ਰੈਪਰ ਧਰਮੇਸ਼ ਪਰਮਾਰ ਦੀ ਮਾਂ ਨੇ ਬਿਆਨ ਕੀਤਾ ਦਰਦ, ਕਿਹਾ- ‘ਚਾਰ ਮਹੀਨਿਆਂ ’ਚ ਆ ਚੁੱਕੇ ਸਨ ਦੋ ਹਾਰਟ ਅਟੈਕ’

03/23/2022 5:31:28 PM

ਮੁੰਬਈ (ਬਿਊਰੋ)– ‘ਗਲੀ ਬੁਆਏ’ ਫ਼ਿਲਮ ਨਾਲ ਚਰਚਾ ’ਚ ਆਏ ਰੈਪਰ ਧਰਮੇਸ਼ ਪਰਮਾਰ ਉਰਫ ਐੱਮ. ਸੀ. ਤੋੜ ਫੋੜ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। ਧਰਮੇਸ਼ ਸਿਰਫ 24 ਸਾਲ ਦਾ ਸੀ। ਅਜਿਹੇ ’ਚ ਉਸ ਦੀ ਮੌਤ ਨੇ ਪ੍ਰਸ਼ੰਸਕਾਂ ਦੇ ਸਾਹਮਣੇ ਸਵਾਲ ਛੱਡ ਦਿੱਤੇ ਸਨ।

ਹੁਣ ਧਰਮੇਸ਼ ਦੀ ਮਾਂ ਨੇ ਇਕ ਇੰਟਰਵਿਊ ’ਚ ਪੁੱਤ ਦੀ ਮੌਤ ਦਾ ਕਾਰਨ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮੇਸ਼ ਦੀ ਬੀਮਾਰੀ ਬਾਰੇ ਵੀ ਵਿਸਥਾਰ ’ਚ ਦੱਸਿਆ ਹੈ।

ਇਕ ਨਿਊਜ਼ ਪੋਰਟਲ ਨਾਲ ਗੱਲਬਾਤ ’ਚ ਧਰਮੇਸ਼ ਦੀ ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਦਿਹਾਂਤ ਨਾਸਿਕ ’ਚ ਇਕ ਵਰਕ ਟਰਿੱਪ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਧਰਮੇਸ਼ ਨੂੰ ਪਿਛਲੇ ਚਾਰ ਮਹੀਨਿਆਂ ਦੇ ਅੰਦਰ ਦੋ ਹਾਰਟ ਅਟੈਕ ਆ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ

ਉਸ ਦੀ ਸਰਜਰੀ ਵੀ ਹੋਈ ਸੀ। ਰੈਪਰ ਦੀ ਮਾਂ ਨੇ ਕਿਹਾ ਕਿ ਧਰਮੇਸ਼ ਨੂੰ ਪਹਿਲਾ ਹਾਰਟ ਅਟੈਕ ਚਾਰ ਮਹੀਨੇ ਪਹਿਲਾਂ ਆਇਆ ਸੀ, ਜਦੋਂ ਉਹ ਲੱਦਾਖ ’ਚ ਆਪਣੇ ਦੋਸਤਾਂ ਨਾਲ ਇਕ ਟਰਿੱਪ ’ਤੇ ਸੀ।

ਦੂਜੀ ਵਾਰ ਉਸ ਨੂੰ ਘਰ ’ਚ ਹਾਰਟ ਅਟੈਕ ਆਇਆ, ਜਦੋਂ ਪਰਿਵਾਰ ਨੂੰ ਉਸ ਦੀ ਇਸ ਬੀਮਾਰੀ ਦਾ ਪਤਾ ਲੱਗਾ। ਇੰਨੀ ਘੱਟ ਉਮਰ ’ਚ ਪੁੱਤਰ ਨੂੰ ਗਵਾਉਣ ਦਾ ਦੁੱਖ ਬਿਆਨ ਕਰਦਿਆਂ ਉਹ ਕਹਿੰਦੀ ਹੈ, ‘ਉਸ ਦੀ ਹਾਰਟ ਸਰਜਰੀ ਹੋਈ ਸੀ ਪਰ ਉਹ ਕਦੇ ਆਰਾਮ ਨਹੀਂ ਕਰਦਾ ਸੀ। ਉਹ ਰੈਪ ਲਈ ਦੀਵਾਨਾ ਸੀ ਤੇ ਸੰਗੀਤ ਨੂੰ ਆਪਣੀ ਜ਼ਿੰਦਗੀ ਤੋਂ ਵੱਧ ਪਿਆਰ ਕਰਦਾ ਸੀ। ਮੇਰਾ ਬੱਚਾ ਹੁਣ ਜਾ ਚੁੱਕਾ ਹੈ ਤੇ ਮੈਂ ਉਸ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh