ਕਹਾਣੀ ਚੋਰੀ ਦੇ ਮਾਮਲੇ ’ਚ ਕੰਗਨਾ ਨੂੰ ਭੇਜਿਆ ਕਾਨੂੰਨੀ ਨੋਟਿਸ, 72 ਘੰਟਿਆਂ ਅੰਦਰ ਮੰਗਿਆ ਜਵਾਬ

01/17/2021 3:02:43 PM

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਕੰਗਨਾ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਤੇ 72 ਘੰਟਿਆਂ ਦੇ ਅੰਦਰ ਉਸ ਕੋਲੋਂ ਜਵਾਬ ਵੀ ਮੰਗਿਆ ਗਿਆ ਹੈ। ਪੂਰਾ ਮਾਮਲਾ ਕੰਗਨਾ ਦੇ ਅਗਲੇ ਪ੍ਰਾਜੈਕਟ ਨਾਲ ਜੁੜਿਆ ਹੈ। ਹਾਲ ਹੀ ’ਚ ਕੰਗਨਾ ਰਣੌਤ ਨੇ ਆਪਣੀ ਫ਼ਿਲਮ ‘ਮਣੀਕਰਣਿਕਾ’ ਫਰੈਂਚਾਇਜ਼ੀ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਸੀ ਤੇ ਛੇਤੀ ਹੀ ‘ਮਣੀਕਰਣਿਕਾ ਰਿਟਰਨਜ਼ : ਦਿ ਲੈਜੰਡ ਆਫ ਦਿਡਾ’ ਲੈ ਕੇ ਆਉਣ ਵਾਲੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸੇ ਫ਼ਿਲਮ ਦੇ ਐਲਾਨ ਤੋਂ ਬਾਅਦ ਉਸ ’ਤੇ ਚੋਰੀ ਦਾ ਦੋਸ਼ ਲੱਗ ਗਿਆ। ਦਿਡਾ ਦੇ ਰਾਈਟਰ ਆਸ਼ੀਸ਼ ਕੌਲ ਨੇ ਪਹਿਲਾਂ ਕੰਗਨਾ ’ਤੇ ਦੋਸ਼ ਲਗਾਇਆ ਕਿ ਉਸ ਨੇ ਕਹਾਣੀ ਚੋਰੀ ਕੀਤੀ ਹੈ ਤੇ ਹੁਣ ਲੇਖਕ ਨੇ ਕੰਗਨਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ।

ਲੇਖਕ ਨੇ ਕੰਗਨਾ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਹੈ ਤੇ 72 ਘੰਟਿਆਂ ਅੰਦਰ ਉਸ ਕੋਲੋਂ ਜਵਾਬ ਵੀ ਮੰਗਿਆ ਹੈ। ਆਸ਼ੀਸ਼ ਕੌਲ ਨੇ ਕੰਗਨਾ ਰਣੌਤ ’ਤੇ ਕਾਪੀਰਾਈਟ ਦਾ ਦੋਸ਼ ਲਗਾਇਆ ਹੈ।

ਆਸ਼ੀਸ਼ ਕੌਲ ਨੇ ਕਿਹਾ ਹੈ ਕਿ ਕੰਗਨਾ ਨੇ ਉਸ ਦੀ ਕਿਤਾਬ ‘ਦਿਡਾ : ਦਿ ਵਾਰੀਅਰ ਕੁਈਨ ਆਫ ਕਸ਼ਮੀਰ’ ਦੇ ਹਿੰਦੀ ਵਰਜ਼ਨ ਨੂੰ ਲਿਖਣ ਦੀ ਉਸ ਕੋਲੋਂ ਮੰਗ ਕੀਤੀ ਸੀ। ਆਸ਼ੀਸ਼ ਕੌਲ ਮੁਤਾਬਕ ਉਸ ਨੇ 11 ਸਤੰਬਰ, 2020 ਨੂੰ ਕੰਗਨਾ ਨੂੰ ਈ-ਮੇਲ ਭੇਜਿਆ ਸੀ, ਜੋ ਉਸ ਦੀ ਭੈਣ ਰੰਗੋਲੀ ਦੇਖਦੀ ਹੈ।

ਆਸ਼ੀਸ਼ ਕੌਲ ਦਾ ਦੋਸ਼ ਹੈ ਕਿ ਉਸ ਨੇ ਕੰਗਨਾ ਨੂੰ ਈ-ਮੇਲ ’ਚ ਰਾਣੀ ਦੀ ਪੂਰੀ ਕਹਾਣੀ ਲਿਖ ਕੇ ਭੇਜੀ ਸੀ ਤੇ ਉਸ ਨੂੰ ਅੱਗੇ ਦੀ ਕਹਾਣੀ ਲਿਖਣ ਲਈ ਕਿਹਾ ਗਿਆ ਸੀ ਪਰ ਆਸ਼ੀਸ਼ ਨੂੰ ਅਜੇ ਤਕ ਉਸ ਈ-ਮੇਲ ਦਾ ਜਵਾਬ ਨਹੀਂ ਮਿਲਿਆ ਤੇ ਉਸ ਤੋਂ ਪਹਿਲਾਂ ਹੀ ਕੰਗਨਾ ਨੇ ਫ਼ਿਲਮ ਦਾ ਐਲਾਨ ਕਰ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh