ਫ਼ਿਲਮ ਇੰਡਸਟਰੀ ''ਚ ਫੈਲਿਆ ਨਸ਼ਿਆਂ ਦਾ ਜਾਲ, ਐਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤੀ ਇਕ ਹੋਰ ਅਦਾਕਾਰਾ

01/04/2021 10:14:54 AM

ਮੁੰਬਈ (ਬਿਊਰੋ) : ਐਨ. ਸੀ. ਬੀ. ਪਿਛਲੇ ਕਈ ਮਹੀਨਿਆਂ ਤੋਂ ਬਾਲੀਵੁੱਡ 'ਚ ਨਸ਼ਿਆਂ ਦੀ ਸਪਲਾਈ ਦੀ ਜਾਂਚ ਕਰ ਰਿਹਾ ਹੈ। ਇਸੇ ਪਹਿਲਕਦਮੀ 'ਚ ਐਨ. ਸੀ. ਬੀ. ਨੇ ਬੀਤੀ ਰਾਤ ਬਾਂਦਰਾ ਵੈਸਟ ਦੇ ਐਸ. ਵੀ. ਰੋਡ 'ਤੇ ਚੰਦ ਮੁਹੰਮਦ ਸ਼ੇਖ ਨਾਮ ਦੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਸਕੂਟੀ 'ਚੋਂ 10 ਲੱਖ ਰੁਪਏ ਦੀ 400 ਗ੍ਰਾਮ ਐਮ. ਡੀ. ਨਸ਼ੇ ਬਰਾਮਦ ਕੀਤੇ। ਐਨ. ਸੀ. ਬੀ. ਅਧਿਕਾਰੀਆਂ ਦੇ ਅਨੁਸਾਰ ਚੰਦ ਤੋਂ ਪੁੱਛਗਿੱਛ ਦੌਰਾਨ ਉਸ ਨੂੰ ਸਈਦ ਸ਼ੇਖ ਨਾਮਕ ਇਕ ਡਰੱਗ ਸਪਲਾਇਰ ਬਾਰੇ ਜਾਣਕਾਰੀ ਮਿਲੀ, ਜਿਸ ਦੀ ਉਮਰ ਮਹਿਜ਼ 25 ਸਾਲ ਹੈ। ਚੰਦ ਨੇ ਦੱਸਿਆ ਕਿ ਸਈਦ ਮੀਰਾਦ ਦੇ ਕ੍ਰਾਉਨ ਬਿਜ਼ਨਸ ਹੋਟਲ 'ਚ ਲੁਕਿਆ ਹੋਇਆ ਸੀ ਅਤੇ ਉਥੋਂ ਆਪਣਾ ਕਾਰੋਬਾਰ ਚਲਾ ਰਿਹਾ ਸੀ, ਜਿਸ ਤੋਂ ਬਾਅਦ ਐਨ. ਸੀ. ਬੀ. ਦੀ ਇਕ ਟੀਮ ਨੇ ਹੋਟਲ ਦੇ ਉਸ ਕਮਰੇ 'ਚ ਛਾਪਾ ਮਾਰਿਆ, ਜਿੱਥੇ ਸਈਦ ਲੁਕਿਆ ਹੋਇਆ ਸੀ ਪਰ ਜਦੋਂ ਤਕ ਟੀਮ ਉਥੇ ਪਹੁੰਚੀ ਸਈਦ ਭੱਜਣ 'ਚ ਸਫ਼ਲ ਹੋ ਗਿਆ।

ਐਨ. ਸੀ. ਬੀ. ਅਧਿਕਾਰੀ ਨੇ ਦੱਸਿਆ ਕਿ ਉਸੇ ਕਮਰੇ 'ਚ ਉਸ ਨੂੰ ਇਕ ਟਾਲੀਵੁੱਡ ਅਦਾਕਾਰਾ ਮਿਲੀ, ਜਿਸ ਦੀ ਉਮਰ ਮਹਿਜ਼ 20 ਸਾਲ ਹੈ। ਜਾਂਚ ਦੌਰਾਨ ਐਨ. ਸੀ. ਬੀ. ਨੇ ਉਸ ਅਦਾਕਾਰਾ ਤੋਂ ਕੁਝ ਮਾਤਰਾ 'ਚ ਐਮ. ਡੀ. ਨਸ਼ੇ ਵੀ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਐਨ. ਸੀ. ਬੀ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 

ਦੱਸ ਦੇਈਏ ਕਿ ਚੰਦ ਮੁੰਬਈ ਦੇ ਸੈਂਟਾਕਰੂਜ਼ ਖ਼ੇਤਰ 'ਚ ਰਹਿੰਦਾ ਹੈ ਅਤੇ ਇਕ ਵੱਡੀ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਉਸ ਨੇ 2020 ਦੇ ਸ਼ੁਰੂ 'ਚ ਕੰਮ ਛੱਡ ਦਿੱਤਾ ਅਤੇ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਹੋ ਗਿਆ। ਐਨ. ਸੀ. ਬੀ. ਦੀ ਟੀਮ ਸਈਦ ਦੀ ਭਾਲ 'ਚ ਲੱਗੀ ਹੋਈ ਹੈ ਅਤੇ ਟਾਲੀਵੁੱਡ ਅਦਾਕਾਰਾ ਤੋਂ ਬਰਾਮਦ ਨਸ਼ਿਆਂ ਅਤੇ ਸਪਲਾਇਰ ਨਾਲ ਉਸ ਦੇ ਰਿਸ਼ਤੇ 'ਤੇ ਸਵਾਲ ਕਰ ਰਹੀ ਹੈ। ਐਨ. ਸੀ. ਬੀ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚੰਦ ਮੁੰਬਈ ਦੇ ਪੱਛਮੀ ਉਪਨਗਰ ਖ਼ੇਤਰ 'ਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਨਸ਼ਿਆਂ ਦੀ ਸਪਲਾਈ ਕਰਦਾ ਸੀ, ਜਿਨ੍ਹਾਂ 'ਚੋਂ ਬਹੁਤ ਸਾਰੇ ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ ਦੇ ਹਨ। ਐਨ. ਸੀ. ਬੀ. ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਟਾਲੀਵੁੱਡ ਦੇ ਕਿੰਨੇ ਲੋਕ ਨਸ਼ਿਆਂ 'ਚ ਸ਼ਾਮਲ ਹੁੰਦੇ ਹਨ ਜਾਂ ਨਸ਼ੇ ਲੈਂਦੇ ਹਨ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News