ਐਲਵਿਸ਼ ਯਾਦਵ ਦੀਆਂ ਵਧੀਆਂ ਮੁਸ਼ਕਿਲਾਂ, ਰੇਵ ਪਾਰਟੀ ’ਚ ਵਰਤਿਆ ਗਿਆ ਸੱਪ ਦਾ ਜ਼ਹਿਰ, ਰਿਪੋਰਟ ’ਚ ਵੱਡਾ ਖ਼ੁਲਾਸਾ

02/17/2024 4:22:37 PM

ਨੋਇਡਾ (ਬਿਊਰੋ)– ਮਸ਼ਹੂਰ ਯੂਟਿਊਬਰ ਤੇ ‘ਬਿੱਗ ਬੌਸ ਓ. ਟੀ. ਟੀ.’ ਵਿਜੇਤਾ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਣ ਵਾਲੀਆਂ ਹਨ। ਪਿਛਲੇ ਸਾਲ ਦੀ ਰੇਵ ਪਾਰਟੀ ਤੋਂ ਲਏ ਨਮੂਨਿਆਂ ਦੀ ਐੱਫ. ਐੱਸ. ਐੱਲ. ਰਿਪੋਰਟ ਆ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸਾਰੇ ਸੈਂਪਲ ਸੱਪ ਦੇ ਜ਼ਹਿਰ ਦੇ ਹੀ ਹਨ। ਹੁਣ ਇਸ ਮਾਮਲੇ ’ਚ ਪੁਲਸ ਨੇ ਐਲਵਿਸ਼ ਦੇ ਖ਼ਿਲਾਫ਼ ਜਾਂਚ ਤੇਜ਼ ਕਰ ਦਿੱਤੀ ਹੈ।

ਕਈ ਸੱਪਾਂ ਦੇ ਜ਼ਹਿਰ ਦੇ ਨਮੂਨੇ ਜ਼ਬਤ ਕੀਤੇ ਗਏ ਸਨ
ਨੋਇਡਾ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ, ‘‘ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਦੇ ਨਤੀਜਿਆਂ ਨੇ ਪੁਸ਼ਟੀ ਕੀਤੀ ਹੈ ਕਿ ਪਾਰਟੀ ਵਾਲੀ ਥਾਂ ਤੋਂ ਮਿਲੇ ਪਦਾਰਥ ਅਸਲ ’ਚ ਕੋਬਰਾ ਤੇ ਕ੍ਰੇਟ ਸੱਪਾਂ ਦਾ ਜ਼ਹਿਰ ਸੀ।’’ 3 ਨਵੰਬਰ ਨੂੰ ਨੋਇਡਾ ਦੇ ਸੈਕਟਰ 51 ’ਚ ਇਕ ਬੈਂਕੁਏਟ ਹਾਲ ’ਚ ਇਕ ਸ਼ੱਕੀ ਰੇਵ ਪਾਰਟੀ ਨੂੰ ਸੱਪ ਦਾ ਜ਼ਹਿਰ ਦੇਣ ਦੇ ਦੋਸ਼ ’ਚ ਯੂਟਿਊਬਰ ਐਲਵੀਸ਼ ਯਾਦਵ ਸਮੇਤ 6 ਲੋਕਾਂ ਖ਼ਿਲਾਫ਼ ਜੰਗਲੀ ਜੀਵ (ਸੁਰੱਖਿਆ) ਐਕਟ ਤੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਧਾਰਾ 120 ਏ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਮਾਮਲੇ ’ਚ ਨਾਮਜ਼ਦ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਯਾਦਵ ਤੋਂ ਮਾਮਲੇ ’ਚ ਪੁੱਛਗਿੱਛ ਕੀਤੀ ਗਈ ਸੀ ਪਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਲਵਿਸ਼ ਕਈ ਦਿਨਾਂ ਤੱਕ ਲਾਪਤਾ ਰਿਹਾ। ਹਾਲਾਂਕਿ ਬਾਅਦ ’ਚ ਉਹ ਅੱਗੇ ਆਇਆ ਤੇ ਪੁਲਸ ਦੀ ਜਾਂਚ ’ਚ ਸ਼ਾਮਲ ਹੋ ਗਿਆ। ਹੁਣ ਇਸ ਮਾਮਲੇ ’ਚ ਨੋਇਡਾ ਪੁਲਸ ਦੇ ਡੀ. ਸੀ. ਪੀ. ਵਿਦਿਆ ਸਾਗਰ ਮਿਸ਼ਰਾ ਨੇ ਕਿਹਾ ਕਿ ਐੱਫ. ਐੱਸ. ਐੱਲ. ਦੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਹੁਣ ਇਸ ਦੇ ਆਧਾਰ ’ਤੇ ਅਗਲੇਰੀ ਜਾਂਚ ਕੀਤੀ ਜਾਵੇਗੀ।

ਸਾਰੇ ਮੁਲਜ਼ਮ ਜੇਲ ਤੋਂ ਬਾਹਰ
ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮ ਜੇਲ ਤੋਂ ਬਾਹਰ ਹਨ, ਇਸ ਲਈ ਪੁਲਸ ਨੂੰ ਚਾਰਜਸ਼ੀਟ ਦਾਖ਼ਲ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸਾਰੇ ਤੱਥਾਂ ਤੇ ਸਬੂਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਾਵਧਾਨੀ ਨਾਲ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਜੇਕਰ ਇਸ ਮਾਮਲੇ ’ਚ ਐਲਵਿਸ਼ ਸਮੇਤ ਹੋਰ ਦੋਸ਼ੀਆਂ ’ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਤੇ 25,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh