ਕਪੂਰ ਤੇ ਖ਼ਾਨ ਪਰਿਵਾਰ ’ਚ ਜਲਦ ਗੂੰਜਣਗੀਆਂ ਕਿਲਕਾਰੀਆਂ, ਕਰੀਨਾ ਕਪੂਰ ਦੀ ਡਿਲਿਵਰੀ ਡੇਟ ਆਈ ਸਾਹਮਣੇ
02/10/2021 5:46:07 PM
ਮੁੰਬਈ (ਬਿਊਰੋ)– ਕਪੂਰ ਖਾਨਦਾਨ ਫਿਲਹਾਲ ਰਾਜੀਵ ਕਪੂਰ ਦੀ ਮੌਤ ਦਾ ਸੋਗ ਮਨਾ ਰਿਹਾ ਹੈ। 9 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਰਾਜੀਵ ਦਾ ਦਿਹਾਂਤ ਹੋ ਗਿਆ ਸੀ। ਸ਼ਾਮ ਨੂੰ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੁੱਖ ਦੀ ਇਸ ਘੜੀ ’ਚ ਪਰਿਵਾਰ ਹੁਣ ਇਕ ਮੈਂਬਰ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ।
ਰਣਧੀਰ ਕਪੂਰ ਦੀ ਬੇਟੀ ਕਰੀਨਾ ਕਪੂਰ ਖ਼ਾਨ ਪ੍ਰੈਗਨੈਂਸੀ ਦੇ ਆਖਰੀ ਪੜਾਅ ’ਚ ਹੈ ਤੇ ਛੇਤੀ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ। ਹੁਣ ਉਸ ਦੀ ਡਿਲਿਵਰੀ ਡੇਟ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਤਾਰੀਖ਼ ਦਾ ਖੁਲਾਸਾ ਕੀਤਾ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਰਣਧੀਰ ਕਪੂਰ ਨੇ ਇਕ ਬਿਆਨ ’ਚ ਦੱਸਿਆ ਕਿ ਕਰੀਨਾ ਦੀ ਡਿਲਿਵਰੀ ਡੇਟ 15 ਫਰਵਰੀ ਹੈ। ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦਾ ਇਹ ਦੂਜਾ ਬੱਚਾ ਹੋਵੇਗਾ। ਦੋਵਾਂ ਦਾ ਚਾਰ ਸਾਲ ਦਾ ਇਕ ਬੇਟਾ ਤੈਮੂਰ ਹੈ।
ਕਰੀਨਾ ਮੰਗਲਵਾਰ ਨੂੰ ਆਪਣੇ ਚਾਚਾ ਰਾਜੀਵ ਕਪੂਰ ਦੇ ਅੰਤਿਮ ਦਰਸ਼ਨ ਲਈ ਵੀ ਪਹੁੰਚੀ ਸੀ। ਕਰੀਨਾ ਨੇ ਇੰਸਟਾਗ੍ਰਾਮ ’ਤੇ ਇਕ ਪੁਰਾਣੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤਸਵੀਰ ’ਚ ਕਰੀਨਾ ਦੇ ਦਾਦਾ ਰਾਜ ਕਪੂਰ ਆਪਣੇ ਤਿੰਨੇ ਬੇਟਿਆਂ ਰਣਧੀਰ ਕਪੂਰ, ਰਿਸ਼ੀ ਕਪੂਰ ਤੇ ਰਾਜੀਵ ਕਪੂਰ ਨਾਲ ਨਜ਼ਰ ਆ ਰਹੇ ਹਨ।
ਨੋਟ– ਕਰੀਨਾ ਕਪੂਰ ਨਾਲ ਜੁੜੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।