‘ਸਲਾਮ ਵੈਂਕੀ’ ਸੱਚੀ ਕਹਾਣੀ ’ਤੇ ਆਧਾਰਤ ਹੈ, ਜੋ ਦਿਖਾਇਆ ਉਹ ਸੱਚਮੁੱਚ ਹੋਇਆ ਹੈ ਲੋਕਾਂ ਦੇ ਨਾਲ

12/12/2022 12:37:27 PM

ਕਾਜੋਲ ਦੇਵਗਨ ਦੀ ਬਹੁਚਰਚਿਤ ਫ਼ਿਲਮ ‘ਸਲਾਮ ਵੈਂਕੀ’ 9 ਦਸੰਬਰ ਨੂੰ ਸਿਨੇਮਾਘਰਾਂ ’ਚ ਉਤਰ ਚੁੱਕੀ ਹੈ। ਇਸ ਫ਼ਿਲਮ ’ਚ ਕਾਜੋਲ ਦੀ ਐਕਟਿੰਗ ਤੁਹਾਡੀਆਂ ਅੱਖਾਂ ਨੂੰ ਨਮ ਕਰ ਦੇਵੇਗੀ। ਉਹ ਫ਼ਿਲਮ ਵਿਚ ਇਕ ਮਾਂ ਦੇ ਕਿਰਦਾਰ ’ਚ ਹੈ, ਜਿਸ ਦਾ ਬੇਟਾ ਉਸ ਦੀਆਂ ਨਜ਼ਰਾਂ ਦੇ ਸਾਹਮਣੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ। ਇਹ ਫ਼ਿਲਮ ਇਕ ਰੀਅਲ ਲਾਈਫ ਸਟੋਰੀ ’ਤੇ ਆਧਾਰਤ ਹੈ। ਫ਼ਿਲਮ ਰਾਹੀਂ ਰੇਵਤੀ ਨੇ ਡਾਇਰੈਕਟਰ ਵਜੋਂ ਡੈਬਿਊ ਕੀਤਾ ਹੈ। ‘ਸਲਾਮ ਵੈਂਕੀ’ ’ਚ ਕਾਜੋਲ, ਵਿਸ਼ਾਲ ਜੇਠਵਾ, ਰਾਹੁਲ ਬੋਸ, ਰਾਜੀਵ ਖੰਡੇਲਵਾਲ, ਅਹਾਨਾ ਕੁਮਰਾ ਤੇ ਪ੍ਰਕਾਸ਼ ਜੈਨ ਦੀਆਂ ਮੁੱਖ ਭੂਮਿਕਾਵਾਂ ਹਨ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਫ਼ਿਲਮ ਬਾਰੇ ਕਾਜੋਲ ਤੇ ਰੇਵਤੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਤੁਹਾਨੂੰ 30 ਸਾਲ ਹੋ ਗਏ ਹਨ ਬਾਲੀਵੁੱਡ ’ਚ ਡੈਬਿਊ ਕੀਤਿਆਂਂ, ਅੱਜ ਵੀ ਤੁਸੀਂ ਓਨੇ ਹੀ ਟੈਲੇਂਟਿਡ, ਸੁੰਦਰ ਤੇ ਗਾਰਜੀਅਸ ਲੱਗ ਰਹੇ ਹੋ, ਇਸ ਦਾ ਕੀ ਕਾਰਨ ਹੈ?
ਟੈਲੇਂਟ ਲਈ ਤਾਂ ਮੈਂ ਆਪਣੀ ਮਾਂ ਨੂੰ ਰੋਜ਼ ਥੈਂਕਸ ਕਰਦੀ ਹਾਂ। ਇਸ ਦਾ ਸੀਕ੍ਰੇਟ ਇਹ ਹੈ ਕਿ ਅਜੇ ਵੀ ਮੈਂ ਆਪਣੇ ਕੰਮ ਨੂੰ ਬਹੁਤ ਉਤਸ਼ਾਹਿਤ ਹੋ ਕੇ ਪੂਰੀ ਦਿਲਚਸਪੀ ਨਾਲ ਕਰਦੀ ਹਾਂ। ਮੈਂ ਆਪਣੀ ਫ਼ਿਲਮ ਦੀ ਕਹਾਣੀ ਵੀ ਬਹੁਤ ਸੋਚ-ਸਮਝ ਕੇ ਸਿਲੈਕਟ ਕਰਦੀ ਹਾਂ। ਉਸ ਵਿਚ ਪੂਰਾ ਜੀਅ-ਜਾਨ ਲਾ ਕੇ ਕੰਮ ਕਰਦੀ ਹਾਂ ਪਰ ਜਦੋਂ ਕੰਮ ਨਹੀਂ ਕਰਨਾ ਹੁੰਦਾ ਤਾਂ ਨਹੀਂ ਵੀ ਕਰਦੀ ਅਤੇ ਮੇਰੇ ਮਾਇਨੇ ’ਚ ਸੁੰਦਰ ਉਹ ਲੋਕ ਹਨ, ਜੋ ਆਪਣੀ ਜ਼ਿੰਦਗੀ ’ਚ ਖੁੱਲ੍ਹ ਕੇ ਜਿਊਂਦੇ ਹਨ, ਖੂਬ ਹੱਸਦੇ ਹਨ ਅਤੇ ਦੂਜਿਆਂ ਨੂੰ ਹਸਾਉਂਦੇ ਹਨ।

‘ਸਲਾਮ ਵੈਂਕੀ’ ’ਚ ਰੇਵਤੀ ਜੀ ਲਈ ਕੀ ਕਹਿਣਾ ਚਾਹੋਗੇ?
ਰੇਵਤੀ ਜੀ ਨੇ ਇਸ ਫ਼ਿਲਮ ਨੂੰ ਸ਼ਾਨਦਾਰ ਢੰਗ ਨਾਲ ਬੈਲੇਂਸ ਕੀਤਾ ਹੈ ਕਿਉਂਕਿ ਇਸ ਵਿਚ ਇਮੋਸ਼ਨਜ਼, ਡਰਾਮਾ ਤੇ ਐਂਟਰਟੇਨਮੈਂਟ ਸਭ ਕੁਝ ਹੈ। ਉਨ੍ਹਾਂ ਇਸ ਨੂੰ ਮਿਊਜ਼ਿਕ, ਕਰੈਕਟਰ, ਹਿਊਮਰ ਤੇ ਵਿਜ਼ੁਅਲ ਦੇ ਨਾਲ ਦਰਸ਼ਕਾਂ ਸਾਹਮਣੇ ਅਸਲੀ ਰੂਪ ’ਚ ਪੇਸ਼ ਕੀਤਾ ਹੈ। ਰੇਵਤੀ ਜੀ ਨੇ ਆਪਣਾ ਕੰਮ ਬਹੁਤ ਸ਼ਾਨਦਾਰ ਢੰਗ ਨਾਲ ਪੂਰਾ ਕੀਤਾ ਹੈ, ਜਿਸ ਨੂੰ ਲੋਕ ਪਸੰਦ ਕਰਨ ਵਾਲੇ ਹਨ। ਫ਼ਿਲਮ ’ਚ ਹਰ ਕਰੈਕਟਰ ਦੀ ਸ਼ੁਰੂਆਤ, ਮਿਡਲ ਤੇ ਐਂਡ ਹੈ, ਭਾਵੇਂ ਉਹ ਮੇਰਾ ਰੋਲ ਹੋਵੇ ਜਾਂ ਵੈਂਕੀ ਦਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫ਼ਿਲਮ ਸੱਚੀ ਕਹਾਣੀ ’ਤੇ ਆਧਾਰਤ ਹੈ। ਜੋ ਵੀ ਫ਼ਿਲਮ ’ਚ ਦਿਖਾਇਆ ਗਿਆ ਹੈ, ਉਹ ਸੱਚਮੁੱਚ ਲੋਕਾਂ ਦੇ ਨਾਲ ਹੋਇਆ ਹੈ, ਹਾਂ ਕੁਝ ਚੀਜ਼ਾਂ ਅਸੀਂ ਸਿਨੇਮਾ ਦੇ ਲਿਹਾਜ਼ ਨਾਲ ਜੋੜੀਆਂ ਹਨ।

ਫ਼ਿਲਮ ’ਚ ਤੁਸੀਂ ਸੁਜਾਤਾ ਦਾ ਕਿਰਦਾਰ ਨਿਭਾਇਆ ਹੈ, ਜੋ ਰੀਅਲ ਲਾਈਫ ’ਚ ਵੀ ਹੈ ਤਾਂ ਇਹ ਰੋਲ ਤੁਹਾਡੇ ਲਈ ਬਾਕੀ ਫ਼ਿਲਮੀ ਕਿਰਦਾਰਾਂ ਨਾਲੋਂ ਕਿੰਨਾ ਵੱਖਰਾ ਹੈ?
ਇਹ ਪਹਿਲੀ ਵਾਰ ਹੈ ਜਦੋਂ ਮੈਂ ਇਕ ਰੀਅਲ ਲਾਈਫ ਕਰੈਕਟਰ ਪਲੇਅ ਕੀਤਾ ਹੈ। ਜਦੋਂ ਮੈਂ ਸ਼ੂਟਿੰਗ ਸ਼ੁਰੂ ਕੀਤੀ, ਉਸ ਤੋਂ ਬਹੁਤ ਸਮਾਂ ਬਾਅਦ ਸੁਜਾਤਾ ਨੂੰ ਮਿਲੀ। ਮੇਰੇ ਉੱਪਰ ਇਕ ਜ਼ਿੰਮੇਵਾਰੀ ਸੀ ਕਿ ਮੈਂ ਸੁਜਾਤਾ ਨੂੰ ਪਰਦੇ ’ਤੇ ਉਸੇ ਤਰ੍ਹਾਂ ਦਿਖਾਉਣਾ ਸੀ, ਜਿਸ ਤਰ੍ਹਾਂ ਉਹ ਅਸਲ ’ਚ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਉਨ੍ਹਾਂ ਨੂੰ ਚੀਟ ਕੀਤਾ ਹੈ, ਇਸ ਲਈ ਮੈਂ ਇਸ ਕਰੈਕਟਰ ਨੂੰ ਜੀਵਿਆ ਹੈ ਜਿਵੇਂ ਸੁਜਾਤਾ ਜਿਊਂਦੀ ਆਈ ਹੈ।
ਕਦੇ-ਕਦੇ ਆਮ ਜਿਹੇ ਲੋਕ ਵੀ ਇੰਨੇ ਬਹਾਦਰ ਹੁੰਦੇ ਹਨ ਕਿ ਦੂਜਿਆਂ ਨੂੰ ਪ੍ਰੇਰਣਾ ਦੇ ਜਾਂਦੇ ਹਨ। ਮੇਰਾ ਮੰਨਣਾ ਹੈ ਕਿ ਜਦੋਂ ਕਿਰਦਾਰ ਵੱਡਾ ਹੁੰਦਾ ਹੈ ਤਾਂ ਉਸ ਨੂੰ ਆਸਾਨੀ ਨਾਲ ਨਿਭਾਇਆ ਜਾ ਸਕਦਾ ਹੈ ਪਰ ਜਦੋਂ ਤੁਹਾਨੂੰ ਇਕ ਸਿੰਪਲੀਸਿਟੀ ਅਤੇ ਅੰਦਰ ਦੀ ਸਟ੍ਰੈਂਥ ਦਿਖਾਉਣੀ ਪੈਂਦੀ ਹੈ ਤਾਂ ਮੇਰੇ ਲਈ ਉਹ ਸਭ ਤੋਂ ਮੁਸ਼ਕਲ ਪਾਰਟ ਰਿਹਾ ਸੀ ਅਤੇ ਰੇਵਤੀ ਨੂੰ ਮਿਲਣ ਤੋਂ ਬਾਅਦ ਮੈਨੂੰ ਜ਼ਿਆਦਾ ਟੈਨਸ਼ਨ ਹੋ ਗਈ ਕਿ ਜਦੋਂ ਉਹ ਫ਼ਿਲਮ ਦੇਖਣ ਤਾਂ ਨਿਰਾਸ਼ ਨਾ ਹੋਣ।


ਵਿਸ਼ਾਲ ਜੇਠਵਾ ਲਈ ਤੁਸੀਂ ਕਾਜੋਲ ਮੈਮ ਤੋਂ ਕਾਜੋਲ ਮੋਮ ਰਹੇ ਤਾਂ ਉਨ੍ਹਾਂ ਲਈ ਕੀ ਕਹਿਣਾ ਚਾਹੋਗੇ?
ਕਾਜੋਲ ਮੁਸਕਰਾਉਂਦੇ ਹੋਏ ਕਹਿੰਦੀ ਹੈ ਕਿ ਵਿਸ਼ਾਲ ਤਾਂ ਇੱਥੇ ਨਹੀਂ ਹੈ ਪਰ ਉਸ ਦਾ ਇਸ ਬਾਰੇ ਜੋ ਕਹਿਣਾ ਹੈ, ਉਹ ਮੈਂ ਦੱਸ ਸਕਦੀ ਹਾਂ। ਉਸ ਦੇ ਲਈ ਮੈਂ ਜ਼ਿਆਦਾਤਰ ਮੈਮ ਹੀ ਰਹੀ ਹਾਂ ਅਤੇ ਮੋਮ ਟੇਕ ਦੌਰਾਨ ਸੀ। ਐਕਸ਼ਨ ਵਿਚ ਉਹ ਠੀਕ ਰਹਿੰਦਾ ਸੀ ਪਰ ਜਿਵੇਂ ਹੀ ਕੱਟ ਹੁੰਦਾ ਸੀ, ਉਹ ਫਿਰ ਮੈਮ ’ਤੇ ਆ ਜਾਂਦਾ ਸੀ ਤਾਂ ਇਹੀ ਉਸ ਦੀ ਪੂਰੀ ਜਰਨੀ ਰਹੀ ਮੈਮ ਤੋਂ ਮੋਮ ਤਕ ਦੀ।
ਕੁਝ ਵਨ ਵਰਡ ਕਵੈਸ਼ਚਨਜ਼ ਦੇ ਕਾਜੋਲ ਤੇ ਰੇਵਤੀ ਨੇ ਦਿੱਤੇ ਮਜ਼ੇਦਾਰ ਜਵਾਬ

ਸਵਾਲ–ਤੁਸੀਂ ਇਕ ਫ੍ਰੈਂਡਲੀ ਮੋਮ ਹੋ ਜਾਂ ਸਟ੍ਰਿਕਟ ਮੋਮ?
ਜਵਾਬ–ਬੋਥ।

ਸਵਾਲ–ਤੁਸੀਂ ਕਦੇ ਬੱਚਿਆਂ ਦੇ ਸਕੂਲ ਪ੍ਰੋਜੈਕਟਸ ਦਾ ਹੋਮ ਵਰਕ ਕੀਤਾ ਹੈ?
ਜਵਾਬ–ਹਾਂ।

ਸਵਾਲ–‘ਸਲਾਮ ਵੈਂਕੀ’ ਲਈ ਇਕ ਸ਼ਬਦ ’ਚ ਕੀ ਕਹਿਣਾ ਚਾਹੋਗੇ?
ਜਵਾਬ–ਹੋਪਫੁਲ, ਓਪਟੀਮਿਸਟਿਕ।

ਸਵਾਲ–ਤੁਹਾਡਾ ਕਾਜੋਲ ਨਾਲ ਕੰਮ ਕਰਨ ਦਾ ਐਕਸਪੀਰੀਐਂਸ ਕਿਹੋ ਜਿਹਾ ਰਿਹਾ?
ਜਵਾਬ–ਇਸ ਸਵਾਲ ’ਤੇ ਰੇਵਤੀ ਤੇ ਕਾਜੋਲ ਹੱਸਦੀਆਂ ਹੋਈਆਂ ਕਹਿੰਦੀਆਂ ਹਨ ਕਿ ਇਸ ਨੂੰ ਦੱਸਣ ਲਈ ਪੂਰਾ ਪੈਰਾਗ੍ਰਾਫ ਚਾਹੀਦਾ ਹੈ।

ਸਵਾਲ–ਤੁਹਾਨੂੰ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਣੀਆਂ ਪਸੰਦ ਹਨ?
ਜਵਾਬ–ਮੈਨੂੰ ਹਰ ਤਰ੍ਹਾਂ ਦਾ ਸਿਨੇਮਾ ਦੇਖਣਾ ਪਸੰਦ ਹੈ।

ਜਦੋਂ ਤੁਹਾਨੂੰ ਇਹ ਫ਼ਿਲਮ ਆਫਰ ਹੋਈ ਤਾਂ ਤੁਹਾਡਾ ਕੀ ਰਿਐਕਸ਼ਨ ਸੀ?
ਮੇਰਾ ਮੰਨਣਾ ਹੈ ਕਿ ਇਹ ਜ਼ਿੰਦਗੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਅਸਲ ’ਚ ਜਿਸ ਨੇ ਇਹ ਜ਼ਿੰਦਗੀ ਜੀਵੀ ਹੈ, ਉਹ ਆਪਣੇ ਦਿਲ ਨਾਲ ਜੀਵੀ ਹੈ, ਇਸ ਲਈ ਮੇਰਾ ਮੰਨਣਾ ਸੀ ਕਿ ਇਹ ਕਹਾਣੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ। ਡੀ. ਐੱਮ. ਡੀ. (Duchenne Muscular Dystrophy) ਇਕ ਅਜਿਹੀ ਬੀਮਾਰੀ ਹੈ, ਜਿਸ ਵਿਚ ਮਰੀਜ਼ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾਂਦੀ ਹੈ। ਇਹ ਸਥਿਤੀ ਪਰਿਵਾਰ ਲਈ ਬਹੁਤ ਮੁਸ਼ਕਲਾਂ ਭਰੀ ਹੁੰਦੀ ਹੈ। ਇਸ ਪ੍ਰੇਸ਼ਾਨੀ ਨਾਲ ਸਿਰਫ ਮਰੀਜ਼ ਹੀ ਨਹੀਂ, ਪੂਰੀ ਫੈਮਿਲੀ ’ਤੇ ਬੀਤਦੀ ਹੈ। ਇਹ ਫ਼ਿਲਮ ਉਨ੍ਹਾਂ ਲੋਕਾਂ ਨੂੰ ਿਧਆਨ ’ਚ ਰੱਖ ਕੇ ਬਣਾਈ ਗਈ ਹੈ, ਜੋ ਅਜਿਹੀ ਖਤਰਨਾਕ ਬੀਮਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਬਸ ਇੱਥੇ ਹੀ ਲਾਈਫ ਖਤਮ ਹੋ ਗਈ, ਜ਼ਿੰਦਗੀ ਬਹੁਤ ਖੂਬਸੂਰਤ ਹੈ ਤਾਂ ਇਸ ਦਾ ਹਰ ਪਲ ਖੁਸ਼ੀ ਨਾਲ ਜਿਊਣਾ ਚਾਹੀਦਾ ਹੈ, ਲੋਕਾਂ ਨੂੰ ਇਹ ਦਿਖਾਉਣਾ ਹੀ ਫ਼ਿਲਮ ਦਾ ਮੁੱਖ ਮਕਸਦ ਹੈ। ਉਨ੍ਹਾਂ ਨੂੰ ਕਿਸੇ ਤੋਂ ਲੁਕਣ ਦੀ ਕੋਈ ਲੋੜ ਨਹੀਂ, ਉਹ ਜਿਸ ਤਰ੍ਹਾਂ ਦੇ ਹਨ, ਖੁਲ੍ਹ ਕੇ ਆਪਣੀ ਲਾਈਫ ਇੰਜੁਆਏ ਕਰ ਸਕਦੇ ਹਨ।

ਇਸ ਫ਼ਿਲਮ ’ਚ ਜਿਵੇਂ ਵੈਂਕੀ ਨੂੰ ਦਿਖਾਇਆ ਗਿਆ ਹੈ, ਕੀ ਵੈਂਕੀ ਅਜਿਹਾ ਹੀ ਸੀ ਜਾਂ ਥੋੜ੍ਹਾ ਵੱਖਰਾ?
ਹਾਂ, ਵੈਂਕੀ ਨੂੰ ਸੱਚਮੁੱਚ ਇਹ ਡਾਇਲਾਗ ਪਸੰਦ ਸੀ ਕਿ ‘ਜ਼ਿੰਦਗੀ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ ਹੈ’। ਉਸ ਦੀ ਮਾਂ ਉਸ ਨੂੰ ਸਿਨੇਮਾ ਦਿਖਾਉਣ ਲਈ ਵ੍ਹੀਲਚੇਅਰ ’ਤੇ ਲੈ ਕੇ ਜਾਂਦੀ ਸੀ ਅਤੇ ਮੇਰਾ ਮੰਨਣਾ ਹੈ ਕਿ ਬੰਦ ਦਰਵਾਜ਼ੇ ਪਿੱਛੇ ਬੈਠਣ ਦੀ ਲੋੜ ਨਹੀਂ। ਸਾਨੂੰ ਉਨ੍ਹਾਂ ਨੂੰ ਉਸੇ ਰੂਪ ’ਚ ਸਵੀਕਾਰ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਦੇ ਉਹ ਅਸਲੀਅਤ ’ਚ ਹਨ। ਐਂਟਰਟੇਨਮੈਂਟ ਹਰ ਕਿਸੇ ਦੀ ਲਾਈਫ ਦਾ ਵੱਡਾ ਹਿੱਸਾ ਹੁੰਦਾ ਹੈ, ਭਾਵੇਂ ਤੁਹਾਡੇ ਵਿਚ ਕੋਈ ਵੀ ਕਮੀ ਹੋਵੇ।

ਤੁਹਾਡੇ ਲਈ ਫ਼ਿਲਮ ’ਚ ਸੁਜਾਤਾ ਦੇ ਕਿਰਦਾਰ ਨੂੰ ਡਾਇਰੈਕਟ ਕਰਨਾ ਕਿੰਨਾ ਮੁਸ਼ਕਲ ਰਿਹਾ?
ਸੁਜਾਤਾ ਤੇ ਵੈਂਕੀ ਦੀ ਸਿਸਟਰ ਦੋਵਾਂ ਨੇ ਫ਼ਿਲਮ ਦੇਖੀ ਹੈ ਅਤੇ ਉਨ੍ਹਾਂ ਨੂੰ ਪਸੰਦ ਵੀ ਆਈ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਤੈਨੂੰ ਹੂ-ਬ-ਹੂ ਪਰਦੇ ’ਤੇ ਨਹੀਂ ਉਤਾਰ ਰਹੀ। ਮੈਂ ਸਿਰਫ ਤੇਰੀ ਕਹਾਣੀ ਲੈ ਰਹੀ ਹਾਂ, ਜਿਸ ਦੇ ਲਈ ਮੈਂ ਨਰਵਸ ਵੀ ਸੀ ਕਿਉਂਕਿ ਮੈਂ ਥੋੜ੍ਹੀ ਚੀਜ਼ਾਂ ਡਰਾਮੇਟਾਈਜ਼ ਕੀਤੀਆਂ ਹਨ, ਜਿਵੇਂ ਫਾਦਰ ਦਾ ਕਿਰਦਾਰ, ਉਸ ਦੇ ਲਈ ਤੁਸੀਂ ਮੈਨੂੰ ਮੁਆਫ ਕਰ ਦਿਓ ਜੇ ਅਸੀਂ ਕੁਝ ਗਲਤ ਕਿਹਾ ਜਾਂ ਕੀਤਾ ਹੋਵੇ ਪਰ ਜਦੋਂ ਉਨ੍ਹਾਂ ਫ਼ਿਲਮ ਦੇਖੀ ਤਾਂ ਉਨ੍ਹਾਂ ਆਪਣੀ ਓਵਰਆਲ ਜਰਨੀ ਨੂੰ ਰੈਕੋਗਨਾਈਜ਼ ਕੀਤਾ।

ਫ਼ਿਲਮ ਲਈ ਤੁਹਾਡੀ ਫਸਟ ਚੁਆਇਸ ਕਾਜੋਲ ਹੀ ਸੀ ਜਾਂ ਕੋਈ ਹੋਰ?
ਫ਼ਿਲਮ ਲਈ ਕਾਜੋਲ ਹੀ ਮੇਰੀ ਫਸਟ ਚੁਆਇਸ ਸੀ ਕਿਉਂਕਿ ਉਹ ਜੋ ਵੀ ਕਰਦੀ ਹੈ, ਆਪਣੀ ਮਿਹਨਤ ਤੇ ਲਗਨ ਨਾਲ ਕਰਦੀ ਹੈ ਤਾਂ ਉਸ ਤੋਂ ਇਲਾਵਾ ਮੈਂ ਕਿਸੇ ਹੋਰ ਬਾਰੇ ਸੋਚਿਆ ਹੀ ਨਹੀਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita