ਖੁਦਕੁਸ਼ੀਆਂ ਤੋਂ ਰਹਿਤ ਹੋਵੇ ਖਾਲਸ ਪੰਜਾਬ : ਹਰਜੀਤ ਹਰਮਨ

01/10/2017 12:29:51 PM

ਮੇਰੇ ਸੁਪਨਿਆਂ ਦਾ ਪੰਜਾਬ ਇਕ ਅਜਿਹਾ ਪੰਜਾਬ ਹੈ, ਜਿਹੋ ਜਿਹਾ ਮੁਸਲਮਾਨ ਸ਼ਾਸਕਾਂ ਦੇ ਹਮਲਿਆਂ ਤੋਂ ਪਹਿਲਾਂ ਹੁੰਦਾ ਸੀ। ਇਕ ਅਮੀਰ ਵਿਰਾਸਤ ਵਾਲਾ ਪੰਜਾਬ। ਅਜਿਹਾ ਪੰਜਾਬ ਜਿਸ ਦਾ ਕਿਸਾਨ ਦਮਾਮੇ ਮਾਰਦਾ ਮੇਲਿਆਂ ''ਚ ਜਾਵੇ। ਇਕ ਅਜਿਹਾ ਦੁਕਾਨਦਾਰ ਜੋ ਪਿੰਡ ਵਾਲੀ ਹੱਟੀ ਦੇ ਬਾਣੀਏ ਵਾਂਗ ਖੁਸ਼ ਰਹੇ। ਪਹਿਲਾਂ ਵਰਗਾ ਸੱਥਾਂ ''ਚ ਪਿੰਡਾਂ ਦੇ ਝਗੜਿਆਂ ਦਾ ਹੱਲ ਹੋਵੇ। ਖੇਤਾਂ ''ਚ ਉਗ ਰਿਹਾ ਅਨਾਜ ਸਾਡੀ ਸਿਹਤ ਲਈ ਲਾਭਦਾਇਕ ਹੋਵੇ। ਪਹਿਲਾਂ ਵਾਂਗ ਲੋਕਾਂ ''ਚ ਸਾਦਗੀ ਤੇ ਭਾਈਚਾਰਕ ਸਾਂਝ ਹੋਵੇ ਪਰ ਅੱਜ ਦੇ ਪੰਜਾਬ ''ਚੋਂ ਇਹ ਸਭ ਚੀਜ਼ਾਂ ਗੁੰਮ ਹੁੰਦੀਆਂ ਜਾ ਰਹੀਆਂ ਨੇ। ਨਾ ਤਾਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਾਂਭਣ ਵਾਲਾ ਕੋਈ ਹੈ ਤੇ ਨਾ ਹੀ ਖੇਤੀ ਇੰਨੀ ਲਾਭਦਾਇਕ ਰਹਿ ਗਈ ਹੈ ਕਿ ਕਿਸਾਨ ਦਮਾਮੇ ਮਾਰਦਾ ਮੇਲਿਆਂ ''ਚ ਜਾ ਸਕੇ। ਲੋਕਾਂ ''ਚ ਭਾਈਚਾਰਕ ਸਾਂਝ ਖਤਮ ਹੁੰਦੀ ਜਾ ਰਹੀ ਹੈ, ਜਿਸ ਨੂੰ ਸਾਂਭਣਾ ਬੇਹੱਦ ਜ਼ਰੂਰੀ ਹੈ। ਖੇਤਾਂ ''ਚ ਕੰਮ ਕਰਦਾ ਕਿਸਾਨ ਪਹਿਲਾਂ ਵਾਂਗ ਆਪਣੇ ਸਾਥੀ ਕਿਸਾਨਾਂ ਨਾਲ ਸੁੱਖ-ਦੁਖ ਦੀ ਸਾਂਝ ਨਹੀਂ ਕਰਦਾ ਸਗੋਂ ਆਪਣੇ ਦੁੱਖਾਂ ''ਚ ਘਿਰਿਆ ਆਪਣੇ ਸਿਰ ਚੜ੍ਹੇ ਕਰਜ਼ਿਆਂ ਦੀ ਪੰਡ ਤੇ ਸਰਕਾਰ ਦੀ ਖੇਤੀ ਪ੍ਰਤੀ ਅਵੇਸਲੀਆਂ ਨੀਤੀਆਂ ਨੂੰ ਕੋਸਦਾ ਹੋਇਆ ਖੁਦਕੁਸ਼ੀਆਂ ਦੇ ਰਾਹ ਵੱਲ ਜਾ ਰਿਹਾ ਹੈ। ਖੁਦਕੁਸ਼ੀਆਂ ਕਰਕੇ ਪੰਜਾਬ ਦਾ ਕਿਸਾਨ ਹੀ ਨਹੀਂ ਮਰ ਰਿਹਾ ਸਗੋਂ ਪੰਜਾਬ ਦੀ ਕਿਸਾਨੀ ਖਾਤਮੇ ਵੱਲ ਵੱਧ ਰਹੀ ਹੈ। ਜ਼ਰੂਰਤ ਹੈ ਅੱਜ ਕਿਸਾਨਾਂ ਤੇ ਉਸਦੇ ਪਰਿਵਾਰ ਵੱਲ ਧਿਆਨ ਦੇਣ ਦੀ। ਸਰਕਾਰ ਇਨ੍ਹਾਂ ਲਈ ਅਜਿਹੀਆਂ ਨੀਤੀਆਂ ਲਿਆਵੇ ਕਿ ਇਕ ਵਾਰ ਫਿਰ ਕਿਰਸਾਨੀ ਲਾਹੇਵੰਦ ਹੋਵੇ। ਕਿਸਾਨਾਂ ਦੇ ਪਰਿਵਾਰ ਇਸ ਨੂੰ ਛੱਡਣ ਨਾ ਤੇ ਨਵੀਂਆਂ ਤਕਨੀਕਾਂ ਨੂੰ ਅਪਣਾ ਕੇ ਉਨਤ ਫਸਲਾਂ ਪੈਦਾ ਕਰਨ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇਕਰ ਕਿਸਾਨ ਹੀ ਨਹੀਂ ਬਚੇਗਾ ਤਾਂ ਪੰਜਾਬ  ਦੀ ਇਹ ਪਛਾਣ ਕਿੰਝ ਬਚ ਸਕੇਗੀ। ਕਿਸਾਨ ਉਨਤ ਫਸਲ ਪੈਦਾ ਕਰੇਗਾ ਤਾਂ ਹੀ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇਗੀ। ਜੇਕਰ ਮੈਂ ਗੱਲ  ਕਰਾਂ ਧਰਮ ਦੀ ਤਾਂ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਵਾਂਗ ਲੋਕ ਧਰਮੀ ਜ਼ਰੂਰ ਹੋਣ, ਆਪਣੇ ਧਰਮ ਦੇ ਪੱਕੇ ਜ਼ਰੂਰ ਹੋਣ ਨਾ ਕਿ ਅੱਜ ਵਾਂਗ ਧਰਮ ਦੇ ਨਾਂ ''ਤੇ ਲੋਕਾਂ ਦਾ ਸ਼ੋਸ਼ਣ ਹੋਵੇ। ਮੇਰੇ ਸੁਪਨਿਆਂ ਦੇ ਪੰਜਾਬ ''ਚ ਧੀਆਂ ਤੇ ਔਰਤਾਂ ਦਾ ਪਹਿਲਾਂ ਵਾਂਗ ਆਦਰ, ਮਾਣ ਤੇ ਸਤਿਕਾਰ ਹੋਵੇ। ਉਹ ਸਮਾਜ ''ਚ ਆਪਣੇ ਆਪ ਨੂੰ ਸੁਰੱਖਿਅਤ ਸਮਝਣ। ਅੱਜ ਲੋੜ ਹੈ, ਕੁਰਾਹੇ ਪੈ ਚੁੱਕੀ ਪੰਜਾਬ ਦੀ ਜਵਾਨੀ ਨੂੰ ਸਾਂਭਣ ਦੀ। ਇਕ ਸਮਾਂ ਸੀ ਜਦੋਂ ਪੰਜਾਬੀ ਗੱਭਰੂਆਂ ਦਾ ਸਿਰਫ ਨਾਂ ਲੈਣ ''ਤੇ ਹੀ ਇਕ ਲੰਬੇ, ਸਿਹਤਮੰਦ ਤੇ ਛੈਲ-ਛਬੀਲੇ ਵਿਅਕਤੀ ਦਾ ਅਕਸ ਸਾਹਮਣੇ ਆਉਂਦਾ ਸੀ ਪਰ ਜਦੋਂ ਅੱਜ ਦੇ ਨੌਜਵਾਨਾਂ ਦੀ ਗੱਲ ਹੁੰਦੀ ਹੈ ਤਾਂ ਨਸ਼ੇ ਦੀ ਗੱਲ ਆਉਂਦਿਆਂ ਹੀ ਸਿਰ ਝੁਕ ਜਾਂਦਾ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਇਸ ਪਾਸੇ ਉਚੇਚਾ ਧਿਆਨ ਦੇਵੇ ਤਾਂ ਜੋ ਨਸ਼ੇ ਦੀ ਦਲਦਲ ''ਚ ਧਸ ਰਹੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਨੌਜਵਾਨਾਂ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤੇ ਇਨ੍ਹਾਂ ਲਈ ਰੋਜ਼ਗਾਰ ਦਾ ਹੋਣਾ ਵੀ ਅਹਿਮ ਹੈ। ਇਕ ਪੜਿਆ ਲਿਖਿਆ ਨੌਜਵਾਨ ਹੀ ਸੂਬੇ ਨੂੰ ਹੋਰ ਤਰੱਕੀ ਵੱਲ ਲਿਜਾ ਸਕਦਾ ਹੈ। ਅੰਤ ''ਚ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮੇਰੇ ਸੁਪਨਿਆਂ ਦਾ ਪੰਜਾਬ ਭ੍ਰਿਸ਼ਟਾਚਾਰ, ਮਜ਼ਲੂਮਾਂ ''ਤੇ ਅੱਤਿਆਚਾਰ, ਰਿਸ਼ਵਤਖੋਰੀ, ਬਾਲ ਮਜ਼ਦੂਰੀ, ਨਸ਼ਾਖੋਰੀ ਤੇ ਖੁਦਕੁਸ਼ੀਆਂ ਤੋਂ ਰਹਿਤ ਇਕ ਖਾਲਸ ਪੰਜਾਬ ਹੋਵੇ।

Babita Marhas

This news is News Editor Babita Marhas