ਕੁਸ਼ਾਲ ਟੰਡਨ ਅਤੇ ਸ਼ਿਵਾਂਗੀ ਜੋਸ਼ੀ ਨੇ ‘ਜਗ ਬਾਣੀ’ ਨਾਲ ਕੀਤੀ ਵਿਸ਼ੇਸ਼ ਗੱਲਬਾਤ

07/07/2023 12:59:27 PM

ਸੋਨੀ ਟੀ. ਵੀ. ’ਤੇ ਛੇਤੀ ਹੀ ਰੋਮਾਂਟਿਕ ਡਰਾਮਾ ਸ਼ੋਅ ‘ਬਰਸਾਤੇਂ ਮੌਸਮ ਪਿਆਰ ਕਾ’ ਆਉਣ ਵਾਲਾ ਹੈ, ਜਿਸ ਵਿਚ ਕੁਸ਼ਾਲ ਟੰਡਨ ਅਤੇ ਸ਼ਿਵਾਂਗੀ ਜੋਸ਼ੀ ਦੀ ਨਵੀਂ ਜੋੜੀ ਨਜ਼ਰ ਆਵੇਗੀ। ਇਸ ਸ਼ੋਅ ਦੇ ਜ਼ਰੀਏ ਕੁਸ਼ਾਲ ਲੰਬੇ ਸਮੇਂ ਬਾਅਦ ਛੋਟੇ ਪਰਦੇ ’ਤੇ ਵਾਪਸੀ ਕਰ ਰਹੇ ਹਨ। ਸ਼ੋਅ ਦੇ ਟੀਜ਼ਰ ਨੂੰ ਕਾਫ਼ੀ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ। ਇਹ ਸ਼ੋਅ ਸੋਨੀ ਟੀ. ਵੀ. ’ਤੇ 10 ਜੁਲਾਈ ਤੋਂ ਆਨ ਏਅਰ ਹੋਵੇਗਾ, ਜਿਸਦਾ ਦਰਸ਼ਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਬਰਸਾਤੇਂ ਮੌਸਮ ਪਿਆਰ ਕਾ’ ਬਾਰੇ ਦੋਵੇਂ ਲੀਡ ਅਦਾਕਾਰਾਂ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਕੁਸ਼ਾਲ ਟੰਡਨ :

ਟੀਜ਼ਰ ਵੇਖ ਕੇ ਲੱਗ ਰਿਹਾ ਹੈ ਕਿ ਸ਼ੋਅ ਦੀ ਕਹਾਣੀ ਤੁਹਾਡੇ ਲਈ ਹੀ ਲਿਖੀ ਗਈ ਹੈ, ਇਹ ਗੱਲ ਕਿੰਨੀ ਠੀਕ ਹੈ ?
ਇਹ ਸ਼ੋਅ ਜਦੋਂ ਆਇਆ ਸੀ, ਉਦੋਂ ਮੈਮ ਨੇ ਮੈਨੂੰ ਫੋਨ ’ਤੇ ਕਿਹਾ ਸੀ ਕਿ ਮੈਂ ਤੈਨੂੰ ਆਪਣੇ ਦਿਮਾਗ ਵਿਚ ਰੱਖ ਕੇ ਇਸਦੀ ਕਹਾਣੀ ਲਿਖ ਰਹੀ ਹਾਂ ਅਤੇ ਇਹ ਪੂਰੀ ਤਰ੍ਹਾਂ ਤੁਹਾਡੇ ਹੀ ਲਈ ਹੈ। ਇਹ ਸ਼ੋਅ ਅਜਿਹਾ ਹੋਵੇਗਾ, ਜੋ ਪੂਰੀ ਫੈਮਿਲੀ ਨਾਲ ਜੁੜੇਗਾ। ਇਸ ਵਿਚ ਉਨ੍ਹਾਂ ਦੋ ਲੋਕਾਂ ਦੀ ਕਹਾਣੀ ਨੂੰ ਵਿਖਾਇਆ ਜਾਵੇਗਾ, ਜੋ ਇਕ-ਦੂਜੇ ਤੋਂ ਬਿਲਕੁੱਲ ਵੱਖ ਹੁੰਦੇ ਹੋਏ ਵੀ ਪਿਆਰ ਵਿਚ ਪੈ ਜਾਂਦੇ ਹਨ।

ਸ਼ੋਅ ਵਿਚ ਦੋਵਾਂ ਦੀ ਕਿਸ ਤਰ੍ਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ?
ਸ਼ੋਅ ਵਿਚ ਰੇਯਾਂਸ਼ ਅਤੇ ਅਰਾਧਨਾ ਦੀ ਕਹਾਣੀ ਵਿਖਾਈ ਗਈ ਹੈ। ਰੇਯਾਂਸ਼ ਅਜਿਹਾ ਲੜਕਾ ਹੈ, ਜੋ ਨਾਨ ਕੰਫਾਰਮਿਸਟ ਅਤੇ ਨਾਨ ਫੈਮੀਨਿਸਟ ਹੈ, ਉਸ ਨੂੰ ਲੜਕੀਆਂ ਬਿਲਕੁਲ ਪਸੰਦ ਨਹੀਂ ਹਨ। ਉਹ ਬਹੁਤ ਹੀ ਬੇਬਾਕ ਕਿਸਮ ਦਾ ਹੈ, ਕਿਉਂਕਿ ਉਹ ਜਿਵੇਂ ਜਿਹਾ ਹੈ, ਉਹੋ ਜਿਹਾ ਹੀ ਦਿਸਦਾ ਹੈ। ਉਸ ਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਹੈ, ਉਸ ਨੇ ਜੋ ਕਰਨਾ ਹੈ, ਉਹ ਕਰ ਕੇ ਰਹਿੰਦਾ ਹੈ। ਕਹਾਣੀ ਵਿਚ ਤੁਸੀਂ ਵੇਖੋਗੇ ਕਿ ਕਿਵੇਂ ਅਰਾਧਨਾ ਰੇਯਾਂਸ਼ ਦੇ ਇੱਥੇ ਕੰਮ ਕਰਨ ਆਉਂਦੀ ਹੈ, ਜੋ ਸੁਭਾਅ ਵਿਚ ਉਸਤੋਂ ਬਿਲਕੁਲ ਵਖ ਹੈ। ਅਰਾਧਨਾ ਆਪਣੇ ਕੰਮ ਨੂੰ ਲੈ ਕੇ ਰੇਯਾਂਸ਼ ਤੋਂ ਬਹੁਤ ਡਾਂਟ ਖਾਂਦੀ ਹੈ, ਕਿਉਂਕਿ ਰੇਯਾਂਸ਼ ਦਾ ਕੰਮ ਕਰਨ ਦਾ ਤਰੀਕਾ ਕਾਫ਼ੀ ਵੱਖਰਾ ਹੈ। ਸ਼ੋਅ ਵਿਚ ਤੁਸੀਂ ਵੇਖੋਗੇ ਕਿ ਕਿਵੇਂ ਦੋ ਵੱਖ-ਵੱਖ ਸੁਭਾਅ ਦੇ ਇਨਸਾਨ ਇਕ-ਦੂਜੇ ਦੇ ਨਜ਼ਦੀਕ ਆਉਂਦੇ ਹਨ।       

ਤੁਹਾਡੇ ਕਰੀਅਰ ਦਾ ਸਫ਼ਰ ਹੁਣ ਤਕ ਕਿਵੇਂ ਦਾ ਰਿਹਾ?
ਮੇਰਾ ਸਫ਼ਰ ਕਾਫ਼ੀ ਚੰਗਾ ਰਿਹਾ। ਪ੍ਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਜ਼ਿਆਦਾ ਸਟਰਗਲ ਨਹੀਂ ਕਰਨਾ ਪਿਆ, ਕਿਉਂਕਿ ਮੈਂ ਜਦੋਂ 19 ਸਾਲ ਦਾ ਸੀ ਤਾਂ ਸਾਲ 2005 ਵਿਚ ਮੈਂ ਮਿਸਟਰ ਇੰਡੀਆ ਬਣ ਗਿਆ ਸੀ। ਇਸ ਤੋਂ ਬਾਅਦ ਦੋ-ਤਿੰਨ ਸਾਲ ਮੈਂ ਮਾਡਲਿੰਗ ਕੀਤੀ। ਫਿਰ 2010 ਵਿਚ ਮੈਂ ਅਮਰੀਕਾ ਚਲਿਆ ਗਿਆ, ਉੱਥੋਂ ਵਾਪਸ ਆਉਂਦੇ ਹੀ ਮੈਨੂੰ ਸਟਾਰ ਪਲੱਸ ਦਾ ਸ਼ੋਅ ‘ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਮਿਲ ਗਿਆ। ਇਸ ਤੋਂ ਬਾਅਦ ਹੋਰ ਕਈ ਸ਼ੋਅਜ਼ ਵਿਚ ਕੰਮ ਕੀਤਾ। ਕੁਲ ਮਿਲਾ ਕੇ ਕਹੀਏ ਤਾਂ ਪੂਰਾ ਸਫ਼ਰ ਮੇਰੇ ਲਈ ਬੇਹੱਦ ਯਾਦਗਾਰ ਰਿਹਾ। ਇਸ ਦੌਰਾਨ ਫ਼ਿਲਮਾਂ ਦੇ ਵੀ ਕਈ ਆਫਰ ਆਏ ਪਰ ਉਹ ਅਜਿਹੀਆਂ ਫ਼ਿਲਮਾਂ ਸਨ, ਜਿਨ੍ਹਾਂ ਨੂੰ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਅੱਗੇ ਕੋਈ ਅਜਿਹਾ ਮੌਕਾ ਆਵੇਗਾ ਤਾਂ ਉਹ ਵੀ ਕਰਾਂਗੇ।

ਲੰਬੇ ਸਮੇਂ ਬਾਅਦ ਤੁਸੀਂ ਵਾਪਸੀ ਕਰ ਰਹੇ ਹੋ, ਕਿਵੇਂ ਲੱਗ ਰਿਹਾ ਹੈ?
ਕਾਫ਼ੀ ਚੰਗਾ ਲੱਗ ਰਿਹਾ ਹੈ, ਮੈਂ ਟੀ. ਵੀ. ’ਤੇ 6 ਸਾਲ ਬਾਅਦ ਆ ਰਿਹਾ ਹਾਂ ਪਰ ਇਸ ਦੌਰਾਨ ਮੈਂ ਰਿਅੈਲਿਟੀ ਸ਼ੋਅ, ਵੈੱਬ ਸੀਰੀਜ਼ ਅਤੇ ਕਾਫ਼ੀ ਪ੍ਰਾਜੈਕਟਾਂ ’ਤੇ ਕੰਮ ਕੀਤਾ ਹੈ।

ਸ਼ਿਵਾਂਗੀ ਜੋਸ਼ੀ

ਇਹ ਸ਼ੋਅ ਬਾਕੀ ਸੀਰੀਅਲਾਂ ਤੋਂ ਕਿਸ ਤਰ੍ਹਾਂ ਵੱਖ ਹੈ?
ਸ਼ੋਅ ਵਿਚ ਪਿਆਰੀ ਜਿਹੀ ਲਵ ਸਟੋਰੀ ਵਿਖਾਈ ਗਈ ਹੈ। ਸ਼ੋਅ ਵਿਚ ਅਜਿਹਾ ਨਹੀਂ ਹੈ ਕਿ ਸ਼ੁਰੂਆਤ ਵਿਚ ਦੋ ਲੋਕ ਦੁਸ਼ਮਣ ਹੁੰਦੇ ਹਨ ਅਤੇ ਬਾਅਦ ਵਿਚ ਠੀਕ ਹੋ ਜਾਂਦੇ ਹਨ। ਰੇਯਾਂਸ਼ ਅਤੇ ਅਰਾਧਨਾ ਦੀ ਆਪਣੀ-ਆਪਣੀ ਸੋਚ ਹੈ। ਦੋਵੇਂ ਇਕ-ਦੂਜੇ ਦੇ ਕੰਮ ਦੀ ਕਾਫ਼ੀ ਰਿਸਪੈਕਟ ਕਰਦੇ ਹਨ ਅਤੇ ਮੈਂ ਇਸ ਸ਼ੋਅ ਲਈ ਹਾਂ ਇਸ ਲਈ ਕਿਹਾ ਕਿਉਂਕਿ ਮੇਰੇ ਲਈ ਇਸਦੀ ਕਹਾਣੀ ਬਹੁਤ ਵੱਖਰੀ ਸੀ। ਅਰਾਧਨਾ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਹੈ, ਉਹ ਦੂਜਿਆਂ ਦਾ ਬਹੁਤ ਸਨਮਾਨ ਕਰਦੀ ਹੈ। ਰੇਯਾਂਸ਼ ਅਤੇ ਅਰਾਧਨਾ ਦੋਵੇਂ ਹੀ ਆਪਣੀ-ਆਪਣੀ ਜਗ੍ਹਾ ਠੀਕ ਹਨ।

ਤੁਸੀਂ ਆਪਣੇ ਕਰੀਅਰ ਦੇ ਟਾਪ ’ਤੇ ਹੋ, ਕੰਮ ਦੇ ਨਾਲ ਪਰਿਵਾਰ ਅਤੇ ਬਾਕੀ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਦੇ ਹੋ ?
ਇਹ ਤਾਂ ਬਸ ਸ਼ੁਰੂਆਤ ਹੈ, ਮੈਨੂੰ ਹਾਲੇ ਬਹੁਤ ਕੁਝ ਐਕਸਪਲੋਰ ਕਰਨਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਹਨ। ਇਹ ਸਭ ਜੋ ਵੀ ਤੁਸੀਂ ਵੇਖ ਰਹੇ ਹੋ, ਇਹ ਬਸ ਲੋਕਾਂ ਦਾ ਪਿਆਰ ਹੈ ਅਤੇ ਮੈਂ ਉਨ੍ਹਾਂ ਨੂੰ ਦਿਲੋਂ ਧੰਨਵਾਦ ਕਰਦੀ ਹਾਂ। ਇਹ ਬਹੁਤ ਹੀ ਸਪੈਸ਼ਲ ਫੀਲਿੰਗ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਕੰਮ ਨਾਲ ਆਪਣੇ ਪਰਿਵਾਰ ਨੂੰ ਵੀ ਸਮਾਂ ਦਿੰਦੀ ਹਾਂ। ਕਦੇ-ਕਦੇ ਸਾਡੀ ਟਾਈਮਿੰਗ ਅਜਿਹੀ ਹੋ ਜਾਂਦੀ ਹੈ ਕਿ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਭਰਾ ਸੌਂ ਜਾਂਦਾ ਹੈ। ਮੇਰੇ ਪਾਪਾ ਅਤੇ ਮੇਰੀ ਸਿਸਟਰ ਦੇਹਰਾਦੂਨ ਵਿਚ ਰਹਿੰਦੇ ਹਾਂ ਤਾਂ ਉਨ੍ਹਾਂ ਨਾਲ ਗੱਲਬਾਤ ਘੱਟ ਹੁੰਦੀ ਹੈ, ਕਿਉਂਕਿ ਸਾਡੀ ਟਾਈਮਿੰਗ ਮੈਚ ਨਹੀਂ ਹੁੰਦੀ। ਇੱਥੇ ਮੇਰੇ ਨਾਲ ਮਾਂ ਅਤੇ ਭਰਾ ਹਨ ਤਾਂ ਅਸੀਂ ਫਿਕਸ ਕੀਤਾ ਹੈ ਕਿ ਦਿਨ ਵਿਚ ਇਕ ਵਾਰ ਤਾਂ ਅਸੀਂ ਇਕੱਠੇ ਖਾਣਾ ਖਾਵਾਂਗੇ ਹੀ।       

ਸ਼ੋਅ ਵਿਚ ਰੋਮਾਂਸ ਨਾਲ ਹੋਰ ਕਿਹੜੀਆਂ ਸ਼ੈਲੀਆਂ ਦੇਖਣ ਨੂੰ ਮਿਲਣਗੀਆਂ?
ਇਸ ਸ਼ੋਅ ਵਿਚ ਰੋਮਾਂਸ ਹੈ, ਡਰਾਮਾ ਹੈ ਅਤੇ ਦੋ ਲੋਕਾਂ ਦੀ ਪਿਆਰੀ ਜਿਹੀ ਨੋਕ-ਝੋਂਕ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਜੋ ਵੀ ਸਾਡੀ ਅਸਲ ਜ਼ਿੰਦਗੀ ਵਿਚ ਹੁੰਦਾ ਹੈ, ਇਹ ਸ਼ੋਅ ਉਨ੍ਹਾਂ ਸਾਰੇ ਜਜ਼ਬਾਤਾਂ ਨੂੰ ਛੂੰਹਦਾ ਹੈ, ਜਿਸ ਨਾਲ ਦਰਸ਼ਕ ਕਹਾਣੀ ਨਾਲ ਕਾਫ਼ੀ ਜਲਦੀ ਜੁੜ ਸਕਣਗੇ।

ਨਾਇਰਾ ਦੇ ਰੂਪ ਵਿਚ ਦਰਸ਼ਕਾਂ ਨੇ ਤੁਹਾਨੂੰ ਕਾਫ਼ੀ ਪਸੰਦ ਕੀਤਾ ਹੈ, ਕੀ ਅਰਾਧਨਾ ਨਾਲ ਵੀ ਉਹ ਇਸੇ ਤਰ੍ਹਾਂ ਜੁੜ ਸਕਣਗੇ?
ਜਿੰਨਾ ਪਿਆਰ ਲੋਕਾਂ ਨੇ ਨਾਇਰਾ ਨੂੰ ਦਿੱਤਾ ਹੈ ਉਹ ਤਾਂ ਅਨਨੈਚੁਰਲ ਹੈ, ਜਿੰਨਾ ਪਿਆਰ ਮੈਂ ਨਾਇਰਾ ਨਾਲ ਕੀਤਾ ਹੈ ਮੈਂ ਉਸਦੀ ਗੱਲ ਹੀ ਨਹੀਂ ਕਰ ਸਕਾਂਗੀ ਪਰ ‘ਬਰਸਾਤੇਂ ਮੌਸਮ ਪਿਆਰ ਕਾ’ ਇਹ ਇਕ ਨਵਾਂ ਸ਼ੋਅ ਹੈ, ਇਕ ਨਵੇਂ ਕਿਰਦਾਰ ਦਾ ਨਵਾਂ ਸਫ਼ਰ ਹੈ। ਮੈਂ ਇੱਥੇ ਵੀ ਆਪਣਾ ਸੌ ਫ਼ੀਸਦੀ ਦੇ ਰਹੀ ਹਾਂ, ਮੈਂ ਚਾਹੁੰਦੀ ਹਾਂ ਕਿ ਦਰਸ਼ਕ ਅਰਾਧਨਾ ਨੂੰ ਵੀ ਇਕ ਮੌਕਾ ਦੇਣ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਇਹ ਸ਼ੋਅ ਬਹੁਤ ਪਸੰਦ ਆਵੇਗਾ।       

sunita

This news is Content Editor sunita