ਭਾਰਤ ’ਚ ਆਸਕਰ 2024 ਦੀਆਂ ਤਿਆਰੀਆਂ ਸ਼ੁਰੂ, ਇਨ੍ਹਾਂ ਫ਼ਿਲਮਾਂ ਦੇ ਨਾਂ ਆਏ ਸਾਹਮਣੇ

09/21/2023 4:36:03 PM

ਮੁੰਬਈ (ਬਿਊਰੋ)– ਆਸਕਰ 2024 ਲਈ ਭਾਰਤ ਤੋਂ ਅਧਿਕਾਰਤ ਐਂਟਰੀ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ’ਚ ‘ਦਿ ਕੇਰਲਾ ਸਟੋਰੀ’, ‘ਜ਼ਵਿਗਾਟੋ’, ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਤੇ ‘ਬਾਲਾਗਮ’ ਵਰਗੀਆਂ ਕਈ ਫ਼ਿਲਮਾਂ ਸ਼ਾਮਲ ਹਨ। ਆਸਕਰ ਕਮੇਟੀ ਨੇ ਚੇਨਈ ’ਚ ਕਈ ਸਕ੍ਰੀਨਿੰਗਾਂ ਰਾਹੀਂ ਆਪਣੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਸਕਰ 2024 ਲਈ ਭੇਜੀ ਜਾਣ ਵਾਲੀ ਅਧਿਕਾਰਤ ਫ਼ਿਲਮ ਦਾ ਐਲਾਨ ਸਤੰਬਰ ਦੇ ਆਖਰੀ ਹਫ਼ਤੇ ਕੀਤੇ ਜਾਣ ਦੀ ਉਮੀਦ ਹੈ।

ਹਿੰਦੁਸਤਾਨ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਆਸਕਰ ਕਮੇਟੀ ਨੂੰ ਭਾਰਤ ’ਚ 22 ਤੋਂ ਵੱਧ ਫ਼ਿਲਮਾਂ ਦੀਆਂ ਐਂਟਰੀਆਂ ਮਿਲੀਆਂ ਹਨ। ਹਾਲਾਂਕਿ, ਕਿਹੜੀ ਫ਼ਿਲਮ ਨੂੰ ਅਧਿਕਾਰਤ ਤੌਰ ’ਤੇ ਭੇਜਿਆ ਜਾਵੇਗਾ, ਇਸ ਦਾ ਫ਼ੈਸਲਾ ਫ਼ਿਲਮ ਨਿਰਮਾਤਾ ਗਿਰੀਸ਼ ਕਾਸਰਾਵਲੀ ਦੀ ਅਗਵਾਈ ਵਾਲੀ 17 ਮੈਂਬਰੀ ਜਿਊਰੀ ਵਲੋਂ ਲਿਆ ਜਾਵੇਗਾ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੁਝ ਫ਼ਿਲਮਾਂ ਅਜਿਹੀਆਂ ਹਨ, ਜੋ ਫਿਲਹਾਲ ਚੋਣ ਪ੍ਰਕਿਰਿਆ ’ਚੋਂ ਲੰਘ ਰਹੀਆਂ ਹਨ। ਇਹ ਫ਼ਿਲਮਾਂ ਫ਼ਿਲਮ ਫੈਡਰੇਸ਼ਨ ਆਫ ਇੰਡੀਆ ਨੂੰ ਚੋਣ ਲਈ ਭੇਜੀਆਂ ਗਈਆਂ ਹਨ। ਇਨ੍ਹਾਂ ’ਚ ‘ਦਿ ਸਟੋਰੀਟੇਲਰ’, ‘ਮਿਊਜ਼ਿਕ ਸਕੂਲ’, ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’, ‘12ਵੀਂ ਫੇਲ’, ‘ਘੂਮਰ’, ‘ਵਿਦੁਥਲਾਈ ਭਾਗ 1’ (ਤਾਮਿਲ), ‘ਦਸਰਾ’ (ਤੇਲੁਗੂ) ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਭਰ ’ਚ ਵਿਰੋਧ ਦੇ ਚਲਦਿਆਂ ਗਾਇਕ ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਟੂਰ ਹੋਇਆ ਰੱਦ

ਇਸ ਤੋਂ ਇਲਾਵਾ ਲਿਸਟ ’ਚ ‘ਵਾਲਵੀ’ ਤੇ ‘ਬਾਪ ਲਿਓਕ’, ‘ਗਦਰ 2’, ‘ਅਬ ਤੋ ਸਬ ਭਗਵਾਨ ਭਰੋਸੇ’ ਵਰਗੀਆਂ ਫ਼ਿਲਮਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਫ਼ਿਲਮਾਂ ਦੀਆਂ ਐਂਟਰੀਆਂ ਵੀ ਆ ਚੁੱਕੀਆਂ ਹਨ। ਹਾਲਾਂਕਿ ਇਨ੍ਹਾਂ ਦੀ ਫੀਸ ਨਹੀਂ ਆਈ ਹੈ।

ਆਸਕਰ ਕਮੇਟੀ ਨਾਲ ਜੁੜੇ ਸੂਤਰਾਂ ਮੁਤਾਬਕ ਕਮੇਟੀ ਦੇ ਮੈਂਬਰ 18 ਸਤੰਬਰ ਤੋਂ ਚੇਨਈ ਪਹੁੰਚ ਚੁੱਕੇ ਹਨ। ਉਹ ਸਾਰੇ ਇਸ ਪ੍ਰਕਿਰਿਆ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਅਧਿਕਾਰਤ ਐਂਟਰੀ ਲਈ ਨਾਵਾਂ ਨੂੰ ਅੰਤਿਮ ਰੂਪ ਦੇਣ ’ਚ ਲਗਭਗ 1 ਹਫ਼ਤਾ ਲੱਗੇਗਾ। ਮੰਨਿਆ ਜਾ ਰਿਹਾ ਹੈ ਕਿ 23 ਸਤੰਬਰ ਨੂੰ ਆਸਕਰ ਲਈ ਭਾਰਤ ਵਲੋਂ ਭੇਜੀ ਜਾਣ ਵਾਲੀ ਫ਼ਿਲਮ ਦਾ ਨਾਂ ਫਾਈਨਲ ਕਰ ਦਿੱਤਾ ਜਾਵੇਗਾ।

ਪਿਛਲੇ ਸਾਲ ਪਾਨ ਨਲਿਨ ਦੀ ਗੁਜਰਾਤੀ ਫ਼ਿਲਮ ‘ਛੇਲੋ ਸ਼ੋਅ’ ਨੂੰ ਅਧਿਕਾਰਤ ਤੌਰ ’ਤੇ ਭਾਰਤ ਨੇ 95ਵੇਂ ਆਸਕਰ ਪੁਰਸਕਾਰ ਲਈ ਭੇਜਿਆ ਸੀ, ਜਿਸ ਨੂੰ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਸੀ। ਆਸਕਰ 2023 ਭਾਰਤ ਲਈ ’ਕ ਵਧੀਆ ਸਾਲ ਸੀ, ਜਿਸ ’ਚ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਦੇ ਗੀਤ ‘ਨਾਟੂ ਨਾਟੂ’ ਨੇ ਸਰਵੋਤਮ ਗੀਤ ਤੇ ਗੁਨੀਤ ਮੋਂਗਾ ਦੀ ‘ਦਿ ਐਲੀਫੈਂਟ ਵਿਸਪਰਰਸ’ ਨੇ ਦੋ ਅਕੈਡਮੀ ਐਵਾਰਡ ਜਿੱਤੇ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲ ਦੀ ਸਫਲਤਾ ਨੂੰ ਦੇਖਦਿਆਂ ਫ਼ਿਲਮ ਮੇਕਰਸ ’ਚ ਨਵਾਂ ਆਤਮ ਵਿਸ਼ਵਾਸ ਪੈਦਾ ਹੋਇਆ ਹੈ।

ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼ ਨੇ 96ਵੇਂ ਆਸਕਰ ਐਵਾਰਡ ਸਮਾਰੋਹ ਦੀ ਤਾਰੀਖ਼ ਦਾ ਐਲਾਨ ਕੀਤਾ ਹੈ। ਅਕੈਡਮੀ ਮੁਤਾਬਕ 96ਵਾਂ ਆਸਕਰ ਐਵਾਰਡ ਸਮਾਰੋਹ 10 ਮਾਰਚ, 2024 ਨੂੰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh