ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰਨ ਵਾਲੀ ਸੋਨੀਆ ਮਾਨ ਪਹੁੰਚੀ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

03/01/2024 12:54:56 PM

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਹਾਲ ਹੀ 'ਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ, ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਸਰੋਵਰ ਕੋਲ ਬੈਠੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੂੰ ਵਾਹਿਗੁਰੂ ਜੀ ਦੀ ਭਗਤੀ 'ਚ ਲੀਨ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸੋਨੀਆ ਮਾਨ ਨੇ ਕੈਪਸ਼ਨ 'ਚ ਲਿਖਿਆ, 'ਸਤਿਨਾਮ ਸ੍ਰੀ ਵਾਹਿਗੁਰੂ'। 

ਦੱਸ ਦਈਏ ਕਿ ਸੋਨੀਆ ਮਾਨ ਕਿਸਾਨ ਅੰਦੋਲਨ 'ਚ ਕਾਫੀ ਜ਼ਿਆਦਾ ਸਰਗਰਮ ਹੈ ਅਤੇ ਹਾਲ ਹੀ 'ਚ ਉਨ੍ਹਾਂ ਨੂੰ ਖਨੌਰੀ ਬਾਰਡਰ 'ਤੇ ਕਿਸਾਨਾਂ ਨਾਲ ਧਰਨਾ ਪ੍ਰਦਰਸ਼ਨ ਵੀ ਕਰਦੇ ਵੇਖਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ 'ਚ ਹਰਿਆਣਾ ਜਾਟ ਮਹਾਸਭਾ ਤੋਂ ਵੀ ਐਗਜ਼ਿਟ ਕੀਤਾ ਸੀ। 

ਦੱਸਣਯੋਗ ਹੈ ਕਿ ਖਨੌਰੀ ਬਾਰਡਰ 'ਤੇ ਸੋਨੀਆ ਮਾਨ ਦੀ ਅੱਥਰੂ ਗੈਸ ਦੇ ਧੂੰਏਂ ਕਾਰਨ ਸਿਹਤ ਵਿਗੜ ਗਈ ਸੀ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਵੇਖਿਆ ਜਾ ਸਕਦਾ ਸੀ ਕਿ ਧੂੰਏਂ ਕਾਰਨ ਸੋਨੀਆ ਮਾਨ ਲਗਾਤਾਰ ਖੰਘ ਰਹੇ ਸਨ ਅਤੇ ਉਥੇ ਮੌਜੂਦ ਕੁਝ ਕਿਸਾਨ ਉਨ੍ਹਾਂ ਦੀ ਮਦਦ ਕਰ ਰਹੇ ਸਨ। ਅਦਾਕਾਰਾ ਸੋਨੀਆ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਹੱਕ ਦਿੱਤੇ ਜਾਣ। ਜੇਕਰ ਕਿਸਾਨ ਆਪਣੀ ਗੱਲ ਸਰਕਾਰ ਕੋਲ ਰੱਖਣ ਆਏ ਹਨ ਤਾਂ ਉਨ੍ਹਾਂ 'ਤੇ ਹੰਝੂ ਗੈਸ ਤੇ ਗੋਲੀਆਂ ਚਲਾਉਣਾ ਬਿਲਕੁਲ ਗ਼ਲਤ ਹੈ, ਇਹ ਬੇਹੱਦ ਖ਼ਤਰਨਾਕ ਹੈ।

ਇਸ ਨਾਲ ਅੰਦੋਲਨ 'ਚ ਸ਼ਾਮਲ ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਸੋਨੀਆ ਮਾਨ ਮਹਿਲਾ ਯੂਥ ਵਿੰਗ ਪੰਜਾਬ ਤੋਂ ਅਸਤੀਫਾ ਦੇਣ ਕਰਕੇ ਵੀ ਚਰਚਾ 'ਚ ਰਹੇ ਸਨ। ਉਹ ਹਰਿਆਣਾ ਦੀ ਜਾਟ ਮਹਾਸਭਾ ਦੀ ਮੈਂਬਰ ਸੀ, ਇਸ ਮਹਾਸਭਾ ਨੇ ਹੀ ਉਸ ਨੂੰ ਮਹਿਲਾ ਯੂਥ ਵਿੰਗ ਦੀ ਪੰਜਾਬ ਪ੍ਰਧਾਨ ਦਾ ਅਹੁਦਾ ਸੌਂਪਿਆ ਸੀ।

Shivani Bassan

This news is Content Editor Shivani Bassan