ਸਿੱਧੂ ਮੂਸੇ ਵਾਲਾ ਦੀ ਮੌਤ ਨਾਲ ਸਦਮੇ ’ਚ ਗੁਰਦਾਸ ਮਾਨ, ਪੋਸਟ ਸਾਂਝੀ ਕਰ ਪ੍ਰਗਟਾਇਆ ਦੁੱਖ

05/30/2022 11:23:37 AM

ਜਲੰਧਰ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਸਦਮੇ 'ਚ ਹਨ। ਮੂਸੇਵਾਲਾ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਹਰ ਪਾਸੇ ਦੁੱਖ ਦੀ ਲਹਿਰ ਦੌੜ ਗਈ। 


ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪੋਸਟ ਰਾਹੀਂ ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।  ਉਨ੍ਹਾਂ ਕਿਹਾ-'ਰੰਗ ਬਿਰੰਗੀਆਂ ਯਾਦਾਂ ਛੱਡ ਕੇ, ਵਿਲਕਦੀਆਂ ਫਰਿਆਦਾਂ ਛੱਡ ਕੇ, ਗੀਤਾਂ 'ਚ ਆਵਾਜ਼ਾਂ ਛੱਡ ਕੇ, ਛੱਡ ਕੇ ਦੁਨੀਆਦਾਰੀ ਪੰਛੀ ਉੱਡਗੇ ਨੇ, ਰੱਬ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ, ਅਤੇ ਉਸ ਨੂੰ ਚਾਹੁਣ ਵਾਲੇ ਲੱਖਾਂ ਕਰੋੜਾਂ ਪ੍ਰਸ਼ੰਸਕਾਂ ਨੂੰ ਹਿੰਮਤ ਬਖ਼ਸ਼ੇ। ਸਿੱਧੂ ਮੂਸੇਵਾਲਾ ਦੇ ਨਾਮ ਦੇ ਸਿਤਾਰਾਂ ਹਮੇਸ਼ਾ ਚਮਕਦਾ ਰਹੇਗਾ'।

ਜ਼ਿਕਰਯੋਗ ਹੈ ਕਿ ਨਜ਼ਦੀਕੀ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਸਮੇਤ ਥਾਰ ਗੱਡੀ ’ਤੇ ਆਪਣੇ ਪਿੰਡ ਮੂਸਾ ਵਿਖੇ ਜਾ ਰਹੇ ਸੀ ਤਾਂ ਅਚਾਨਕ ਇਕ ਕਾਲੇ ਰੰਗ ਦੀ ਇਨਡੈਵਰ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ’ਤੇ ਕਈ ਗੋਲੀਆਂ ਸਿੱਧੂ ਮੂਸੇਵਾਲਾ ਦੀ ਬਾਂਹ ਅਤੇ ਛਾਤੀ ਵਿਚ ਲੱਗੀਆਂ।

ਇਸ ਮੌਕੇ ਉਨ੍ਹਾਂ ਨਾਲ ਥਾਰ ਵਿਚ ਮੌਜੂਦ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੂਸਾ ਵੀ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦਿਓ।

Aarti dhillon

This news is Content Editor Aarti dhillon