ਆਮਿਰ ਖ਼ਾਨ ਦੀ ਫ਼ਿਲਮ ’ਚ ਨਿਭਾਇਆ ਛੋਟਾ ਕਿਰਦਾਰ, ਅੱਜ ਅਦਾਕਾਰੀ ਦੇ ਜ਼ੋਰ ’ਤੇ ਬੁਲੰਦੀਆਂ ’ਤੇ ਨੇ ਨਵਾਜ਼ੂਦੀਨ ਸਿੱਦੀਕੀ

05/19/2021 11:02:33 AM

ਮੁੰਬਈ (ਬਿਊਰੋ)– ਬਾਲੀਵੁੱਡ ’ਚ ਸਾਨੂੰ ਨੈਪੋਟੀਜ਼ਮ (ਭਾਈ-ਭਤੀਜਾਵਾਦ) ਦੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ। ਕਈ ਸਟਾਰ ਕਿੱਡਸ ਅਜਿਹੇ ਹਨ, ਜੋ ਸਾਰੀ ਉਮਰ ਦੀ ਸੰਘਰਸ਼ ਕਿਉਂ ਨਾ ਕਰ ਲੈਣ ਪਰ ਲੋਕਾਂ ਦੇ ਦਿਲਾਂ ’ਚ ਜਗ੍ਹਾ ਨਹੀਂ ਬਣਾ ਪਾਉਂਦੇ। ਉਥੇ ਕੁਝ ਸਿਤਾਰੇ ਅਜਿਹੇ ਵੀ ਹਨ, ਜੋ ਲੰਮੇ ਸੰਘਰਸ਼ ਤੋਂ ਬਾਅਦ ਲੋਕਾਂ ਦੇ ਦਿਲਾਂ ’ਚ ਘਰ ਕਰ ਜਾਂਦੇ ਹਨ ਤੇ ਉਨ੍ਹਾਂ ਨੂੰ ਕਿਸੇ ਸਟਾਰ ਪਾਵਰ ਦੀ ਲੋੜ ਵੀ ਨਹੀਂ ਪੈਂਦੀ।

ਮੁਜ਼ੱਫਰਨਗਰ ਦੇ ਬੁਡਾਨਾ ਪਿੰਡ ’ਚ ਹੋਇਆ ਜਨਮ
ਨਵਾਜ਼ੂਦੀਨ ਸਿੱਦੀਕੀ, ਹਿੰਦੀ ਸਿਨੇਮਾ ਦਾ ਅਜਿਹਾ ਨਾਮ ਹੈ, ਜਿਸ ਨੇ ਆਪਣੀ ਜ਼ਿੰਦਗੀ ’ਚ ਨਾ ਸਿਰਫ਼ ਅਣਥੱਕ ਮਿਹਨਤ ਕੀਤੀ, ਬਲਕਿ ਵੱਡੇ ਪਰਦੇ ’ਤੇ ਇਕ ਖ਼ਾਸ ਛਾਪ ਛੱਡੀ ਹੈ। ਨਵਾਜ਼ੂਦੀਨ ਸਿੱਦੀਕੀ ਹੁਣ ਤਕ ਕਈ ਬਾਲੀਵੁੱਡ ਫ਼ਿਲਮਾਂ ’ਚ ਆਪਣੇ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਸਿਰਫ਼ ਭਾਰਤ ’ਚ ਹੀ ਨਹੀਂ, ਬਲਕਿ ਪੂਰੀ ਦੁਨੀਆ ’ਚ ਹਨ। ਨਵਾਜ਼ੂਦੀਨ ਸਿੱਦੀਕੀ ਦਾ ਜਨਮ 19 ਮਈ, 1974 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਪਿੰਡ ਬੁਡਾਨਾ ’ਚ ਹੋਇਆ।

1999 ’ਚ ਆਮਿਰ ਖ਼ਾਨ ਦੀ ਫ਼ਿਲਮ ’ਚ ਨਿਭਾਇਆ ਛੋਟਾ ਕਿਰਦਾਰ
1996 ’ਚ ਨਵਾਜ਼ੂਦੀਨ ਸਿੱਦੀਕੀ ਆਪਣਾ ਘਰ ਛੱਡ ਕੇ ਦਿੱਲੀ ਆ ਗਏ ਤੇ ਇਥੇ ਆ ਕੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਆਪਣੀ ਅਦਾਕਾਰੀ ਦੀ ਪੜ੍ਹਾਈ ਪੂਰੀ ਕੀਤੀ। ਅਦਾਕਾਰੀ ਦੀ ਸਿਖਲਾਈ ਲੈਣ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਜਾਣ ਦਾ ਫ਼ੈਸਲਾ ਕੀਤਾ। ਫ਼ਿਲਮਾਂ ’ਚ ਇਕ ਛੋਟੇ ਜਿਹੇ ਰੋਲ ਲਈ ਨਵਾਜ਼ੂਦੀਨ ਸਿੱਦੀਕੀ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਉਹ ਪਹਿਲੀ ਵਾਰ 1999 ’ਚ ਆਮਿਰ ਖ਼ਾਨ ਦੀ ਫ਼ਿਲਮ ‘ਸਰਫਰੋਸ਼’ ’ਚ ਨਜ਼ਰ ਆਏ ਸਨ। ਇਸ ਫ਼ਿਲਮ ’ਚ ਨਵਾਜ਼ੂਦੀਨ ਸਿੱਦੀਕੀ ਦਾ ਕੁਝ ਮਿੰਟ ਦਾ ਕਿਰਦਾਰ ਸੀ।

‘ਗੈਂਗਸ ਆਫ ਵਾਸੇਪੁਰ’ ਨੇ ਬਦਲੀ ਕਿਸਮਤ
ਇਸ ਤੋਂ ਬਾਅਦ ਨਵਾਜ਼ੂਦੀਨ ਸਿੱਦੀਕੀ ਕਈ ਫ਼ਿਲਮਾਂ ’ਚ ਛੋਟੇ ਕਿਰਦਾਰਾਂ ’ਚ ਨਜ਼ਰ ਆਏ ਪਰ ਉਦੋਂ ਤਕ ਉਨ੍ਹਾਂ ਨੂੰ ਉਹ ਜਗ੍ਹਾ ਨਹੀਂ ਮਿਲੀ, ਜਿਸ ਦੀ ਉਨ੍ਹਾਂ ਨੂੰ ਉਮੀਦ ਸੀ। ਅਨੁਭਵੀ ਅਦਾਕਾਰ ਦੀ ਕਿਸਮਤ ਨੇ ਸਾਲ 2012 ’ਚ ਇਕ ਨਵਾਂ ਮੋੜ ਲੈ ਲਿਆ, ਜਦੋਂ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫ਼ਿਲਮ ‘ਗੈਂਗਸ ਆਫ਼ ਵਾਸੇਪੁਰ’ ਨੇ ਉਨ੍ਹਾਂ ਨੂੰ ਰਾਤੋ-ਰਾਤ ਇਕ ਉੱਭਰਦਾ ਕਲਾਕਾਰ ਬਣਾਇਆ। ਇਸ ਫ਼ਿਲਮ ’ਚ ਉਨ੍ਹਾਂ ਨੇ ਫੈਜ਼ਲ ਖ਼ਾਨ ਦਾ ਕਿਰਦਾਰ ਨਿਭਾਇਆ, ਜੋ ਅਜੇ ਵੀ ਸਿਨੇਮਾ ਪ੍ਰੇਮੀਆਂ ਨੂੰ ਪਸੰਦ ਹੈ।

ਦਿੱਤੀਆਂ ਕਈ ਸ਼ਾਨਦਾਰ ਫ਼ਿਲਮਾਂ
ਫ਼ਿਲਮ ‘ਗੈਂਗਸ ਆਫ ਵਾਸੇਪੁਰ’ ਤੋਂ ਬਾਅਦ ਨਵਾਜ਼ੂਦੀਨ ਸਿੱਦੀਕੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ‘ਬਦਲਾਪੁਰ’, ‘ਮਾਂਝੀ’, ‘ਦਿ ਲੰਚ ਬਾਕਸ’, ‘ਰਮਨ ਰਾਘਵ 2’, ‘ਰਈਸ’, ‘ਮੰਟੋ’ ਤੇ ‘ਠਾਕਰੇ’ ਸਮੇਤ ਕਈ ਸ਼ਾਨਦਾਰ ਫ਼ਿਲਮਾਂ ’ਚ ਕੰਮ ਕੀਤਾ ਤੇ ਬਾਲੀਵੁੱਡ ’ਚ ਆਪਣੀ ਪਛਾਣ ਬਣਾਈ। ਸਿਰਫ਼ ਫ਼ਿਲਮਾਂ ’ਚ ਹੀ ਨਹੀਂ, ਨਵਾਜ਼ੂਦੀਨ ਸਿੱਦੀਕੀ ਨੇ ਡਿਜੀਟਲ ਪਲੇਟਫਾਰਮ ’ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।

‘ਸੈਕਰੇਡ ਗੇਮਜ਼’ ਨੇ ਬਣਾਇਆ ਵੈੱਬ ਸੀਰੀਜ਼ ਦਾ ਬਾਦਸ਼ਾਹ
‘ਸੈਕਰੇਡ ਗੇਮਜ਼’ ਹਿੰਦੀ ਸਿਨੇਮਾ ਦੀ ਵੈੱਬ ਸੀਰੀਜ਼ ਬਾਰੇ ਬਹੁਤ ਜ਼ਿਆਦਾ ਚਰਚਾ ਕੀਤੀ ਜਾਂਦੀ ਹੈ। ਇਸ ਵੈੱਬ ਸੀਰੀਜ਼ ਨੇ ਨਵਾਜ਼ੂਦੀਨ ਸਿੱਦੀਕੀ ਦੀ ਸ਼ਖ਼ਸੀਅਤ ਨੂੰ ਅਦਾਕਾਰੀ ਦੀ ਦੁਨੀਆ ’ਚ ਹੋਰ ਮਜ਼ਬੂਤ ਕਰ ਦਿੱਤਾ। 2018 ’ਚ ਆਈ ‘ਸੈਕਰੇਡ ਗੇਮਜ਼’ ਨੇ ਨਾ ਸਿਰਫ਼ ਭਾਰਤ, ਬਲਕਿ ਪੂਰੀ ਦੁਨੀਆ ’ਚ ਬਹੁਤ ਸਾਰੀਆਂ ਸੁਰਖ਼ੀਆਂ ਬਟੋਰੀਆਂ। ਲੋਕ ਅਜੇ ਵੀ ਵੈੱਬ ਸੀਰੀਜ਼ ’ਚ ਨਵਾਜ਼ੂਦੀਨ ਸਿੱਦੀਕੀ ਦੇ ਕਿਰਦਾਰ ਗਣੇਸ਼ ਗਾਇਤੋਂਡੇ ਦੀ ਪ੍ਰਸ਼ੰਸਾ ਕਰਦੇ ਹਨ। ‘ਸੈਕਰੇਡ ਗੇਮਜ਼' ਤੋਂ ਇਲਾਵਾ ਨਵਾਜ਼ੂਦੀਨ ਸਿੱਦੀਕੀ ਨੇ ਕਈ ਹੋਰ ਵੈੱਬ ਸੀਰੀਜ਼ ’ਚ ਕੰਮ ਕੀਤਾ ਹੈ।

ਨੋਟ– ਨਵਾਜ਼ੂਦੀਨ ਦੀ ਕਿਹੜੀ ਫ਼ਿਲਮ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh