ਜਬਰੀਆ ਜੋੜੀ ਨੇ ਯੂ. ਪੀ. ਦੇ ਅੰਬੇਡਕਰ ਪਾਰਕ ''ਚ ਕੀਤੀ ਫਿਲਮ ਦੀ ਸ਼ੂਟਿੰਗ!

11/01/2018 5:35:07 PM

ਮੁੰਬਈ (ਬਿਊਰੋ)— ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਨੇ ਇਸ ਸਾਲ ਸਤੰਬਰ ਮਹੀਨੇ ਤੋਂ ਲਖਨਊ ਸ਼ਹਿਰ 'ਚ ਆਪਣੀ ਆਗਾਮੀ ਫਿਲਮ 'ਜਬਰੀਆ ਜੋੜੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕਹਾਣੀ ਬਿਹਾਰ ਦੀ ਪਿੱਠ ਭੂਮੀ 'ਤੇ ਆਧਾਰਿਤ ਹੈ, ਜਿਥੇ ਅਭਿਨੇਤਾ ਸਿਧਾਰਥ ਮਲਹੋਤਰਾ ਇਕ ਅਜਿਹੇ ਸ਼ਖਸ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ ਨੇ ਆਪਣੇ ਬਚਪਨ ਦੇ ਪਿਆਰ ਪਰਿਣੀਤੀ ਨਾਲ ਮਿਲ ਕੇ ਲਾੜਿਆਂ ਨੂੰ ਕਿਡਨੈਪ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਹਾਲਾਂਕਿ ਇਹ ਫਿਲਮ ਬਿਹਾਰ ਦੀ ਪਿੱਠ ਭੂਮੀ 'ਤੇ ਆਧਾਰਿਤ ਹੈ ਪਰ ਨਿਰਮਾਤਾ ਨਵਾਬਾਂ ਦੇ ਸ਼ਹਿਰ ਲਖਨਊ 'ਚ ਪਿਛਲੇ ਦੋ ਮਹੀਨਿਆਂ ਤੋਂ ਵੱਡੇ ਪੱਧਰ 'ਤੇ ਇਸ ਦੀ ਸ਼ੂਟ ਕਰ ਰਹੇ ਹਨ।

ਹਾਲ ਹੀ 'ਚ ਨਿਰਮਾਤਾ ਫਿਲਮ ਦੇ ਇਕ ਸੀਨ ਲਈ ਇਕ ਖਾਸ ਲੋਕੇਸ਼ਨ ਦੀ ਭਾਲ 'ਚ ਸਨ। ਇਹ ਜਗ੍ਹਾ ਸਿਰਫ ਯੂ. ਪੀ. ਦੇ ਪ੍ਰਸਿੱਧ ਅੰਬੇਡਕਰ ਪਾਰਕ 'ਚ ਹੀ ਸੰਭਵ ਸੀ। ਸੂਤਰਾਂ ਦੀ ਮੰਨੀਏ ਤਾਂ ਇਹ ਸੀਕੁਐਂਸ ਬਹੁਤ ਵੱਡਾ ਸੀ ਤੇ ਇਸ ਲਈ ਇਕ ਵਿਸ਼ਾਲ ਸੈੱਟਅੱਪ ਦੀ ਲੋੜ ਸੀ। ਅੰਬੇਡਕਰ ਪਾਰਕ ਯੂ. ਪੀ. ਦੀਆਂ ਸਭ ਤੋਂ ਵੱਡੀਆਂ ਪਾਰਕਾਂ 'ਚੋਂ ਇਕ ਹੈ ਤੇ ਨਿਰਦੇਸ਼ਕ ਉਥੇ ਸ਼ੂਟ ਕਰਨ ਦੇ ਇੱਛੁਕ ਸਨ। ਟੀਮ ਨੇ ਰਾਤੋਂ-ਰਾਤ ਉਥੇ ਸ਼ੂਟ ਕਰਨ ਦੀ ਇਜਾਜ਼ਤ ਲਈ ਤੇ ਸ਼ੂਟ ਸ਼ੁਰੂ ਕਰਨ ਤੋਂ ਪਹਿਲਾਂ ਸੈੱਟਅੱਪ ਕਰਦਿਆਂ ਲਗਭਗ 3 ਦਿਨ ਲੱਗ ਗਏ।

ਏਕਤਾ ਕਪੂਰ ਤੇ ਸ਼ੈਲੇਸ਼ ਆਰ. ਸਿੰਘ ਵਲੋਂ ਨਿਰਮਿਤ, ਸਿਧਾਰਥ ਇਕ ਛੋਟੇ ਸ਼ਹਿਰ ਤੋਂ ਬਿਹਾਰੀ ਦੀ ਭੂਮਿਕਾ ਨਿਭਾਅ ਰਹੇ ਹਨ, ਉਥੇ ਫਿਲਮ 'ਚ ਪਰਿਣੀਤੀ ਦਾ ਕਿਰਦਾਰ ਪੱਛਮ ਤੋਂ ਕਾਫੀ ਪ੍ਰਭਾਵਿਤ ਹੈ ਪਰ ਪਟਨਾ ਤੋਂ ਬਾਹਰ ਨਿਕਲਣ 'ਚ ਅਸਹਿਜ ਹੈ। ਦੋਵੇਂ ਹੀ ਬਹੁਤ ਰੋਮਾਂਚਕ ਕਿਰਦਾਰ ਹਨ।

ਨਿਰਮਾਤਾ ਨਵੰਬਰ ਤਕ ਲਖਨਊ 'ਚ ਸ਼ੂਟਿੰਗ ਖਤਮ ਕਰਨ ਦਾ ਟੀਚਾ ਰੱਖ ਰਹੇ ਹਨ ਤੇ ਪਟਨਾ ਦੇ ਕੁਝ ਹਿੱਸਿਆਂ 'ਚ ਵੀ ਸ਼ੂਟਿੰਗ ਕੀਤੀ ਜਾਵੇਗੀ। ਨਿਰਦੇਸ਼ਕ ਪ੍ਰਸ਼ਾਂਤ ਸਿੰਘ ਇਸ ਫਿਲਮ ਨੂੰ ਪੂਰਨ ਮਨੋਰੰਜਨ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ ਤੇ ਦਰਸ਼ਕਾਂ ਲਈ ਇਹ ਫਿਲਮ ਤੋਹਫੇ ਤੋਂ ਘੱਟ ਨਹੀਂ ਹੋਵੇਗੀ। ਪਰਿਣੀਤੀ ਚੋਪੜਾ ਤੇ ਸਿਧਾਰਥ ਮਲਹੋਤਰਾ ਤੋਂ ਇਲਾਵਾ ਵਰਤਮਾਨ ਤੇ ਦੂਜੇ ਕਲਾਕਾਰਾਂ ਨਾਲ ਜਾਵੇਦ ਜ਼ਾਫਰੀ, ਅਪਾਰਸ਼ਕਤੀ ਖੁਰਾਣਾ ਤੇ ਨੀਨਾ ਗੁਪਤਾ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।