ਜਾਹਨਵੀ ਕਪੂਰ ਤੋਂ ਬਾਅਦ ਹੁਣ ਕਿਸਾਨਾਂ ਨੇ ਰੁਕਵਾਈ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ

02/06/2021 5:49:44 PM

ਮੁੰਬਈ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹੋ ਰਹੇ ਕਿਸਾਨ ਅੰਦੋਲਨ ’ਤੇ ਬੀ-ਟਾਊਨ ਇੰਡਸਟਰੀ ਦੇ ਕਈ ਸਿਤਾਰੇ ਲੰਬੇ ਸਮੇਂ ਤੋਂ ਚੁੱਪੀ ਸਾਧੇ ਹੋਏ ਸਨ। ਹਾਲਾਂਕਿ ਹਾਲੀਵੁੱਡ ਸਿਤਾਰਿਆਂ ਦੇ ਟਵੀਟ ਤੋਂ ਬਾਅਦ ਇਨ੍ਹਾਂ ਸਿਤਾਰਿਆਂ ਨੇ ਚੁੱਪੀ ਤਾਂ ਤੋੜੀ ਪਰ ਕਿਸਾਨਾਂ ਦੇ ਸਮਰਥਨ ’ਚ ਇਕ ਵੀ ਟਵੀਟ ਨਹੀਂ ਕੀਤਾ।


ਅਜਿਹੇ ’ਚ ਕਿਸਾਨਾਂ ਦਾ ਗੁੱਸਾ ਬਾਲੀਵੁੱਡ ਸਿਤਾਰਿਆਂ ’ਤੇ ਨਿਕਲਿਆ ਹੈ। ਪੰਜਾਬ ’ਚ ਜਾਹਨਵੀ ਕਪੂਰ ਦੀ ਫ਼ਿਲਮ ‘ਗੁਡ ਲਕ ਜੇਰੀ’ ਦੀ ਸ਼ੂਟਿੰਗ ਰੋਕਣ ਤੋਂ ਬਾਅਦ ਹੁਣ ਕਿਸਾਨਾਂ ਨੇ ਬੌਬੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਲਵ ਹਾਸਟਲ’ ਦੀ ਸ਼ੂਟਿੰਗ ’ਤੇ ਰੋਕ ਲਗਾ ਦਿੱਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਪਟਿਆਲਾ ’ਚ ਹੋ ਰਹੀ ਸੀ। ਰਿਪੋਰਟ ਮੁਤਾਬਕ ਜਦੋਂ ਬੌਬੀ ਦਿਓਲ ਦੀ ਫ਼ਿਲਮ ਲਈ ਸ਼ੂਟਿੰਗ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਥੇ ਕੁਝ ਕਿਸਾਨ ਆ ਗਏ ਅਤੇ ਉਨ੍ਹਾਂ ਨੇ ਕਰੂ ਨੂੰ ਉਥੋਂ ਵਾਪਸ ਜਾਣ ਲਈ ਕਹਿ ਦਿੱਤਾ। ਸੈੱਟ ’ਤੇ ਪਹੁੰਚ ਕੇ ਕਿਸਾਨਾਂ ਨੇ ਧਰਨਾ ਸ਼ੁਰੂ ਕਰਕੇ ਸ਼ੂਟਿੰਗ ਰੁਕਵਾ ਦਿੱਤੀ। ਦੱਸ ਦੇਈਏ ਕਿ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਦੋਂ ਤੱਕ ਪੰਜਾਬ ’ਚ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ।


ਦਿਓਲ ਪਰਿਵਾਰ ਨਾਲ ਇਸ ਗੱਲ ਦੀ ਹੈ ਨਾਰਾਜ਼ਗੀ
ਕਿਸਾਨਾਂ ਨੇ ਇਸ ਗੱਲ ’ਤੇ ਨਾਰਾਜ਼ਗੀ ਜਤਾਈ ਹੈ ਕਿ ਨਾ ਤਾਂ ਬੇ.ਜੀ.ਪੀ. ਐੱਮ.ਪੀ. ਸੰਨੀ ਦਿਓਲ ਅਤੇ ਨਾ ਹੀ ਧਰਮਿੰਦਰ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਜਦੋਂ ਕਿ ਉਹ ਵੀ ਪੰਜਾਬ ਨਾਲ ਹੀ ਤਾਲੁਕ ਰੱਖਦੇ ਹਨ। ਸਗੋਂ ਉਨ੍ਹਾਂ ਨੇ ਕਿਸਾਨ ਸੰਘਰਸ਼ ਦਾ ਵਿਰੋਧ ਹੀ ਕੀਤਾ, ਇਸ ਲਈ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ ਪੰਜਾਬ ’ਚ ਨਹੀਂ ਹੋਣ ਦਿੱਤੀ ਜਾਵੇਗੀ। ਹਾਲਾਂਕਿ ਇਸ ਮੌਕੇ ’ਤੇ ਮੌਜੂਦ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਪਟਿਆਲਾ ’ਚ ਸ਼ੂਟਿੰਗ ਕਰਨ ਬੌਬੀ ਦਿਓਲ ਨਹੀਂ ਆਏ ਸਨ। 


ਫ਼ਿਲਮ ‘ਲਵ ਹਾਸਟਲ’ ਦੀ ਗੱਲ ਕਰੀਏ ਤਾਂ ਇਸ ’ਚ ਬੌਬੀ ਦਿਓਲ ਤੋਂ ਇਲਾਵਾ ਸਾਨਿਆ ਮਲਹੋਤਰਾ ਅਤੇ ਵਿਕਰਾਂਤ ਮੈਸੀ ਮੁੱਖ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਦਾ ਡਾਇਰੈਕਸ਼ਨ ਸ਼ੰਕਰ ਰਮਨ ਕਰ ਰਹੇ ਹਨ ਅਤੇ ਇਸ ਨੂੰ ਸ਼ਾਹਰੁਖ ਖ਼ਾਨ ਦੀ ਕੰਪਨੀ ਪ੍ਰਡਿਊਸ ਕਰ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਫ਼ਿਲਮ ਦੀ ਸ਼ੂਟਿੰਗ ਕਦੋਂ ਅਤੇ ਕਿਥੇ ਹੁੰਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon