ਨਾਗਾਰਜੁਨ ਦੇ ਪੁੱਤਰ ਨੇ ਉਰਵਸ਼ੀ ਰੌਤੇਲਾ ਨੂੰ ਕੀਤਾ ਪ੍ਰੇਸ਼ਾਨ? ਟਵੀਟ ਦੇਖ ਭੜਕੀ ਅਦਾਕਾਰਾ ਨੇ ਭੇਜਿਆ ਕਾਨੂੰਨੀ ਨੋਟਿਸ

04/23/2023 5:41:13 PM

ਮੁੰਬਈ (ਬਿਊਰੋ)– ਆਪਣੇ ਆਪ ਨੂੰ ਫ਼ਿਲਮ ਸਮੀਖਿਅਕ ਕਹਾਉਣ ਵਾਲੇ ਉਮੈਰ ਸੰਧੂ ਇਕ ਵਾਰ ਮੁੜ ਬਾਲੀਵੁੱਡ ਅਦਾਕਾਰਾਂ ਦੀਆਂ ਝੂਠੀਆਂ ਖ਼ਬਰਾਂ ਫੈਲਾਉਣ ਦੇ ਦੋਸ਼ ’ਚ ਆ ਗਏ ਹਨ। ਉਰਵਸ਼ੀ ਰੌਤੇਲਾ ਬਾਰੇ ਇਸ ਸ਼ਖ਼ਸ ਨੇ ਦਾਅਵਾ ਕੀਤਾ ਕਿ ਸਾਊਥ ਅਦਾਕਾਰ ਅਖਿਲ ਅਕੀਨੇਨੀ ਨੇ ਅਦਾਕਾਰਾ ਨੂੰ ਪ੍ਰੇਸ਼ਾਨ ਕੀਤਾ ਹੈ। ਇਸ ਮਾਮਲੇ ’ਤੇ ਉਰਵਸ਼ੀ ਦਾ ਗੁੱਸਾ ਭੜਕ ਗਿਆ ਹੈ, ਉਸ ਨੇ ਇਸ ਨੂੰ ਝੂਠਾ ਦੱਸਦਿਆਂ ਉਮੈਰ ’ਤੇ ਕਾਨੂੰਨੀ ਕਾਰਵਾਈ ਕੀਤੀ ਹੈ।

ਉਰਵਸ਼ੀ ਰੌਤੇਲਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਥੇ ਉਸ ਨੇ ਦੱਸਿਆ ਕਿ ਉਸ ਦੀ ਟੀਮ ਨੇ ਉਮੈਰ ਸੰਧੂ ਨਾਂ ਦੇ ਵਿਅਕਤੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਰਵਸ਼ੀ ਨੇ ਲਿਖਿਆ, ‘‘ਮੇਰੀ ਕਾਨੂੰਨੀ ਟੀਮ ਵਲੋਂ ਤੁਹਾਨੂੰ ਮਾਨਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਮੈਂ ਸਪੱਸ਼ਟ ਤੌਰ ’ਤੇ ਤੁਹਾਡੇ ਝੂਠੇ ਤੇ ਹਾਸੋਹੀਣੇ ਟਵੀਟਸ, ਤੁਹਾਡੇ ਵਰਗੇ ਅਸ਼ਲੀਲ ਪੱਤਰਕਾਰਾਂ ਤੋਂ ਨਾਰਾਜ਼ ਹਾਂ। ਤੁਸੀਂ ਮੇਰੇ ਅਧਿਕਾਰਤ ਬੁਲਾਰੇ ਨਹੀਂ ਹੋ ਤੇ ਹਾਂ ਤੁਸੀਂ ਬਹੁਤ ਹੀ ਅਪਣੱਤ ਕਿਸਮ ਦੇ ਪੱਤਰਕਾਰ ਹੋ, ਜਿਸ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਬੇਚੈਨ ਕੀਤਾ ਹੈ।’’

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਇਸ ਦੇ ਨਾਲ ਹੀ ਅਦਾਕਾਰਾ ਨੇ ਉਮੈਰ ਦੇ ਟਵੀਟ ਦਾ ਇਕ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ, ਜਿਸ ’ਚ ਲਿਖਿਆ ਹੈ ਕਿ ਅਖਿਲ ਅਕੀਨੇਨੀ ਨੇ ਫ਼ਿਲਮ ‘ਏਜੰਟ’ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਪ੍ਰੇਸ਼ਾਨ ਕੀਤਾ ਹੈ। ਫ਼ਿਲਮ ਦੀ ਸ਼ੂਟਿੰਗ ਯੂਰਪ ’ਚ ਚੱਲ ਰਹੀ ਸੀ। ਅਦਾਕਾਰਾ ਮੁਤਾਬਕ, ‘‘ਅਖਿਲ ਇਕ ਬਹੁਤ ਹੀ ਅਪਵਿੱਤਰ ਕਿਸਮ ਦਾ ਅਦਾਕਾਰ ਹੈ, ਜਿਸ ਨੇ ਮੈਨੂੰ ਬਹੁਤ ਬੇਚੈਨ ਕੀਤਾ ਹੈ।’’ ਉਰਵਸ਼ੀ ਨੇ ਉਮੈਰ ਦੇ ਇਸ ਟਵੀਟ ਨੂੰ ਫਰਜ਼ੀ ਦੱਸਿਆ ਹੈ ਤੇ ਕਾਨੂੰਨੀ ਨੋਟਿਸ ਭੇਜਿਆ ਹੈ।

ਇਸ ਤੋਂ ਪਹਿਲਾਂ ਵੀ ਉਮੈਰ ਨੇ ਉਰਵਸ਼ੀ ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਅਦਾਕਾਰਾ ਦੇ ਕਿਰਦਾਰ ’ਤੇ ਸਵਾਲ ਚੁੱਕੇ ਸਨ। ਇਸ ਟਵੀਟ ਨੂੰ ਕੇ. ਆਰ. ਕੇ. ਨੇ ਰੀ-ਟਵੀਟ ਵੀ ਕੀਤਾ। ਉਮੈਰ ਨੇ ਹਾਲ ਹੀ ’ਚ ਸੇਲੀਨਾ ਜੇਤਲੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਵੀ ਕੀਤੀ ਸੀ। ਇਸ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ। ਅਦਾਕਾਰਾ ਨੇ ਕਿਹਾ ਸੀ, ‘‘ਪਿਆਰੇ ਮਿਸਟਰ ਸੰਧੂ, ਮੈਨੂੰ ਉਮੀਦ ਹੈ ਕਿ ਇਸ ਪੋਸਟ ਨੇ ਆਦਮੀ ਬਣਨ ਦੀ ਤੁਹਾਡੀ ਜ਼ਰੂਰਤ ਪੂਰੀ ਕਰ ਦਿੱਤੀ ਹੈ। ਤੁਸੀਂ ਆਪਣੀ ਨਪੁੰਸਕਤਾ ਦਾ ਇਲਾਜ ਕਰਵਾਉਣ ਦੀ ਉਮੀਦ ਜ਼ਰੂਰ ਦਿੱਤੀ ਹੋਵੇਗੀ।’’

ਕੰਮਕਾਜ ਦੀ ਗੱਲ ਕਰੀਏ ਤਾਂ ਉਰਵਸ਼ੀ ਰੌਤੇਲਾ ਨਾਗਾਰਜੁਨ ਦੇ ਪੁੱਤਰ ਅਖਿਲ ਅਕੀਨੇਨੀ ਨਾਲ ਪੈਨ ਇੰਡੀਆ ਫ਼ਿਲਮ ‘ਏਜੰਟ’ ’ਤੇ ਕੰਮ ਕਰ ਰਹੀ ਹੈ। ਇਸ ਫ਼ਿਲਮ ’ਚ ਮਮੂਟੀ ਵੀ ਮੁੱਖ ਭੂਮਿਕਾ ’ਚ ਹੋਣਗੇ। ਫ਼ਿਲਮ ਦਾ ਬਜਟ 100 ਕਰੋੜ ਦੱਸਿਆ ਜਾ ਰਿਹਾ ਹੈ। ਇਹ ਇਕ ਭਾਰਤੀ ਜਾਸੂਸੀ-ਥ੍ਰਿਲਰ ਫ਼ਿਲਮ ਹੋਵੇਗੀ। ‘ਏਜੰਟ’ ਫ਼ਿਲਮ ਦਾ ਨਿਰਦੇਸ਼ਨ ਸੁਰਿੰਦਰ ਰੈੱਡੀ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh