ਮਿਲੋ ਸਲਮਾਨ ਖ਼ਾਨ ਦੇ ਬਾਡੀ ਡਬਲ ਪਰਵੇਜ਼ ਕਾਜ਼ੀ ਨੂੰ, ਮਸ਼ਹੂਰ ਹੁੰਦਿਆਂ ਹੀ ਵਧੀ ਕਮਾਈ ਤੇ ਪ੍ਰਸਿੱਧੀ

05/19/2021 6:10:27 PM

ਮੁੰਬਈ (ਬਿਊਰੋ)– ਦਰਸ਼ਕ ਸਕ੍ਰੀਨ ’ਤੇ ਫ਼ਿਲਮੀ ਸਿਤਾਰਿਆਂ ਨੂੰ ਖ਼ਤਰਨਾਕ ਸਟੰਟ ਕਰਦੇ ਦੇਖਦੇ ਹਨ ਤੇ ਸਿਤਾਰਿਆਂ ਦੀ ਤਾਰੀਫ਼ ਕਰਦੇ ਹਨ। ਹਾਲਾਂਕਿ ਸੱਚਾਈ ਇਹ ਹੈ ਕਿ ਜ਼ਿਆਦਾਤਰ ਸਟੰਟ ਸੀਨਜ਼ ਲਈ ਬਾਡੀ ਡਬਲ ਯਾਨੀ ਉਨ੍ਹਾਂ ਵਰਗੇ ਦਿਖਣ ਵਾਲੇ ਲੋਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕੰਮ ਲਈ ਬਾਡੀ ਡਬਲ ਨੂੰ ਚੰਗੇ ਪੈਸੇ ਮਿਲਦੇ ਹਨ ਤੇ ਥੋੜ੍ਹੀ ਬਹੁਤ ਪ੍ਰਸਿੱਧੀ ਵੀ ਹੁੰਦੀ ਹੈ।

ਹਾਲ ਹੀ ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਰਿਲੀਜ਼ ਹੋਈ ਹੈ। ਇਸ ’ਚ ਸਲਮਾਨ ਦੇ ਬਾਡੀ ਡਬਲ ਦੇ ਰੂਪ ’ਚ ਪਰਵੇਜ਼ ਕਾਜ਼ੀ ਨਜ਼ਰ ਆਏ। ਪਰਵੇਜ਼ ਨੇ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਸਲਮਾਨ ਦੀ ਤਰ੍ਹਾਂ ਕੱਪੜੇ ਪਹਿਨੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਪਰਵੇਜ਼ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਰਵੇਜ਼ ਕਾਜ਼ੀ ਕੌਣ ਤੇ ਕਿਹੜੀਆਂ ਫ਼ਿਲਮਾਂ ’ਚ ਸਲਮਾਨ ਦੇ ਬਾਡੀ ਡਬਲ ਦੇ ਰੂਪ ’ਚ ਕੰਮ ਕਰ ਚੁੱਕੇ ਹਨ ਤੇ ਇਸ ਕੰਮ ਦੇ ਬਦਲੇ ਉਨ੍ਹਾਂ ਨੂੰ ਕਿੰਨੇ ਪੈਸੇ ਮਿਲਦੇ ਹਨ।

ਪਰਵੇਜ਼ ਕਾਜ਼ੀ ਦੇ ਤੁਰਨ-ਫਿਰਨ, ਬੋਲਣ ਤੇ ਕਈ ਹੋਰ ਅੰਦਾਜ਼ ਸਲਮਾਨ ਖ਼ਾਨ ਵਰਗੇ ਹੀ ਹਨ। ਪਰਵੇਜ਼ ਨੇ ਸਲਮਾਨ ਦੇ ਬਾਡੀ ਡਬਲ ਦੇ ਰੂਪ ’ਚ ‘ਪ੍ਰੇਮ ਰਤਨ ਧਨ ਪਾਓ’, ‘ਸੁਲਤਾਨ’, ‘ਦਬੰਗ 3’, ‘ਭਾਰਤ’, ‘ਰੇਸ 3’, ‘ਟਾਈਗਰ ਜ਼ਿੰਦਾ ਹੈ’ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ।

ਪਰਵੇਜ਼ ਨੇ ਇਕ ਵੈੱਬਸਾਈਟ ਨਾਲ ਗੱਲਬਾਤ ’ਚ ਦੱਸਿਆ ਕਿ ਉਹ ਪਹਿਲਾਂ ਇਕ ਨੌਕਰੀ ਕਰਦੇ ਸਨ, ਜਿਸ ’ਚ ਉਨ੍ਹਾਂ ਨੂੰ ਮਹੀਨੇ ਦੇ 15 ਤੋਂ 20 ਹਜ਼ਾਰ ਰੁਪਏ ਮਿਲਦੇ ਸਨ। ਇਸ ਤੋਂ ਬਾਅਦ ਜਦੋਂ ਸਲਮਾਨ ਲਈ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹੀ ਕਮਾਈ ਹੁਣ ਕਰੀਬ 8 ਗੁਣਾ ਵੱਧ ਗਈ ਹੈ। ਮੁੰਬਈ ਦੇ ਰਹਿਣ ਵਾਲੇ ਪਰਵੇਜ਼ ਦੇ ਪਰਿਵਾਰ ’ਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਤੇ ਇਕ ਬੇਟੀ ਤੇ ਦੋ ਭੈਣਾਂ ਹਨ।

ਪਰਵੇਜ਼ ਦਾ ਕਹਿਣਾ ਹੈ ਕਿ ਉਹ ਸਲਮਾਨ ਨਾਲ 7-8 ਸਾਲਾਂ ਤੋਂ ਕੰਮ ਕਰ ਰਹੇ ਹਨ। ਸਲਮਾਨ ਉਸ ਨਾਲ ਬਹੁਤ ਦੋਸਤਾਨਾ ਵਿਵਹਾਰ ਕਰਦੇ ਹਨ। ਇਕ ਵਾਰ ਹਾਸੇ-ਮਜ਼ਾਕ ’ਚ ਸਲਮਾਨ ਨੇ ਪਰਵੇਜ਼ ਨੂੰ ਕਿਹਾ ਕਿ ਇਹ ਦੱਸੋ ਕਿ ਉਹ ਮੇਰੇ ਵਰਗੇ ਦਿਖਦੇ ਹਨ ਜਾਂ ਮੈਂ ਉਨ੍ਹਾਂ ਵਾਂਗ ਦਿਖਦਾ ਹਾਂ।

ਜ਼ਿਕਰਯੋਗ ਹੈ ਕਿ ਪਰਵੇਜ਼ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਹਨ ਤੇ ਮਸ਼ਹੂਰ ਵੀ ਹਨ। ਦੇਸ਼ ’ਚ ਟਿਕਟਾਕ ਬੈਨ ਹੋਣ ਤੋਂ ਪਹਿਲਾਂ ਉਹ ਇਸ ਪਲੇਟਫਾਰਮ ’ਤੇ ਵੀ ਮਸ਼ਹੂਰ ਸਨ। ਉਹ ਕਹਿੰਦੇ ਹਨ ਕਿ ਉਹ ਜਿਥੇ ਵੀ ਜਾਂਦੇ ਹਨ ਲੋਕ ਉਨ੍ਹਾਂ ਨੂੰ ਇਕ ਵਾਰ ਜ਼ਰੂਰ ਮੁੜ ਕੇ ਦੇਖਦੇ ਹਨ। ਪਰਵੇਜ਼ ਦਾ ਕਹਿਣਾ ਹੈ ਕਿ ਉਹ ਸਲਮਾਨ ਦੀ ਖੂਬਸੂਰਤੀ ਦੇ 10 ਫੀਸਦੀ ਵੀ ਨਹੀਂ ਹਨ। ਪਰਵੇਜ਼ ਮੁਤਾਬਕ ਬਚਪਨ ਤੋਂ ਹੀ ਉਸ ਦੀ ਲੁੱਕ ਸਲਮਾਨ ਵਰਗੀ ਦਿਖਣ ਲੱਗੀ ਸੀ। ਲੋਕ ਸੱਲੂ ਭਾਈ ਕਹਿ ਕੇ ਉਸ ਨੂੰ ਬੁਲਾਉਂਦੇ ਸਨ। ਜਦੋਂ ਸਲਮਾਨ ਨਾਲ ਜੁੜੇ ਤਾਂ ਨਾ ਸਿਰਫ ਕਮਾਈ ਵਧੀ, ਸਗੋਂ ਪ੍ਰਿਸੱਧੀ ਵੀ ਵੱਧ ਗਈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita