ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ

02/05/2024 3:05:26 PM

ਐਂਟਰਟੇਨਮੈਂਟ ਡੈਸਕ– ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਪੰਜਾਬੀ ਫ਼ਿਲਮ ‘ਖਿਡਾਰੀ’ 9 ਫਰਵਰੀ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਲਈ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਕੁਸ਼ਤੀ ਦੀ ਖੇਡ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਲਈ ਗੁਰਨਾਮ ਭੁੱਲਰ ਨੇ ਅਸਲ ’ਚ ਕੁਸ਼ਤੀ ਸਿੱਖੀ ਹੈ।

ਗੁਰਨਾਮ ਭੁੱਲਰ ਨੇ ਫ਼ਿਲਮ ’ਚ ਆਪਣੇ ਕਿਰਦਾਰ ਲਈ ਖ਼ੁਦ ’ਤੇ ਕੀਤੇ ਤਜਰਬੇ ਨੂੰ ਸਾਂਝਾ ਕੀਤਾ ਹੈ। ਗੁਰਨਾਮ ਨੇ ਕਿਹਾ, ‘‘ਮੈਂ ਕਾਫ਼ੀ ਸਮੇਂ ਤੋਂ ਐਕਸ਼ਨ ਫ਼ਿਲਮ ਕਰਨਾ ਚਾਹੁੰਦਾ ਸੀ। ਮੈਨੂੰ ਲਾਰਜਰ ਦੈਨ ਲਾਈਫ ਐਕਸ਼ਨ ਵੀ ਵਧੀਆ ਲੱਗਦਾ ਹੈ ਪਰ ਉਸ ’ਚ ਵਧੀਆ ਕਹਾਣੀ ਹੋਣੀ ਚਾਹੀਦੀ ਹੈ। ਮੈਂ ਚਾਹੁੰਦਾ ਸੀ ਕਿ ਪੰਜਾਬ ਦੀ ਐਕਸ਼ਨ ਫ਼ਿਲਮ ਬਣਾ ਰਿਹਾ ਹਾਂ ਤਾਂ ਇਹ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਹੋਣੀ ਚਾਹੀਦੀ ਹੈ।’’

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’

ਗੁਰਨਾਮ ਨੇ ਅੱਗੇ ਕਿਹਾ, ‘‘ਐਕਸ਼ਨ ਸਾਡੇ ਖ਼ੂਨ ’ਚ ਹੈ। ਜਦੋਂ ਅਸੀਂ ਕਹਾਣੀ ਚੁਣੀ ਤਾਂ ਇਹ ਖੇਡਾਂ ’ਤੇ ਆਧਾਰਿਤ ਸੀ। ਅਸੀਂ ਫਿਰ ਕੁਸ਼ਤੀ ਚੁਣੀ ਤੇ ਇਸ ਚੱਕਰ ’ਚ ਮੈਂ ਕੁਸ਼ਤੀ ਸਿੱਖੀ ਤਾਂ ਕਿ ਸਕ੍ਰੀਨ ’ਤੇ ਇਹ ਨਕਲੀ ਨਾ ਲੱਗੇ। 3-4 ਮਹੀਨੇ ਲਗਾ ਕੇ ਮੈਨੂੰ ਇੰਨੀ ਸਮਝ ਆ ਗਈ ਕਿ ਇਹ ਸਕ੍ਰੀਨ ’ਤੇ ਵਧੀਆ ਲੱਗੇਗੀ।’’

ਗੁਰਨਾਮ ਮੁਤਾਬਕ ਐਕਸ਼ਨ ਦੇ ਨਾਲ-ਨਾਲ ‘ਖਿਡਾਰੀ’ ਇਕ ਪਰਿਵਾਰਕ ਫ਼ਿਲਮ ਹੈ, ਇਹ ਭਰਾਵਾਂ ਦੀ ਫ਼ਿਲਮ ਹੈ। ਕਿਵੇਂ ਇਕ ਬੰਦਾ ਮੈਦਾਨ ਦੀ ਖੇਡ ਦੇ ਨਾਲ-ਨਾਲ ਜ਼ਿੰਦਗੀ ਦੀ ਖੇਡ ਵੀ ਖੇਡਦਾ ਹੈ। ਇਮੋਸ਼ਨ, ਡਰਾਮਾ ਤੇ ਐਕਸ਼ਨ ਤਿੰਨੇ ਚੀਜ਼ਾਂ ਫ਼ਿਲਮ ’ਚ ਦੇਖਣ ਨੂੰ ਮਿਲਣਗੀਆਂ। ਗੁਰਨਾਮ ਨੇ ਅਸਲੀ ਭਲਵਾਨਾਂ ਨਾਲ ਸ਼ੂਟਿੰਗ ਕੀਤੀ ਹੈ। ਇਸ ਦੇ ਨਾਲ ਹੀ ਗੁਰਨਾਮ ਨੇ ਬਾਡੀ ਡਬਲ ਦੀ ਵਰਤੋਂ ਵੀ ਨਹੀਂ ਕੀਤੀ ਹੈ।

ਗੁਰਨਾਮ ਨੇ ਕਿਹਾ, ‘‘ਮੈਂ ਉਤਸ਼ਾਹਿਤ ਹਾਂ ਕਿ ਮੈਂ ਹਰ ਫ਼ਿਲਮ ’ਚ ਵੱਖਰਾ ਕਿਰਦਾਰ ਨਿਭਾਉਂਦਾ ਹਾਂ। ਇਹ ਕੰਮ ਕਰਨ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਦਾ ਹੈ। ਅਜਿਹੀਆਂ ਫ਼ਿਲਮਾਂ ਕਾਮਯਾਬ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਅਜਿਹੀਆਂ ਫ਼ਿਲਮਾਂ ਬਣਾਉਣ ਦਾ ਮੇਰਾ ਆਪਣਾ ਦਿਲ ਕਰਦਾ ਹੈ, ਜਿਸ ’ਚ ਕੁਝ ਨਾ ਕੁਝ ਚੈਲੇਂਜਿੰਗ ਤੇ ਸਿੱਖਣ ਨੂੰ ਮਿਲੇ।’’

ਗੁਰਨਾਮ ਨੇ ਕਿਹਾ ਕਿ ਕਰਤਾਰ ਚੀਮਾ ਫ਼ਿਲਮ ’ਚ ਉਸ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਨਾਲ ਸਾਂਝ ਵੀ ਉਸੇ ਤਰ੍ਹਾਂ ਦੀ ਬਣ ਗਈ ਸੀ। ਇਸ ਫ਼ਿਲਮ ’ਚ ਭਰਾਵਾਂ ਦੇ ਰਿਸ਼ਤੇ ਦੀ ਮਹੱਤਤਾ ਦਿਖਾਈ ਗਈ ਹੈ, ਜੋ ਕਈ ਵਾਰ ਤੁਹਾਨੂੰ ਰਵਾਉਂਦੀ ਹੈ। ਇਕ ਟਾਈਮ ’ਤੇ ਮੈਨੂੰ ਇਹ ਮਹਿਸੂਸ ਹੋਣਾ ਕਿ ਕਰਤਾਰ ਚੀਮਾ ਮੇਰਾ ਸੱਚੀ ਵੱਡਾ ਭਰਾ ਹੈ। ਰੋਣ ਵਾਲਾ ਸੀਨ ਸ਼ੂਟ ਕਰਦਿਆਂ ਸੱਚਮੁੱਚ ਅੱਖਾਂ ਭਰ ਆਉਂਦੀਆਂ ਸਨ।

ਦੱਸ ਦੇਈਏ ਕਿ ‘ਖਿਡਾਰੀ’ ਫ਼ਿਲਮ ਜੀ. ਐੱਫ. ਐੱਮ. ਐਂਡ ਰੈਵੇਸ਼ਿੰਗ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ, ਸੰਜੂ ਸੋਲੰਕੀ, ਧੀਰਜ ਕੁਮਾਰ ਤੇ ਰਾਹੁਲ ਜੰਗਰਾਲ ਵਰਗੇ ਸਿਤਾਰੇ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।

ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਵਲੋਂ ਲਿਖਿਆ ਗਿਆ ਹੈ, ਜਿਸ ਨੂੰ ਪਰਮਜੀਤ ਸਿੰਘ, ਰਵੀਸ਼ ਐਬਰੋਲ, ਅਕਾਸ਼ਦੀਪ ਚੈਲੀ ਤੇ ਗਗਨਦੀਪ ਚੈਲੀ ਨੇ ਪ੍ਰੋਡਿਊਸ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ‘ਖਿਡਾਰੀ’ ਫ਼ਿਲਮ ਬਾਰੇ ਕੀ ਵਿਚਾਰ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh