ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ 'ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ

02/23/2023 11:38:11 AM

ਖੰਨਾ  (ਸੁਖਵਿੰਦਰ ਕੌਰ) - ਪ੍ਰਸਿੱਧ ਅੰਤਰਰਾਸ਼ਟਰੀ ਗਾਇਕ ਸਵ. ਸਰਦੂਲ ਸਿਕੰਦਰ ਦੀ ਨਿੱਘੀ ਯਾਦ ’ਚ ਸਾਲਾਨਾ ਧਾਰਮਿਕ ਸਮਾਗਮ ਦਾ ਆਯੋਜਨ ਉਨ੍ਹਾਂ ਦੀ ਧਰਮਪਤਨੀ, ਪ੍ਰਸਿੱਧ ਗਾਇਕਾ ਅਤੇ ਕਲਾਕਾਰ ਅਮਰ ਨੂਰੀ ਦੀ ਅਗਵਾਈ ’ਚ ਕੀਤਾ ਗਿਆ। ਇਸ ਦੌਰਾਨ ਸਵੇਰ ਮੌਕੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।

ਉਪਰੰਤ ਬਾਬਾ ਪਿਆਰਾ ਸਿੰਘ ਮਿੱਠੇ ਟਿਵਾਣੇ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਜਨਾਬ ਸਰਦੂਲ ਸਿਕੰਦਰ ਦੇ ਸਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਵੱਲੋਂ ਵੀ ਸ਼ਬਦ ਗਾਇਆ ਗਿਆ। ਇਸ ਮੌਕੇ ਬਾਈ ਜੀ ਨਿਰਦੋਸ਼ ਪੁਰੀ ਜੀ ਮਹਾਰਾਜ ਨੰਗਲੀ ਆਸ਼ਾਰਮ ਵਾਲਿਆਂ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ ਗਈ।

ਇਸ ਦੌਰਾਨ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ, ਵਿਧਾਇਕ ਖੰਨਾ ਤਰੁਣਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਨਾਭਾ ਦੇਵਮਾਨ ਨੇ ਜਨਾਬ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਰਦੂਲ ਸਿਕੰਦਰ ਭਾਵੇ ਬਹੁਤ ਵੱਡੇ ਕਲਾਕਾਰ ਸਨ ਪਰ ਉਨ੍ਹਾਂ ਨੇ ਕਦੇ ਵੀ ਹੰਕਾਰ ਨਹੀਂ ਕੀਤਾ।

ਉਹ ਹਰ ਛੋਟੇ ਵੱਡੇ ਅਤੇ ਅਮੀਰ ਗਰੀਬ ਨੂੰ ਬਹੁਤ ਹੀ ਅਦਬ ਸਤਿਕਾਰ ਨਾਲ ਮਿਲਦੇ ਸਨ। ਉਨ੍ਹਾਂ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਉਹ ਇਕ ਫਕੀਰ ਰੂਹ ਸੀ, ਜਿਸ ਕਰਕੇ ਉਨ੍ਹਾਂ ਨਾਲ ਹਰ ਧਰਮ ਦੇ ਲੋਕ ਪਿਆਰ ਕਰਦੇ ਸਨ।

ਇੰਝ ਲੱਗਦਾ ਹੈ ਜਿਵੇਂ ਉਹ ਅੱਜ ਵੀ ਸਾਡੇ ਵਿਚ ਹੀ ਹਨ। ਇਸ ਦੌਰਾਨ ਪ੍ਰਸਿੱਧ ਗਾਇਕ ਅਤੇ ਲੇਖਕ ਕਰਮਾ ਰੋਪੜ ਵਾਲਾ ਵਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ।

ਇਸ ਮੌਕੇ ਪ੍ਰਸਿੱਧ ਗਾਇਕ ਜੈਜ਼ੀ ਬੀ, ਬਰਿੰਦਰ ਡੈਵਿਟ, ਬਲਬੀਰ ਰਾਏ, ਸ਼ਬਨਮ ਰਾਏ, ਯੁੱਧਵੀਰ ਮਾਣਕ, ਜਰਨੈਲ ਘੁਮਾਣ, ਕਰੁਣ ਅਰੋੜਾ, ਭਿਵਾਨ ਸ਼ੰਕਰ, ਬੱਬੂ ਮਾਨੂੰਪੁਰੀਆ, ਲਖਵੀਰ ਸਿੰਘ, ਗੌਤਮ ਸ਼ਰਮਾ, ਈਸ਼ਾਂਤ ਵਰਮਾ, ਸੌਰਵ, ਪੱਪੂ, ਨੂਰ ਮੁਹੰਮਦ, ਅਨੁਜ ਮਹਿਤਾ, ਰਾਜੀਵ ਮਹਿਤਾ, ਹੇਮੰਤ ਸ਼ਰਮਾ, ਮੁਨੀਸ਼ ਕੁਮਾਰ, ਰਜਨੀਸ਼ ਸ਼ਰਮਾ, ਮੁਨੀਸ਼ ਵਿਧਾਇਕ, ਪੰਕਜ ਸਦਾਵਰਤੀ, ਕਮਲ ਸ਼ਰਮਾ, ਪੰਕਜ ਸ਼ਰਮਾ, ਦੀਪੂ, ਵਿਸ਼ਾਲ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita