60 ਦੇ ਦਹਾਕੇ ਦੀ ਅਦਾਕਾਰਾ ਪ੍ਰਿਆ ਰਾਜਵੰਸ਼ ਦੇ ਭਰਾਵਾਂ ਨੂੰ ਧੋਖਾਧੜੀ ਦੇ ਮਾਮਲੇ ’ਚ ਨੋਟਿਸ ਜਾਰੀ

03/01/2023 11:03:32 AM

ਚੰਡੀਗੜ੍ਹ (ਬਿਊਰੋ)– 60 ਦੇ ਦਹਾਕੇ ਦੀ ਬਾਲੀਵੁੱਡ ਅਦਾਕਾਰਾ ਪ੍ਰਿਆ ਰਾਜਵੰਸ਼ ਦੇ ਭਰਾਵਾਂ ਦੀ ਸੈਕਟਰ 5 ਸਥਿਤ ਕੋਠੀ ਨਾਲ ਜੁੜਿਆ ਮਾਮਲਾ ਚੰਡੀਗੜ੍ਹ ਸੀ. ਬੀ. ਆਈ. ਕੋਰਟ ’ਚ ਪਹੁੰਚਿਆ ਹੈ। ਇਸ ਮਾਮਲੇ ’ਚ ਦੋ ਸਾਲ ਪਹਿਲਾਂ ਸੀ. ਬੀ. ਆਈ. ਨੇ ਸੈਕਟਰ 11 ਦੇ ਅਮਰਦੀਪ ਸਿੰਘ ਬਰਾੜ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਦੋਸ਼ ਸਨ ਕਿ ਉਸ ਨੇ ਇਸ ਕੋਠੀ ਦੇ 50 ਫ਼ੀਸਦੀ ਸ਼ੇਅਰਜ਼ ਦੀ ਸੇਲ ਸਬੰਧੀ ਪੰਜਾਬ-ਹਰਿਆਣਾ ਹਾਈਕੋਰਟ ’ਚ ਇਕ ਫਰਜ਼ੀ ਪਟੀਸ਼ਨ ਦਾਇਰ ਕੀਤੀ ਸੀ।

ਇਸ ਦੀ ਜਾਂਚ ਸੀ. ਬੀ. ਆਈ. ਕੋਲ ਪਹੁੰਚੀ ਸੀ। ਸੀ. ਬੀ. ਆਈ. ਨੇ ਦੋ ਸਾਲਾਂ ਬਾਅਦ ਜਾਂਚ ਪੂਰੀ ਕਰਕੇ ਬਰਾੜ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਸੀ ਤੇ ਕੋਰਟ ਨੇ ਬਰਾੜ ਨੂੰ ਪੇਸ਼ ਹੋਣ ਲਈ ਸੰਮਨ ਕਰ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਹੁਣ ਕੇਸ ਦੀ ਸੁਣਵਾਈ 4 ਮਾਰਚ ਨੂੰ ਹੋਵੇਗੀ। ਇਹ ਕੋਠੀ ‘ਹੀਰ ਰਾਂਝਾ’, ‘ਹੱਸਦੇ ਜ਼ਖ਼ਮ’, ‘ਹਕੀਕਤ’ ਵਰਗੀਆਂ ਫ਼ਿਲਮਾਂ ਦੀ ਅਦਾਕਾਰਾ ਪ੍ਰਿਆ ਰਾਜਵੰਸ਼ (ਅਸਲੀ ਨਾਂ ਵੀਰਾ ਸੁੰਦਰ ਸਿੰਘ) ਦੇ ਪਿਤਾ ਸੁੰਦਰ ਸਿੰਘ ਦੀ ਸੀ। ਬਾਅਦ ’ਚ ਇਹ ਕੋਠੀ ਪ੍ਰਿਆ ਦੇ ਦੋਵਾਂ ਭਰਾਵਾਂ ਦੇ ਨਾਂ ਹੋ ਗਈ।

ਪ੍ਰਿਆ ਵੀ ਇਸ ’ਚ ਹਿੱਸੇਦਾਰ ਸੀ ਪਰ ਸਾਲ 2000 ’ਚ ਮੁੰਬਈ ’ਚ ਉਸ ਦਾ ਕਤਲ ਹੋ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਹ ਆਪਣਾ ਹਿੱਸਾ ਭਰਾਵਾਂ ਦੇ ਨਾਂ ਕਰ ਚੁੱਕੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh