ ਸਿੰਘ, ਇਨ੍ਹਾਂ ਧਾਰਾਵਾਂ ਹੇਠ ਮਾਮਲਾ ਦਰਜ

05/04/2021 12:07:36 PM

ਮੋਰਿੰਡਾ/ਰੂਪਨਗਰ (ਅਰਨੌਰੀ,ਧੀਮਾਨ) - ਸਥਾਨਕ ਇਕ ਸ਼ੂਗਰ ਮਿੱਲ ਵਿਖੇ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਮੋਰਿੰਡਾ ਪੁਲਸ ਵਲੋਂ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਅਤੇ ਉਸ ਦੀ ਟੀਮ ਦੇ ਕਰੀਬ 1 ਦਰਜਨ ਤੋਂ ਵਧ ਲੋਕਾਂ ਵਿਰੁੱਧ ਧਾਰਾ-188,269, 270 ਅਤੇ ਮਹਾਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਥਾਣਾ ਸਿਟੀ ਮੋਰਿੰਡਾ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਫ਼ਿਲਮ ਅਦਾਕਾਰਾ ਉਪਾਸਨਾ ਸਿੰਘ ਅਤੇ ਸਬੰਧਤ ਟੀਮ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਐੱਸ. ਐੱਚ. ਓ. ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਸਮੇਂ ਉਕਤ ਕਲਾਕਾਰ ਕੋਈ ਪ੍ਰਸ਼ਾਸਨਿਕ ਮਨਜ਼ੂਰੀ ਨਾ ਦਿਖਾ ਸਕੀ, ਜਿਸ ਕਾਰਨ ਪੁਲਸ ਨੂੰ ਕਾਨੂੰਨੀ ਕਾਰਵਾਈ ਕਰਨੀ ਪਈ। ਇਸ ਤੋਂ ਬਾਅਦ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਨੂੰ ਫੋਨ ਕੀਤਾ ਪਰ ਫੋਨ ਨਹੀਂ ਚੁੱਕਿਆ, ਜਦੋਂਕਿ ਸ਼ੂਗਰ ਮਿੱਲ ਦੇ ਚੇਅਰਮੈਨ ਖ਼ੁਸ਼ਹਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਤਾਂ ਮਿੱਲ 'ਚ ਸਾਮਾਨ ਰੱਖਿਆ ਹੋਇਆ ਸੀ। 

ਦੱਸ ਦੇਈਏ ਕਿ ਪੰਜਾਬ 'ਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਫ਼ਿਲਮ ਸ਼ੂਟ ਕਰਨ ਦਾ ਇਹ ਪਿਛਲੇ ਕੁਝ ਦਿਨਾਂ 'ਚ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਲੁਧਿਆਣਾ 'ਚ ਪੰਜਾਬੀ ਤੇ ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਬਿਨਾਂ ਮਨਜ਼ੂਰੀ ਵੈੱਬ ਸੀਰੀਜ਼ ਸ਼ੂਟ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੇਸ ਵੀ ਦਰਜ ਕਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਪਟਿਆਲਾ ਦੇ ਬੂਨੜ 'ਚ ਸ਼ੂਟਿੰਗ ਕਰਦੇ ਫੜ੍ਹੇ ਗਏ ਸਨ। ਪੁਲਸ ਨੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਉਨ੍ਹਾਂ ਸਮੇਤ 100 ਲੋਕਾਂ 'ਤੇ ਕੇਸ ਦਰਜ ਕੀਤਾ। ਹਾਲਾਂਕਿ ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ।

sunita

This news is Content Editor sunita