''ਡਰੀਮ ਗਰਲ'' ਹੇਮਾ ਮਾਲਿਨੀ ਨੂੰ ਕਦੇ ਨਿਰਦੇਸ਼ਕ ਨੇ ਕੱਢਿਆ ਸੀ ਬਾਹਰ, ਫ਼ਿਰ ਰਾਤੋਂ-ਰਾਤ ਬਣੀ ਸਟਾਰ

10/16/2020 1:11:53 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਤੇ ਸੰਸਦ ਮੈਂਬਰਹੇਮਾ ਮਾਲਿਨੀ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੀ ਹੈ। ਹੇਮਾ ਮਾਲਿਨੀ ਬਾਲੀਵੁੱਡ ਦੀਆਂ ਉਨ੍ਹਾਂ ਹਸਤੀਆਂ 'ਚੋਂ ਹੈ, ਜਿਨ੍ਹਾਂ ਦੀ ਖ਼ੂਬਸੂਰਤੀ ਦੀ ਅੱਜ ਵੀ ਲੋਕ ਤਾਰੀਫ਼ ਕਰਦੇ ਹਨ ਪਰ ਹੇਮਾ ਮਾਲਿਨੀ ਨੇ ਆਪਣੇ ਫ਼ਿਲਮੀ ਕਰੀਅਰ 'ਚ ਸੁੰਦਰਤਾ ਨਾਲ ਹੀ ਨਹੀਂ ਸਗੋਂ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ। ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਪਿੰਡ ਅੱਮਾਨਕੁਡੀ 'ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਤਾਮਿਲਨਾਡੂ ਦੇ ਵੱਖ-ਵੱਖ ਸ਼ਹਿਰਾਂ ਵਿਚ ਬੀਤਿਆ ਸੀ। ਉਨ੍ਹਾਂ ਦੇ ਪਿਤਾ ਵੀ. ਐੱਸ. ਆਰ. ਚੱਕਰਵਰਤੀ ਤਮਿਲ ਫ਼ਿਲਮਾਂ ਦੇ ਨਿਰਮਾਤਾ ਸਨ। ਸਾਲ 1963 ਵਿਚ ਹੇਮਾ ਨੇ ਤਮਿਲ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

ਜੇਕਰ ਹੇਮਾ ਮਾਲਿਨੀ ਦੇ ਫ਼ਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1961 'ਚ ਇਕ ਤੇਲਗੂ ਫ਼ਿਲਮ 'ਪਾਂਡਵ ਵਨਵਾਸਨ' 'ਚ ਨਰਤਕੀ ਦਾ ਕਿਰਦਾਰ ਨਿਭਾਇਆ ਸੀ। ਉੱਥੇ ਹੀ ਹੇਮਾ ਨੇ 1968 'ਚ ਫ਼ਿਲਮ 'ਸਪਨੋਂ ਕੇ ਸੌਦਾਗਰ' ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਵਿਚ ਉਹ ਰਾਜ ਕਪੂਰ ਨਾਲ ਦਿਖਾਈ ਦਿੱਤੀ ਸੀ। ਇਸ ਦੌਰਾਨ ਹੇਮਾ ਸਿਰਫ਼ 16 ਸਾਲ ਦੀ ਸੀ। ਹੇਮਾ ਇਸ ਗੱਲ ਨੂੰ ਮੰਨਦੀ ਹੈ ਕਿ ਜੋ ਵੀ ਅੱਜ ਉਹ ਹੈ ਉਹ ਸਿਰਫ਼ ਰਾਜ ਕਪੂਰ ਕਰਕੇ ਹੈ।

ਉਸ ਤੋਂ ਬਾਅਦ ਉਨ੍ਹਾਂ 1970 'ਚ ਦੇਵ ਆਨੰਦ ਨਾਲ ਫ਼ਿਲਮ 'ਜਾਨੀ ਮੇਰਾ ਨਾਮ' 'ਚ ਕੰਮ ਕੀਤਾ, ਜੋ ਸੁਪਰਹਿੱਟ ਹੋਈ ਸੀ। ਹੇਮਾ ਨੇ 1972 'ਚ ਆਈ ਫ਼ਿਲਮ 'ਸੀਤਾ ਔਰ ਗੀਤਾ' 'ਚ ਡਬਲ ਕਿਰਦਾਰ ਨਿਭਾਇਆ। ਫ਼ਿਲਮ ਕਾਮਯਾਬ ਰਹੀ ਅਤੇ ਹੇਮਾ ਰਾਤੋਂ-ਰਾਤ ਸਟਾਰ ਬਣ ਗਈ। ਇਸ ਫ਼ਿਲਮ ਨੇ ਉਨ੍ਹਾਂ ਨੂੰ ਸਰਬਉੱਚ ਅਦਾਕਾਰਾ ਦਾ ਪੁਰਸਕਾਰ ਦਿਵਾਇਆ ਸੀ। ਇਸ ਤੋਂ ਬਾਅਦ ਹੇਮਾ ਨੇ ਸੈਂਕੜੇ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸੀਤਾ ਔਰ ਗੀਤਾ', 'ਸ਼ੋਅਲੇ', 'ਡਰੀਮਗਰਲ', 'ਸੱਤੇ ਪੇ ਸੱਤਾ' ਤੇ 'ਕਿਨਾਰਾ' ਵਰਗੀਆਂ ਕਈ ਫ਼ਿਲਮਾਂ ਸ਼ਾਮਲ ਹਨ।

ਦੱਸ ਦੇਈਏ ਕਿ ਸ਼ੁਰੂਆਤੀ ਦਿਨਾਂ 'ਚ ਤਮਿਲ ਫ਼ਿਲਮਾਂ ਦੇ ਨਿਰਦੇਸ਼ਕ ਸ਼੍ਰੀਧਰ ਨੇ ਹੇਮਾ ਨੂੰ ਇਹ ਕਹਿ ਕੇ ਫ਼ਿਲਮਾਂ ਵਿਚ ਕੰਮ ਦੇਣਾ ਬੰਦ ਕਰ ਦਿੱਤਾ ਸੀ ਕਿ ਉਨ੍ਹਾਂ 'ਚ ਸਟਾਰ ਵਾਲੀ ਗੱਲ ਨਹੀਂ ਹੈ ਪਰ ਬਾਅਦ 'ਚ ਬਾਲੀਵੁੱਡ 'ਚ ਹੇਮਾ ਡਰੀਮ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ। ਬਾਲੀਵੁੱਡ 'ਚ ਹੇਮਾ ਨੂੰ ਪਹਿਲਾ ਬਰੇਕ ਅਨੰਤ ਸਵਾਮੀ ਨੇ ਦਿੱਤਾ ਸੀ।

ਇਸ ਦੌਰਾਨ ਧਰਮਿੰਦਰ ਤੇ ਹੇਮਾ ਨੇ ਇਕੱਠਿਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਤੇ ਹੌਲੀ-ਹੌਲੀ ਇਕ-ਦੂਜੇ ਵੱਲ ਖਿੱਚੇ ਗਏ। ਹੇਮਾ ਨੇ ਆਪਣੀ ਕਿਤਾਬ 'ਚ ਇਸ ਦਾ ਜ਼ਿਕਰ ਕੀਤਾ ਹੈ ਕਿ ਪਹਿਲਾ ਹੇਮਾ ਨੇ ਕਦੀ ਵੀ ਧਰਮਿੰਦਰ ਨਾਲ ਵਿਆਹ ਕਰਨ ਬਾਰੇ ਨਹੀਂ ਸੋਚਿਆ ਸੀ। 21 ਅਗਸਤ 1979 ਨੂੰ ਧਰਮਿੰਦਰ ਨੇ ਧਰਮ ਬਦਲ ਕੇ ਹੇਮਾ ਨਾਲ ਵਿਆਹ ਕਰਵਾਇਆ ਸੀ।

sunita

This news is Content Editor sunita