ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਜਾਣੋ ਫ਼ਿਲਮੀ ਕਰੀਅਰ ਤੋਂ ਲੈ ਕੇ ਸਿਆਸੀ ਸਫ਼ਰ

10/16/2022 11:13:03 AM

ਬਾਲੀਵੁੱਡ ਡੈਸਕ- ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਅੱਜ ਆਪਣਾ 16 ਅਕਤੂਬਰ ਨੂੰ ਆਪਣਾ 74ਵਾਂ ਜਨਮਦਿਨ ਮਨਾਉਣ ਜਾ ਰਹੀ ਹੈ। ਹੇਮਾ ਨੇ ਆਪਣੇ ਫ਼ਿਲਮੀ ਕਰੀਅਰ ’ਚ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪਤੀ ਧਰਮਿੰਦਰ ਨਾਲ ਹਨ। ਦੋਹਾਂ ਨੇ ਕਈ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ। ਇਕ-ਦੂਜੇ ਨਾਲ ਕੰਮ ਕਰਦੇ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ ਅਤੇ ਧਰਮਿੰਦਰ ਨੇ ਹੇਮਾ ਨਾਲ ਦੂਜਾ ਵਿਆਹ ਕਰ ਲਿਆ। 

ਦੋਹਾਂ ਨੇ ਵਿਆਹ ਲਈ ਇਸਲਾਮ ਕਬੂਲ ਕਰ ਲਿਆ

1980 ’ਚ ਦੋਵਾਂ ਦਾ ਵਿਆਹ ਹੋਇਆ ਸੀ। ਹਿੰਦੂ ਮੈਰਿਜ ਐਕਟ ਮੁਤਾਬਕ ਪਹਿਲੀ ਪਤਨੀ ਨਾਲ ਦੂਜਾ ਵਿਆਹ ਸੰਭਵ ਨਹੀਂ ਸੀ, ਇਸ ਲਈ ਧਰਮਿੰਦਰ ਨੇ ਇਸਲਾਮ ਕਬੂਲ ਕਰ ਲਿਆ ਅਤੇ ਉਸ ਤੋਂ ਬਾਅਦ ਹੇਮਾ ਨਾਲ ਵਿਆਹ ਕਰ ਲਿਆ। ਹੇਮਾ ਨਾਲ ਵਿਆਹ ਕਰਨ ਲਈ ਧਰਮਿੰਦਰ ਨੇ ਨਾ ਸਿਰਫ਼ ਆਪਣਾ ਧਰਮ ਬਦਲਿਆ, ਸਗੋਂ ਉਨ੍ਹਾਂ ਨੇ ਅਦਾਕਾਰਾ ਲਈ ਆਪਣਾ ਪਸੰਦੀਦਾ ਨਾਨ-ਵੈਜ ਖਾਣਾ ਵੀ ਛੱਡ ਦਿੱਤਾ।

ਇਸ ਗੱਲ ਦਾ ਖ਼ੁਲਾਸਾ ਦੋਵਾਂ ਦੀ ਧੀ ਈਸ਼ਾ ਦਿਓਲ ਨੇ ਇਕ ਇੰਟਰਵਿਊ ’ਚ ਕੀਤਾ ਹੈ। ਇਸ਼ਾ ਨੇ ਕਿਹਾ ਕਿ ਮੇਰੇ ਪਿਤਾ ਨੇ ਮਾਂ ਲਈ ਖਾਣ-ਪੀਣ ਦੀਆਂ ਆਦਤਾਂ ਬਦਲ ਦਿੱਤੀਆਂ ਸਨ। ਇਸ ਲਈ ਉਨ੍ਹਾਂ ਦਾ ਵਿਆਹ ਨਾ ਸਿਰਫ਼ ਮੇਰੇ ਲਈ ਸਗੋਂ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ।

ਹੇਮਾ ਮਾਲਿਨੀ ਜਾਇਦਾਦ

ਇਸ  ਦੇ ਨਾਲ ਦੱਸ ਦੇਈਏ ਕਿ ਹੇਮਾ ਮਾਲਿਨੀ ਜਾਇਦਾਦ ਦੇ ਮਾਮਲੇ ’ਚ ਧਰਮਿੰਦਰ ਅਤੇ ਪੁੱਤਰ ਸੰਨੀ ਦਿਓਲ ਤੋਂ ਕਾਫ਼ੀ ਅੱਗੇ ਹੈ। ਦਰਅਸਲ 2019 ਦੀਆਂ ਚੋਣਾਂ ਦੇ ਹਲਫ਼ਨਾਮੇ ’ਚ ਹੇਮਾ ਮਾਲਿਨੀ ਨੇ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਸੀ। ਜਿਸ ਮੁਤਾਬਕ ਉਨ੍ਹਾਂ ਕੋਲ ਕੁੱਲ 249 ਕਰੋੜ ਰੁਪਏ ਦੀ ਜਾਇਦਾਦ ਹੈ। ਜਿਸ ’ਚੋਂ 114 ਕਰੋੜ ਉਸ ਦੇ ਅਤੇ 135 ਕਰੋੜ ਪਤੀ ਧਰਮਿੰਦਰ ਦੇ ਹਨ। ਇਸ ਦੇ ਨਾਲ ਇਹ ਵੀ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ’ਚ ਹੇਮਾ ਦੀ ਜਾਇਦਾਦ ’ਚ ਕਰੀਬ 72 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਫ਼ਿਲਮੀ ਕਰੀਅਰ

ਹੇਮਾ ਬਾਲੀਵੁੱਡ ਫ਼ਿਲਮਾਂ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਹੇਮਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇਕ ਤਾਮਿਲ ਫ਼ਿਲਮ ਨਾਲ ਕੀਤੀ ਸੀ। ਆਪਣੀ ਪਹਿਲੀ ਫ਼ਿਲਮ ਮਿਲਣ ਤੱਕ ਦਾ ਉਸ ਦਾ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਹੇਮਾ ਫ਼ਿਲਮਾਂ ਲਈ ਆਡੀਸ਼ਨ ਦੇਣ ਜਾਂਦੀ ਸੀ ਪਰ ਰੱਦ ਹੋ ਗਈ। 

ਜਦੋਂ ਹੇਮਾ ਨੂੰ ਪਹਿਲੀ ਵਾਰ ਤਾਮਿਲ ਫ਼ਿਲਮ '’ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਫ਼ਿਲਮ ਨਿਰਦੇਸ਼ਕ ਨੇ ਉਸ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਹੁਤ ਪਤਲੀ ਹੈ ਅਤੇ ਹੀਰੋਇਨ ਨਹੀਂ ਬਣ ਸਕਦੀ। ਇਸ ਗੱਲ ਤੋਂ ਉਸ ਦੀ ਮਾਂ ਬਹੁਤ ਦੁੱਖ ਹੋਇਆ ਪਰ ਹੇਮਾ ਨੂੰ ਇਸ ਗੱਲ ਤੋਂ ਰਾਹਤ ਮਿਲੀ ਕਿ ਉਸ ਨੂੰ ਹੁਣ ਫ਼ਿਲਮਾਂ ’ਚ ਕੰਮ ਨਹੀਂ ਕਰਨਾ ਪਵੇਗਾ। ਪਰ ਜਦੋਂ ਹੇਮਾ ਨੇ ਆਪਣੀ ਮਾਂ ਨੂੰ ਇਨ੍ਹਾਂ ਗੱਲਾਂ ਤੋਂ ਦੁਖੀ ਅਤੇ ਪਰੇਸ਼ਾਨ ਦੇਖਿਆ ਤਾਂ ਉਨ੍ਹਾਂ ਨੇ ਮਨ ’ਚ ਫੈਸਲਾ ਕੀਤਾ ਕਿ ਮੈਂ ਐਕਟਿੰਗ ਦਿਖਾਵਾਂਗੀ ਅਤੇ ਮੇਰਾ ਨਾਂ ਵੀ ਹੇਮਾ ਮਾਲਿਨੀ ਹੀ ਰਹੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਤਾਮਿਲ ਫ਼ਿਲਮਾਂ ’ਚ ਛੋਟੇ ਰੋਲ ਕੀਤੇ।

ਹੇਮਾ ਦੀ ਸਿਆਸੀ ਯਾਤਰਾ

ਫ਼ਿਲਮਾਂ ’ਚ ਕਾਫ਼ੀ ਨਾਮ ਕਮਾਉਣ ਤੋਂ ਬਾਅਦ ਹੇਮਾ ਮਾਲਿਨੀ ਨੇ ਰਾਜਨੀਤੀ ਵੱਲ ਰੁਖ ਕੀਤਾ। ਉਹ 2004 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਈ। ਇਸ ਤੋਂ ਬਾਅਦ ਉਹ ਇਸ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਦੀ ਮੈਂਬਰ ਵੀ ਬਣੀ। ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੇਮਾ 2 ਵਾਰ ਲੋਕ ਸਭਾ ਮੈਂਬਰ ਵੀ ਚੁਣੀ ਗਈ ਸੀ। 2014 ’ਚ ਪਹਿਲੀ ਵਾਰ ਮਥੁਰਾ ਤੋਂ ਚੋਣ ਲੜੀ ਅਤੇ ਜਿੱਤੀ। 2019 ’ਚ ਮੁੜ ਐਮ.ਪੀ. ਬਣੀ।


 

Shivani Bassan

This news is Content Editor Shivani Bassan