ਪ੍ਰਸਿੱਧ ਨਿਰਦੇਸ਼ਕ ਮੋਹਿਤ ਬਨਵੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਖ਼ੁਦ ਨੂੰ ਗੋਲਡੀ ਬਰਾੜ ਦੱਸ ਕੇ ਮੰਗਿਆ 1 ਕਰੋੜ

08/31/2022 1:40:54 PM

ਚੰਡੀਗੜ੍ਹ (ਬਿਊਰੋ) : ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਵੱਲੋਂ ਲੋਕਾਂ ਤੋਂ ਫਿਰੌਤੀ ਮੰਗਣ ਲਈ ਕੀਤੀਆਂ ਜਾਣ ਵਾਲੀਆਂ ਫੋਨ ਕਾਲਾਂ ਦਾ ਸਿਲਸਿਲਾ ਅਚਾਨਕ ਵਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਗੈਂਗਸਟਰ ਦੇ ਨਾਂ 'ਤੇ ਵਪਾਰੀਆਂ, ਗਾਇਕਾਂ ਤੇ ਲੀਡਰਾਂ ਤੋਂ ਫਿਰੌਤੀ ਮੰਗਣ ਦਾ ਸਿਲਸਿਲਾ ਆਮ ਹੋ ਗਿਆ। ਬੀਤੇ ਦਿਨੀਂ ਪੰਜਾਬ ਦੇ ਕਈ ਵਿਧਾਇਕਾਂ ਨੂੰ ਵੀ ਫਿਰੌਤੀ ਦੇਣ ਦੇ ਫੋਨ ਆ ਚੁੱਕੇ ਹਨ। ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਲੈਣ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਦੱਸਦਿਆਂ ਕਿਹਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਉਸ ਨੇ ਫਿਰੌਤੀ ਨਾ ਦੇਣ 'ਤੇ ਬਨਵੈਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੋਸ਼ੀ ਨੇ ਨਿਰਦੇਸ਼ਕ ਨੂੰ ਫੋਨ 'ਤੇ ਉਸ ਦੇ ਘਰ ਦੇ ਨੰਬਰ ਤੋਂ ਲੈ ਕੇ ਗੱਡੀਆਂ ਤੱਕ ਦੇ ਨੰਬਰ ਲਿਖ ਕੇ ਭੇਜੇ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੋਹਿਤ ਬਨਵੈਤ ਨੇ ਦੱਸਿਆ ਕਿ ਉਸ ਦੇ ਮੋਬਾਈਲ 'ਤੇ ਇੱਕ ਕਾਲ ਆਈ। ਉਸ ਨੇ ਕਿਹਾ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ। ਜੇਕਰ ਤੁਸੀਂ ਆਪਣੀ ਜਾਨ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਕਰੋੜ ਦੇਣਾ ਪਵੇਗਾ। ਇਹ ਕਹਿ ਕੇ ਫੋਨ ਕੱਟ ਦਿੱਤਾ। ਫਿਰ ਉਸ ਦੇ ਵਟਸਐਪ 'ਤੇ ਇੱਕ ਨੰਬਰ ਤੋਂ ਮੈਸੇਜ ਆਇਆ, ਜਿਸ ਵਿਚ ਉਸ ਦੇ ਘਰ ਦਾ ਨੰਬਰ ਤੇ ਗੱਡੀ ਦਾ ਨੰਬਰ ਲਿਖਿਆ ਸੀ। ਉਸ ਨੂੰ ਰਿਕਾਰਡਿੰਗ ਦੇ ਜ਼ਰੀਏ ਧਮਕੀਆਂ ਭੇਜਿਆ ਗਈਆਂ।

ਇਹ ਖ਼ਬਰ ਵੀ ਪੜ੍ਹੋ : ‘ਗੋਡਿਆਂ ਭਾਰ ਜਿਊਣ ਨਾਲੋਂ ਚੰਗਾ ਹੈ ਖੜ੍ਹੇ ਹੋ ਕੇ ਮਰ ਜਾਣਾ’, ਸਿੱਧੂ ਦੇ ਇੰਸਟਾ ਅਕਾਊਂਟ ’ਤੇ ਸਾਂਝੀ ਹੋਈ ਨਵੀਂ ਤਸਵੀਰ

ਦੱਸ ਦੇਈਏ ਕਿ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਤੋਂ ਫਿਰੌਤੀ ਮੰਗਣ ਦੇ ਫੋਨ ਆਉਣ ਦਾ ਸਿਲਸਿਲਾ 2018 ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਸੈਕਟਰ-91 'ਚ ਹਮਲਾ ਹੋਇਆ ਸੀ। ਇਸ ਦੌਰਾਨ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਸੀ। ਇਸ ਤੋਂ ਬਾਅਦ ਜਦੋਂ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ' ਰਿਲੀਜ਼ ਹੋਈ ਤਾਂ ਉਸ ਨੂੰ ਫਿਰੌਤੀ ਦੇਣ ਦਾ ਫੋਨ ਆਇਆ। ਇਸ ਮਾਮਲੇ 'ਚ ਫੇਜ਼-8 ਥਾਣੇ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਸਮੇਤ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita