ਗਾਇਕ ਲੱਕੀ ਹਰਖੋਵਾਲੀਆ ਦਾ ਨਵਾਂ ਗੀਤ ‘ਬਰੂਦ ਜੱਟ’ ਲੋਕ ਅਰਪਣ

11/19/2020 2:36:24 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਸ਼ੌਂਕ ਕਿਸੀ ਵੀ ਉਮਰ ਵਿੱਚ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ।ਗਾਉਣਾ ਵੀ ਪੰਜਾਬੀਆਂ ਦੇ ਸੁਭਾਅ ਦੀ ਨਿਸ਼ਾਨੀ ਹੈ।ਜਨਮ ਤੋਂ ਲੈ ਕੇ ਅੰਤ ਤਕ ਦੇ ਰੀਤੀ ਰਿਵਾਜਾਂ ਵਿੱਚ ਗਾਉਣਾ ਇੱਕ ਅਹਿਮ ਅੰਗ ਮੰਨਿਆ ਗਿਆ ਹੈ।ਪੰਜਾਬੀ ਗਾਇਕੀ ਦੇ ਪਿੜ 'ਚ ਨਵੇ ਗਾਇਕਾਂ ਦੀ ਆਮਦ ਨੇ ਸਮੁੱਚੀ ਪੰਜਾਬੀ ਗਾਇਕੀ ਦੇ ਮਿਆਰ ਅਤੇ ਸੰਭਾਵਨਾਵਾਂ ਨੂੰ ਕੌਮਾਂਤਰੀ ਖਾਕੇ ਤੇ ਚਿਤਰਿਆ ਹੈ।ਇਸੇ ਤਰਜ਼ ਤੇ ਪੰਜਾਬੀ ਮਾਂ ਖੇਡ ਕਬੱਡੀ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਚੁੱਕੇ ਲੱਕੀ  ਹਰਖੋਵਾਲੀਆ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਹੈ।

ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਹਰਖੋਵਾਲ ਦੇ ਇਸ ਨੌਜਵਾਨ ਨੇ ਐੱਸ ਡੀ ਕਾਲਜ ਹੁਸ਼ਿਆਰਪੁਰ (ਪੰਜਾਬ) ਵਿਖੇ ਪੜ੍ਹਾਈ ਦੌਰਾਨ ਪਾਰਖੂ ਉਸਤਾਦਾਂ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਖੋ ਖੋ, ਵਾਲੀਬਾਲ ਅਤੇ ਕ੍ਰਿਕਟ ਵਿੱਚ ਚੰਗੀਆਂ ਮੱਲਾਂ ਮਾਰੀਆਂ। ਕਬੱਡੀ ਦਾ ਸ਼ੌਕ ਲੱਕੀ ਨੂੰ ਖੂਬਸੂਰਤ ਮੁਲਕ ਕੈਨੇਡਾ ਲੈ ਗਿਆ ਤੇ ਉਸ ਨੇ ਅੰਤਰਰਾਸ਼ਟਰੀ ਪੱਧਰ ਤੇ ਬੇਹੱਦ ਨਾਮਣਾ ਖੱਟਿਆ।ਖੇਡਾਂ ਵਿਚ ਬੇਹੱਦ ਰੁਚੀ ਹੋਣ ਦੇ ਬਾਵਜੂਦ ਲੱਕੀ ਨੇ ਗਾਇਕੀ ਦਾ ਸ਼ੌਂਕ ਵੀ ਜਾਰੀ ਰੱਖਿਆ।ਬਚਪਨ ਵਿੱਚ ਗੁਰੂ ਘਰਾਂ ਵਿਚ ਕੀਰਤਨ ਕਰਨ ਅਤੇ ਲੋਕ ਸਾਜ਼ ਵਜਾਉਣ ਦੀ ਰੁਚੀ ਨੇ ਗਾਇਕੀ ਦੇ ਸ਼ੌਕ ਨੂੰ ਹੋਰ ਗੂੜ੍ਹਾ ਕੀਤਾ।

ਲੱਕੀ ਹਰਖੋਵਾਲੀਆ ਬਹੁਤ ਸਹਿਜਤਾ ਨਾਲ ਪੰਜਾਬੀ ਗਾਇਕੀ ‘ਚ ਨਾਮਣਾ ਖੱਟਣ ਵਾਲੀ ਪੌੜੀ 'ਤੇ ਚੜ੍ਹ ਰਿਹਾ ਹੈ ਤੇ ਇੱਕ ਵਾਰ ਫੇਰ ਆਪਣੇ ਨਵੇਂ ਗੀਤ ‘ਬਰੂਦ ਜੱਟ’ ਨਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਮੁੜ ਹਾਜ਼ਰ ਹੋਇਆ ਹੈ। ਗੀਤਕਾਰ ਦੀਪ ਸਿੱਧੂ ਦੇ ਕਲਮਬੱਧ ਗੀਤ ਨੂੰ ਸੰਗੀਤਕਾਰ ਡੋਪ ਪੈਪਜ ਨੇ ਸੁਰਾਂ ਨਾਲ ਸ਼ਿੰਗਾਰਿਆ ਹੈ।ਇਸ ਗੀਤ ਦਾ ਫਿਲਮਾਂਕਣ ਕੈਨੇਡਾ ਦੀਆਂ ਖ਼ੂਬਸੂਰਤ ਥਾਵਾਂ 'ਤੇ ਨਿਰਦੇਸ਼ਕ ਜਤਿੰਦਰ ਵੱਲੋਂ ਕੀਤਾ ਗਿਆ ਹੈ।ਗੌਰਤਲਬ ਹੈ ਕਿ ਲੱਕੀ ਨੇ 'ਟਾਕਰੇ ','ਲਲਕਾਰਾ ','ਚੰਨਾ ਤੇਰੀ ਉਹ ', 'ਕਾਫ਼ਲੇ', 'ਪੰਗਾ ' ਗੀਤਾ ਨੂੰ ਵੀ ਸਰੋਤਿਆਂ ਵੱਲੋਂ ਸਲਾਹਿਆ ਗਿਆ ਅਤੇ ਹਥਲੇ ਗੀਤ ਦੀ ਹਰ ਵਰਗ ਦੇ ਸਰੋਤਿਆਂ ਵੱਲੋਂ ਸ਼ਲਾਘਾ ਹੋ ਰਹੀ ਹੈ। ਲੱਕੀ ਦਾ ਕਹਿਣਾ ਹੈ ਕਿ ਅਸਲ ਗਾਇਕ ਉਹ ਹੈ ਜੋ ਹਿੱਕ ਦੇ ਜ਼ੋਰ ਨਾਲ ਮਾਇਕ ਤੋਂ ਪਰੇ ਰਹਿ ਕੇ ਵੀ ਗਾ ਜਾਵੇ। ਉਸ ਨੇ ਕਦੇ ਵੀ ਆਪਣੀ ਲੀਹ ਤੋਂ ਹੱਟਕੇ ਨਹੀਂ ਗਾਇਆ ਅਤੇ ਇਹੋ ਹੀ ਲੱਕੀ ਦੀ ਅਸਲੀ ਪਹਿਚਾਣ ਬਣੀ ਹੈ। 

Vandana

This news is Content Editor Vandana