ਅਦਾਕਾਰਾ ਨਿਰਮਲ ਰਿਸ਼ੀ ਇੰਝ ਬਣੀ ਖਿਡਾਰਨ ਤੋਂ ਪਾਲੀਵੁੱਡ ਦੀ 'ਗੁਲਾਬੋ ਮਾਸੀ'

08/27/2021 12:10:16 PM

ਜਲੰਧਰ (ਬਿਊਰੋ) - ਪਾਲੀਵੁੱਡ ਦੀ 'ਗੁਲਾਬੋ ਮਾਸੀ' ਯਾਨੀ ਨਿਰਮਲ ਰਿਸ਼ੀ ਦਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਵਧਾਈਆਂ ਦੇ ਰਹੇ ਹਨ। ਨਿਰਮਲ ਰਿਸ਼ੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ। ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ।

ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ। ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ। ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ।

ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ। ਇੱਥੇ ਹੀ ਉਹਨਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ, ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ।

ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੇ । ਉਸ ਸਮੇਂ ਉਹਨਾਂ ਦੀ ਟੀਮ ਵਿਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਲ ਸਨ। ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਿਸ਼ਕਾਰਾ ਫ਼ਿਲਮ ਬਣਾਈ, ਜਿਸ ਵਿਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਹਨਾਂ ਨੂੰ ਜ਼ਿਆਦਾਤਰ ਲੋਕ 'ਗੁਲਾਬੋ ਮਾਸੀ' ਦੇ ਨਾਂ ਨਾਲ ਜਾਣਦੇ ਹਨ ।

ਦੱਸਣਯੋਗ ਹੈ ਕਿ ਨਿਰਮਲ ਰਿਸ਼ੀ ਨੇ 60 ਦੇ ਕਰੀਬ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ। 'ਲੌਂਗ ਦਾ ਲਿਸ਼ਕਾਰਾ' (1983), 'ਉੱਚਾ ਦਰ ਬਾਬੇ ਨਾਨਕ ਦਾ' (1985), 'ਦੀਵਾ ਬਲੇ ਸਾਰੀ ਰਾਤ', 'ਸੁਨੇਹਾ', 'ਲਵ ਪੰਜਾਬ' (2015), 'ਡੈਥ ਔਨ ਵੀਲਜ਼', 'ਵੁਮੇਨ ਫ੍ਰੋਮ ਦੀ ਈਸਟ', 'ਨਿੱਕਾ ਜ਼ੈਲਦਾਰ' (2016), 'ਅੰਗਰੇਜ' (2015), 'ਲਹੌਰੀਏ' (2017) ਅਤੇ 'ਨਿੱਕਾ ਜ਼ੈਲਦਾਰ 2' (2017) ਅਤੇ ਹੋਰ ਕਈ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ।

sunita

This news is Content Editor sunita