ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਬਣੇਗੀ ''ਇੰਦਰਾ ਗਾਂਧੀ''

01/29/2021 3:01:06 PM

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਲਦੀ ਹੀ ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ 'ਥਲਾਈਵਾ' ਵਿਚ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਹੁਣ ਖ਼ਬਰ ਆਈ ਹੈ ਕਿ ਉਹ ਜਲਦ ਹੀ ਇੱਕ ਹੋਰ ਵੱਡੀ ਰਾਜਨੇਤਾ ਦੀ ਭੂਮਿਕਾ ਵੀ ਨਿਭਾਏਗੀ। ਮਿਲੀ ਜਾਣਕਾਰੀ ਮੁਤਾਬਕ, ਉਹ ਰਾਜਨੀਤਕ ਚਰਿੱਤਰ ਹੋਰ ਕੋਈ ਨਹੀਂ ਸਗੋਂ ਦੇਸ਼ ਦੀ ਪਹਿਲੀ ਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਫ਼ਿਲਮ 'ਥਲਾਈਵ' ਵਰਗੀ ਬਾਇਓਪਿਕ ਨਹੀਂ ਬਣੇਗੀ ਤੇ ਕੰਗਨਾ ਰਣੌਤ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਸਿਤਾਰੇ ਇਸ ਫ਼ਿਲਮ 'ਚ ਕੰਮ ਕਰਦੇ ਨਜ਼ਰ ਆਉਣਗੇ। ਕੰਗਨਾ ਨੇ ਹਾਲ ਹੀ ਵਿਚ ਜੈਲਲਿਤਾ ਦੇ ਜੀਵਨ 'ਤੇ ਅਧਾਰਤ ਫ਼ਿਲਮ 'ਥਲਾਈਵਾ 'ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਐਕਸ਼ਨ ਫ਼ਿਲਮਾਂ 'ਧੱਕੜ' ਤੇ 'ਤੇਜਸ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਹਾਲ ਹੀ ਵਿੱਚ ਕੰਗਨਾ ਨੇ 'ਕਸ਼ਮੀਰ ਦੀ ਵਾਰੀਅਰ ਕਵੀਨ' ਵਜੋਂ ਜਾਣਿਆ ਜਾਂਦੀ 'ਮਨੀਕਰਣਿਕਾ ਰਿਟਰਨਜ਼: ਦ ਲੈਜੇਂਡਸ ਆਫ਼ ਦਿੱਦਾ' ਤੇ 'ਅਪਰਾਜਿਤਾ ਅਯੁੱਧਿਆ' ਨਾਂ ਦੀਆਂ ਫ਼ਿਲਮਾਂ ਦਾ ਵੀ ਐਲਾਨ ਵੀ ਕੀਤਾ। ਹਾਲਾਂਕਿ ਆਪਣੀ ਆਉਣ ਵਾਲੀ ਫ਼ਿਲਮ ਵਿਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਬਾਰੇ ਕੰਗਨਾ ਨੇ ਕਿਹਾ, "ਹਾਂ, ਅਸੀਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ ਤੇ ਇਸ ਫ਼ਿਲਮ ਦੀ ਸਕ੍ਰਿਪਟ ਜਲਦੀ ਹੀ ਪੂਰੀ ਹੋ ਜਾਵੇਗੀ। ਇਹ ਇੰਦਰਾ ਗਾਂਧੀ ਦੀ ਬਾਇਓਪਿਕ ਨਹੀਂ ਹੋਵੇਗੀ ਪਰ ਇਹ ਇੱਕ ਸ਼ਾਨਦਾਰ ਪੀਰੀਅਡ ਫ਼ਿਲਮ ਹੋਵੇਗੀ, ਜੋ ਅਜੋਕੀ ਪੀੜ੍ਹੀ ਨੂੰ ਦੇਸ਼ ਦੀ ਮੌਜੂਦਾ ਸਮਾਜਿਕ-ਰਾਜਨੀਤਕ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰੇਗੀ।"

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਅੱਗੇ ਕਿਹਾ ਗਿਆ ਹੈ, "ਇਸ ਫ਼ਿਲਮ ਵਿਚ ਹੋਰ ਬਹੁਤ ਸਾਰੇ ਉੱਘੇ ਅਦਾਕਾਰ ਕੰਮ ਕਰਨਗੇ ਤੇ ਇੰਦਰਾ ਗਾਂਧੀ ਹੋਣ ਦੇ ਨਾਤੇ ਮੈਂ ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ।" ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿਚ ਕੰਮ ਕਰਨ ਤੋਂ ਇਲਾਵਾ ਕੰਗਨਾ ਰਣੌਤ ਇਸ ਫ਼ਿਲਮ ਦਾ ਨਿਰਮਾਣ ਵੀ ਕਰੇਗੀ। ਇਸ ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਨਿਰਦੇਸ਼ਕ ਸਾਈ ਕਬੀਰ ਨੇ ਲਿਖ ਰਹੇ ਹਨ, ਜੋ ਇਸ ਫ਼ਿਲਮ ਨੂੰ ਡਾਇਰੈਕਟ ਵੀ ਕਰਨਗੇ।


sunita

Content Editor

Related News