ਹੁਣ ਬਾਦਸ਼ਾਹ ਤੋਂ ਹੋਵੇਗੀ ਪੁੱਛਗਿੱਛ, ਮੁੰਬਈ ਪੁਲਸ ਨੇ ਭੇਜਿਆ ਸੰਮਨ, ਜਾਣੋ ਪੂਰਾ ਮਾਮਲਾ

08/05/2020 11:49:11 AM

ਮੁੰਬਈ (ਬਿਊਰੋ) — ਮੁੰਬਈ ਪੁਲਸ ਨੇ ਰੈਪਰ ਬਾਦਸ਼ਾਹ ਨੂੰ ਫਰਜੀ ਸੋਸ਼ਲ ਮੀਡੀਆ ਫਾਲੋਅਰਸ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਨੂੰ ਬੁਲਾਇਆ ਹੈ। ਪੁਲਸ ਨੇ ਬਾਦਸ਼ਾਹ ਨੂੰ ਅਪਰਾਧ ਸ਼ਾਖਾ 'ਚ ਪੇਸ਼ ਹੋਣ ਲਈ ਕਿਹਾ ਹੈ। ਮੁੰਬਈ ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਨ੍ਹਾਂ ਨੂੰ ਕਿਉਂ ਬੁਲਾਇਆ ਗਿਆ ਹੈ ਹਾਲਾਂਕਿ ਕਿਹਾ ਇਹੀ ਜਾ ਰਿਹਾ ਹੈ ਕਿ ਬਾਦਸ਼ਾਹ ਤੋਂ ਫਰਜੀ ਸੋਸ਼ਲ ਮੀਡੀਆ ਫਾਲੋਅਰਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਹੋ ਸਕਦੀ ਹੈ।

ਪੁਲਸ ਇਸ ਮਾਮਲੇ 'ਚ 20 ਤੋਂ ਜ਼ਿਆਦਾ ਸਿਤਾਰਿਆਂ ਦੇ ਬਿਆਨ ਦਰਜ ਕਰ ਚੁੱਕੀ ਹੈ ਤੇ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ। ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਦਾ ਨਾਂ ਬਾਲੀਵੁੱਡ ਦੀਆਂ ਉਨ੍ਹਾਂ ਪ੍ਰਸਿੱਧ ਹਸਤੀਆਂ 'ਚ ਸ਼ਾਮਲ ਸੀ, ਜਿਨ੍ਹਾਂ ਤੋਂ ਮੁੰਬਈ ਪੁਲਸ ਵਲੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਸੀ। ਹਾਲਾਂਕਿ ਹਾਲੇ ਤੱਕ ਇਨ੍ਹਾਂ 'ਚੋਂ ਕਿਸੇ ਤੋਂ ਵੀ ਪੁੱਛਗਿੱਛ ਨਹੀਂ ਕੀਤੀ ਗਈ ਹੈ। ਇਸ ਮਾਮਲੇ 'ਚ ਕਰੀਬ 100 ਸਿਤਾਰੇ ਪੁਲਸ ਦੀ ਰਡਾਰ 'ਤੇ ਹਨ।

ਦੱਸਣਯੋਗ ਹੈ ਕਿ ਸਿੰਗਰ ਭੂਮੀ ਤ੍ਰਿਵੇਦੀ ਨੇ ਫਰਜੀ ਸੋਸ਼ਲ ਮੀਡੀਆ ਫਾਲੋਅਰਸ ਨੂੰ ਲੈ ਕੇ ਮੁੰਬਈ ਪੁਲਸ 'ਚ ਮਾਮਲਾ ਦਰਜ ਕਰਵਾਇਆ ਸੀ। ਭੂਮੀ ਦਾ ਕਹਿਣਾ ਸੀ ਕਿ ਕੁਝ ਲੋਕ ਉਸ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਫਰਜੀ ਫੈਨ ਫਾਲੋਇੰਗ ਵਧਾਉਣ ਦਾ ਦਾਅਵਾ ਕਰ ਰਹੇ ਹਨ। ਜਦੋਂ ਇਸ ਮਾਮਲੇ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਕਈ ਖਿਡਾਰੀਆਂ, ਬਿਜ਼ਨੈੱਸਮੈਨ ਤੇ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਫਾਲੋਅਰਸ ਵਧਾਉਣ ਲਈ ਪੈਸੇ ਦਿੱਤੇ ਸਨ। ਹੁਣ ਫਰਜੀ ਫਾਲੋਅਰਸ ਮਾਮਲੇ 'ਚ ਪੁਲਸ ਆਪਣਾ ਸ਼ਿਕੰਜਾ ਲਗਾਤਾਰ ਕੱਸਦੀ ਜਾ ਰਹੀ ਹੈ।
 

sunita

This news is Content Editor sunita