‘ਸੈਮ ਬਹਾਦੁਰ’ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਹੈ : ਵਿੱਕੀ ਕੌਸ਼ਲ

11/28/2023 10:32:45 AM

ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਣੇਕਸ਼ਾਅ ਦੀ ਅਨੋਖੀ ਹਿੰਮਤ ਤੇ ਬਹਾਦਰੀ ਨੂੰ ਦਰਸਾਉਂਦੀ ਫਿਲਮ ‘ਸੈਮ ਬਹਾਦੁਰ’ 1 ਦਸੰਬਰ ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ ਤਿਆਰ ਹੈ। ਫਿਲਮ ਵਿਚ ਸੈਮ ਮਾਣੇਕਸ਼ਾਅ ਦੇ ਕਿਰਦਾਰ ’ਚ ਵਿੱਕੀ ਕੌਸ਼ਲ ਨਜ਼ਰ ਆਏਗਾ, ਜੋ ਟਰੇਲਰ ਵਿਚ ਹੀ ਹਰ ਐਂਗਲ ਤੋਂ ਸ਼ਾਨਦਾਰ ਲੱਗ ਰਿਹਾ ਹੈ। ਉਸ ਤੋਂ ਇਲਾਵਾ ਫਿਲਮ ਵਿਚ ਫਾਤਿਮਾ ਸਨਾ ਸ਼ੇਖ, ਨੀਰਜ ਕਾਬੀ, ਸਾਨਿਆ ਮਲਹੋਤਰਾ ਤੇ ਜੀਸ਼ਾਨ ਅਯੂਬ ਵਰਗੇ ਬਿਹਤਰੀਨ ਕਲਾਕਾਰਾਂ ਦੀਆਂ ਅਹਿਮ ਭੂਮਿਕਾਵਾਂ ਹਨ। ‘ਸੈਮ ਬਹਾਦੁਰ’ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ, ਜਿਨ੍ਹਾਂ ਨੇ ‘ਗਿਲਟੀ’, ‘ਛਪਾਕ’ ਤੇ ‘ਰਾਜੀ’ ਵਰਗੀਆਂ ਫਿਲਮਾਂ ਵੀ ਬਣਾਈਆਂ ਹਨ। ਫਿਲਮ ਬਾਰੇ ਡਾਇਰੈਕਟਰ ਮੇਘਨਾ ਗੁਲਜ਼ਾਰ, ਵਿੱਕੀ ਕੌਸ਼ਲ ਤੇ ਸਾਨਿਆ ਮਲਹੋਤਰਾ ਨੇ ਜਗ ਬਾਣੀ (ਜਲੰਧਰ)/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਤੁਹਾਨੂੰ ਆਰਮੀ ਅਫਸਰ ਦੇ ਕਿਰਦਾਰ ਇੰਨੇ ਕਿਉਂ ਪਸੰਦ ਹਨ? ਹੁਣ ਤਾਂ ਅਸੀਂ ਤੁਹਾਨੂੰ ਵੇਖ ਕੇ ਕਨਫਿਊਜ਼ ਹੋ ਜਾਂਦੇ ਹਾਂ ਕਿ ਇਹ ਵਿੱਕੀ ਹੈ ਜਾਂ ਆਰਮੀ ਅਫਸਰ?
ਆਰਮੀ ਅਫਸਰ ਸਾਡੇ ਦੇਸ਼ ਦੇ ਰੀਅਲ ਹੀਰੋ ਹੁੰਦੇ ਹਨ। ਮੈਂ ਉਨ੍ਹਾਂ ਤੋਂ ਬਹੁਤ ਪ੍ਰੇਰਿਤ ਹੁੰਦਾ ਹਾਂ। ਆਰਮੀ ਅਫਸਰ ਦਾ ਕਿਰਦਾਰ ਨਿਭਾਉਣ ’ਚ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ। ਮੈਨੂੰ ਜਦੋਂ ਭਾਰਤੀ ਫੌਜ ਦੀ ਵਰਦੀ ਪਹਿਨਣ ਦਾ ਮੌਕਾ ਮਿਲਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਮੈਂ ਆਪਣੇ ਕੰਮ ਰਾਹੀਂ ਕੁਝ ਮੀਨਿੰਗਫੁਲ ਚੰਗੀਆਂ ਕਹਾਣੀਆਂ ਦੇ ਰਿਹਾ ਹਾਂ ਅਤੇ ‘ਸੈਮ ਬਹਾਦੁਰ’ ਵਰਗੀ ਕਹਾਣੀ ਤਾਂ ਜ਼ਿੰਦਗੀ ਵਿਚ ਇਕੋ ਵਾਰ ਆਉਂਦੀ ਹੈ। ਤਾਂ ਇਹ ਫਿਲਮ ਤੇ ਇਹ ਕਿਰਦਾਰ ਮਿਲਣਾ ਹਰ ਐਕਟਰ ਲਈ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਇਹ ਇਕ ਅਜਿਹਾ ਕਿਰਦਾਰ ਹੈ ਜੋ ਤੁਹਾਨੂੰ ਆਤਮਵਿਸ਼ਵਾਸ ਵੀ ਦਿੰਦਾ ਹੈ ਕਿ ਇੰਨੀ ਵੱਡੀ ਚੁਨੌਤੀ ਦਾ ਤੁਸੀਂ ਸਾਹਮਣਾ ਕੀਤਾ ਅਤੇ ਲੋਕਾਂ ਨੂੰ ਤੁਹਾਡਾ ਕੰਮ ਪਸੰਦ ਆ ਜਾਵੇ ਤਾਂ ਤੁਹਾਡਾ ਆਤਮਵਿਸ਼ਵਾਸ ਅੱਗੇ ਲਈ ਹੋਰ ਵਧਦਾ ਹੈ। ਇਸ ਤੋਂ ਇਲਾਵਾ ਅਜਿਹੇ ਕਿਰਦਾਰਾਂ ਤੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਮੈਨੂੰ ਇਸ ਪੂਰੀ ਜਰਨੀ ’ਚ ਇਸ ਟੀਮ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿਉਂਕਿ ਜ਼ਿੰਦਗੀ ਵਿਚ ਅਜਿਹੇ ਮੌਕੇ ਘੱਟ ਮਿਲਦੇ ਹਨ ਕਿ ਕਿਸੇ ਦੇ ਜੀਵਨ ’ਚ ਜਾ ਕੇ ਤੁਹਾਨੂੰ ਉਸ ਦੇ ਬਾਰੇ ਜਾਣਨ ਨੂੰ ਮਿਲੇ। ਕੁਝ ਕਿਰਦਾਰਾਂ ਨੂੰ ਸਿਰਫ ਕਰਨਾ ਹੀ ਬਹੁਤ ਸਨਮਾਨ ਦੀ ਗੱਲ ਹੁੰਦੀ ਹੈ। ‘ਸੈਮ ਬਹਾਦੁਰ’ ਕਰਨਾ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਹੈ।

‘ਸੈਮ ਬਹਾਦੁਰ’ਦੀ ਜਰਨੀ ਕਿਹੋ ਜਿਹੀ ਰਹੀ, ਕੀ ਮੁਸ਼ਕਲਾਂ ਆਈਆਂ?
‘ਸੈਮ ਬਹਾਦੁਰ’ ਮੇਰੀ ਲਈ ਇਕ ਅਜਿਹਾ ਮੌਕਾ ਸੀ ਜਿਸ ਵਿਚ ਕਿਸੇ ਕਿਰਦਾਰ ਨੂੰ ਜਿਊਣ ਦਾ, ਉਸ ਨੂੰ ਪੂਰੀ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲਿਆ। ਮੈਂ ਕੋਈ ਅਜਿਹਾ ਕਿਰਦਾਰ ਕਰਨਾ ਚਾਹੁੰਦਾ ਸੀ, ਜਿਸ ਵਿਚ ਪੂਰੀ ਤਰ੍ਹਾਂ ਢਲਣ ਦਾ ਮੌਕਾ ਮਿਲੇ ਅਤੇ ਇਸ ਫਿਲਮ ਵਿਚ ਮੈਨੂੰ ਮੌਕਾ ਮਿਲਿਆ ਕਿ ਮੈਂ ਖੁਦ ਨੂੰ ਪੂਰੀ ਤਰ੍ਹਾਂ ਇਕ ਕਿਰਦਾਰ ਵੱਲ ਲਾ ਦਿੱਤਾ। ਨਾਲ ਹੀ ਮੈਨੂੰ ਪਤਾ ਸੀ ਕਿ ਜਦੋਂ ‘ਸੈਮ ਬਹਾਦੁਰ’ ਸ਼ੁਰੂ ਹੋਵੇਗੀ ਤਾਂ ਪੂਰਾ ਸਾਲ ਆਪਣਾ ਸਾਰਾ ਫੋਕਸ ਇਸੇ ’ਤੇ ਕਰਨਾ ਹੈ। ਰਹੀ ਲੁਕ ਦੀ ਗੱਲ ਤਾਂ ਮੇਘਨਾ ਕੋਲ ਅਜਿਹੀ ਟੀਮ ਸੀ ਜਿਸ ਨੇ ਮੈਨੂੰ ਪੂਰੀ ਤਰ੍ਹਾਂ ‘ਸੈਮ ਬਹਾਦੁਰ’ ਦੇ ਲੁਕ ਵਿਚ ਢਾਲ ਦਿੱਤਾ। ਇਸ ਕਿਰਦਾਰ ਨੂੰ ਨਿਭਾਉਣ ਦਾ ਮੇਰਾ ਤਜਰਬਾ ਵੀ ਬਹੁਤ ਵੱਖਰਾ ਤੇ ਚੰਗਾ ਰਿਹਾ।

ਕਾਲਪਨਿਕ ਕਿਰਦਾਰ ਨਿਭਾਉਣਾ ਆਸਾਨ ਹੁੰਦਾ ਹੈ ਜਾਂ ਵੱਡੀ ਸ਼ਖਸੀਅਤ ਦਾ ਕਿਰਦਾਰ ਨਿਭਾਉਣਾ?
ਕਾਲਪਨਿਕ ਕਿਰਦਾਰ ਨਿਭਾਉਣਾ ਜ਼ਿਆਦਾ ਆਸਾਨ ਹੁੰਦਾ ਹੈ ਕਿਉਂਕਿ ਉਸ ਵਿਚ ਤੁਹਾਡੇ ਉੱਪਰ ਕੋਈ ਦਬਾਅ ਨਹੀਂ ਹੁੰਦਾ ਕਿ ਤੁਸੀਂ ਅਜਿਹਾ ਹੀ ਕਰਨਾ ਹੈ ਪਰ ਜਦੋਂ ਕਿਸੇ ਦੀ ਅਸਲ ਜ਼ਿੰਦਗੀ ’ਤੇ ਫਿਲਮ ਬਣੀ ਹੋਵੇ ਤਾਂ ਮਤਲਬ ਹੁੰਦਾ ਹੈ ਕਿ ਉਨ੍ਹਾਂ ਕੁਝ ਵੱਡਾ ਕੀਤਾ ਹੈ। ਤੁਹਾਡੇ ’ਤੇ ਵੀ ਉਸ ਕਿਰਦਾਰ ਨੂੰ ਨਿਭਾਉਂਦੇ ਸਮੇਂ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਉਸੇ ਤਰ੍ਹਾਂ ਤੁਰਨਾ ਹੈ, ਨਜ਼ਰ ਆਉਣਾ ਹੈ। ਇਸ ਵਿਚ ਤੁਸੀਂ ਆਪਣਾ ਕੋਈ ਤਰੀਕਾ ਨਹੀਂ ਅਪਣਾ ਸਕਦੇ ਪਰ ਕਾਲਪਨਿਕ ਕਿਰਦਾਰ ’ਚ ਤੁਹਾਡੇ ਕੋਲ ਛੋਟ ਹੁੰਦੀ ਹੈ ਕਿ ਉਸ ਨੂੰ ਤੁਸੀਂ ਕਿਵੇਂ ਕਰਨਾ ਹੈ, ਤੁਹਾਡਾ ਉਸ ਵਿਚ ਕੀ ਐਂਗਲ ਹੈ।

ਫਿਲਮ ਲਈ ਮੈਨੂੰ ਆਪਣੀ ਆਵਾਜ਼ ’ਤੇ ਕੰਮ ਕਰਨਾ ਪਿਆ : ਸਾਨਿਆ ਮਲਹੋਤਰਾ, ਅਭਿਨੇਤਰੀ
ਤੁਹਾਨੂੰ ਜਦੋਂ ਇਹ ਫਿਲਮ ਆਫਰ ਹੋਈ ਤਾਂ ਪਹਿਲਾ ਖਿਆਲ ਕੀ ਆਇਆ ਸੀ?

ਜਦੋਂ ਮੈਨੂੰ ਮੇਘਨਾ ਮੈਡਮ ਦਾ ਫੋਨ ਆਇਆ ਅਤੇ ਉਨ੍ਹਾਂ ਮੈਨੂੰ ਇਸ ਬਾਰੇ ਦੱਸਿਆ ਤਾਂ ਪਹਿਲਾਂ ਤਾਂ ਮੈਂ ਹੈਰਾਨ ਸੀ ਕਿ ਮੈਨੂੰ ਇਹ ਰੋਲ ਆਫਰ ਹੋਇਆ। ਮੈਂ ਹਮੇਸ਼ਾ ਤੋਂ ਅਜਿਹੇ ਮੌਕੇ ਦੀ ਭਾਲ ਵਿਚ ਸੀ ਜਿਸ ਨਾਲ ਮੈਨੂੰ ਕੁਝ ਨਵਾਂ ਕਰਨ ਅਤੇ ਸਿੱਖਣ ਨੂੰ ਮਿਲੇ। ਜਦੋਂ ਮੈਨੂੰ ਇਹ ਮੌਕਾ ਮਿਲਿਆ ਤਾਂ ਮੈਂ ਬਿਲਕੁਲ ਦੇਰ ਨਹੀਂ ਕੀਤੀ ਅਤੇ ਸੋਚਿਆ ਕਿਤੇ ਇਹ ਰੋਲ ਕਿਸੇ ਹੋਰ ਨੂੰ ਨਾ ਮਿਲ ਜਾਵੇ। ਇਸ ਲਈ ਮੈਂ ਮੇਘਨਾ ਮੈਡਮ ਨੂੰ ਇਸ ਕਿਰਦਾਰ ਲਈ ਤੁਰੰਤ ਹਾਂ ਕਰ ਦਿੱਤੀ।

ਤੁਸੀਂ ਕਈ ਸ਼ੈਲੀਆਂ ਦੀਆਂ ਫਿਲਮਾਂ ਕਰ ਚੁੱਕੇ ਹੋ, ਇਸ ਕਿਰਦਾਰ ਨੂੰ ਨਿਭਾਉਣਾ ਕਿੰਨਾ ਮੁਸ਼ਕਲ ਰਿਹਾ?
ਅਸੀਂ ਕੋਈ ਵੀ ਕਿਰਦਾਰ ਨਿਭਾਈਏ, ਸਾਰਿਆਂ ਵਿਚ ਚੁਨੌਤੀਆਂ ਹੁੰਦੀਆਂ ਹਨ ਪਰ ਜਦੋਂ ਅਸੀਂ ਕਿਸੇ ਵਿਅਕਤੀ ਦੀ ਅਸਲ ਜ਼ਿੰਦਗੀ ਵਿਚ ਖੁਦ ਨੂੰ ਢਾਲਣਾ ਹੋਵੇ ਤਾਂ ਉਸ ਦੀ ਹਰ ਬਾਰੀਕੀ ਨੂੰ ਸਮਝਣਾ ਪੈਂਦਾ ਹੈ। ਇਸ ਫਿਲਮ ਲਈ ਮੈਨੂੰ ਆਪਣੀ ਆਵਾਜ਼ ’ਤੇ ਕੰਮ ਕਰਨਾ ਪਿਆ, ਜੋ ਉਸੇ ਤਰ੍ਹਾਂ ਦੀ ਲੱਗੇ ਜਿਵੇਂ ਅਸਲ ’ਚ ਸੀਲੂ ਦੀ ਸੀ। ਮੈਂ ਮੇਘਨਾ ਮੈਡਮ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਇਸ ਰੋਲ ਦੀ ਤਿਆਰੀ ਕਰ ਰਹੀ ਸੀ ਤਾਂ ਉਨ੍ਹਾਂ ਮੈਨੂੰ ਬਹੁਤ ਕੁਝ ਸਿਖਾਇਆ, ਜਿਵੇਂ ਸੀਲੂ ਕਿਵੇਂ ਬੋਲਦੀ ਸੀ, ਕਿਹੋ ਜਿਹੀ ਨਜ਼ਰ ਆਉਂਦੀ ਸੀ। ਇਸ ਫਿਲਮ ਲਈ ਮੇਰੇ ਕਈ ਲੁਕ ਟੈਸਟ ਹੋਏ ਤਾਂ ਜੋ ਸੀਲੂ ਵਰਗੀ ਨਜ਼ਰ ਆਉਣ ’ਚ ਕਮੀ ਨਾ ਰਹਿ ਜਾਵੇ। ਉਨ੍ਹਾਂ ਦੇ ਲੁਕ ਨੂੰ ਕ੍ਰਿਏਟ ਕਰਨਾ ਵੀ ਚੁਨੌਤੀ ਹੀ ਸੀ।

ਸਕ੍ਰਿਪਟ ਹੁੰਦੀ ਹੈ ਤਾਂ ਤੁਹਾਨੂੰ ਖੁਦ ਹੀ ਦਿਮਾਗ ’ਚ ਕਿਰਦਾਰ ਨਜ਼ਰ ਆਉਣ ਲੱਗਦੇ ਹਨ : ਮੇਘਨਾ ਗੁਲਜ਼ਾਰ, ਡਾਇਰੈਕਟਰ

ਸੈਮ ਮਾਣੇਕਸ਼ਾਅ ’ਤੇ ਫਿਲਮ ਬਣਾਉਣ ਦਾ ਆਈਡੀਆ ਕਿਵੇਂ ਆਇਆ? ਉਨ੍ਹਾਂ ਦੀ ਜ਼ਿੰਦਗੀ ਦੇ ਕਿਹੜੇ ਪਹਿਲੂ ਨੇ ਤੁਹਾਨੂੰ ਅਟ੍ਰੈਕਟ ਕੀਤਾ?
ਫਿਲਮ ਬਣਾਉਣ ਦਾ ਆਈਡੀਆ ਸਾਡੇ ਪ੍ਰੋਡਿਊਸਰ ਨੂੰ ਆਇਆ ਸੀ। ਉਨ੍ਹਾਂ ਸੈਮ ਮਾਣੇਕਸ਼ਾਅ ਦਾ ਜ਼ਿਕਰ ਮੇਰੇ ਕੋਲ ਕੀਤਾ। ਉਸ ਵੇਲੇ ਮੈਂ ਇਨ੍ਹਾਂ ਬਾਰੇ ਇੰਨਾ ਨਹੀਂ ਜਾਣਦੀ ਸੀ ਪਰ ਜੋ ਥੋੜ੍ਹਾ-ਬਹੁਤ ਪਤਾ ਸੀ, ਉਸ ਨਾਲ ਇਹ ਸਮਝ ਆ ਗਿਆ ਸੀ ਕਿ ਉਨ੍ਹਾਂ ਦੀ ਸ਼ਖਸੀਅਤ ’ਚ ਉਹ ਕਹਾਣੀ ਹੈ ਜੋ ਕਹੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਜੀਵਨ ਦੇ ਕਿਸੇ ਇਕ ਪਹਿਲੂ ਦੀ ਗੱਲ ਕਰਨਾ ਉਨ੍ਹਾਂ ਦੇ ਬਾਕੀ ਜੀਵਨ ਵਿਚ ਕੀਤੇ ਗਏ ਕੰਮਾਂ ਨਾਲ ਬੇਇਨਸਾਫੀ ਹੋਵੇਗੀ ਪਰ ਇਕ ਗੱਲ ਮੈਂ ਦੱਸਣਾ ਚਾਹੁੰਦੀ ਹਾਂ ਕਿ ਉਹ ਇੰਡੀਅਨ ਅਕੈਡਮੀ ਦੇ ਪਹਿਲੇ ਬੈਚ ਵਿਚ ਸਨ ਜਿਨ੍ਹਾਂ ਨੂੰ ਪਨਿਸ਼ਮੈਂਟ ਮਿਲੀ ਸੀ ਅਤੇ ਉਹੀ ਸ਼ਖਸ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਬਣੇ।

ਤੁਸੀਂ ਫਿਲਮ ਦੀ ਸਟਾਰਕਾਸਟ ਦੀ ਚੋਣ ’ਚ ਸਟੀਕ ਰਹਿੰਦੇ ਹੋ, ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਹੀ ਫਿਲਮਾਂ ਬਣਾਉਂਦੇ ਹੋ, ਇਹ ਸਭ ਕਿਵੇਂ ਕਰਦੇ ਹੋ?
ਜਦੋਂ ਤੁਹਾਡੇ ਕੋਲ ਕਿਸੇ ਫਿਲਮ ਦੀ ਸਕ੍ਰਿਪਟ ਹੁੰਦੀ ਹੈ ਤਾਂ ਖੁਦ ਹੀ ਦਿਮਾਗ ਵਿਚ ਕਿਰਦਾਰ ਨਜ਼ਰ ਆਉਣ ਲੱਗਦੇ ਹਨ ਅਤੇ ਐਕਟਰਾਂ ਦੇ ਚਿਹਰੇ ਵੀ ਸਾਹਮਣੇ ਆਉਣ ਲੱਗਦੇ ਹਨ। ਇਹ ਮੇਰੀ ਖੁਸ਼ਨਸੀਬੀ ਹੈ ਕਿ ਮੈਂ ਜੋ ਐਕਟਰ ਪਹਿਲਾਂ ਸੋਚਦੀ ਹਾਂ, ਬਾਅਦ ’ਚ ਮੈਨੂੰ ਕਦੇ ਉਸ ਤੋਂ ਪਿੱਛੇ ਨਹੀਂ ਹਟਣਾ ਪੈਂਦਾ। ਜਦੋਂ 2 ਵਿਅਕਤੀ ਇਕੱਠੇ ਕੰਮ ਕਰਦੇ ਹਨ, ਦੋਵਾਂ ਦੀ ਸੋਚ, ਉਨ੍ਹਾਂ ਦਾ ਮਕਸਦ ਇਕੋ ਹੁੰਦਾ ਹੈ ਤਾਂ ਉਸ ਦਾ ਨਤੀਜਾ ਵੀ ਉਸੇ ਤਰ੍ਹਾਂ ਦਾ ਆਉਂਦਾ ਹੈ। ਕਿਸੇ ਕਿਰਦਾਰ ’ਚ ਉਹ ਐਕਟਰ ਖੁਦ ਨੂੰ ਇੰਨਾ ਢਾਲ ਲੈਂਦੇ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਨਾਲੋਂ ਚੰਗਾ ਕੋਈ ਹੋਰ ਕਰ ਹੀ ਨਹੀਂ ਸਕਦਾ।

ਆਮ ਫਿਲਮਾਂ ਬਣਾਉਣ ਦੇ ਮੁਕਾਬਲੇ ਦੇਸ਼ ਭਗਤੀ ਦੀਆਂ ਫਿਲਮਾਂ ਬਣਾਉਣਾ ਕਿੰਨਾ ਮੁਸ਼ਕਲ ਹੈ?
ਜਦੋਂ ਅਸੀਂ ਕਿਸੇ ਦੀ ਅਸਲ ਜ਼ਿੰਦਗੀ ’ਤੇ ਜਾਂ ਕਿਸੇ ਆਰਮੀ ਅਫਸਰ ਦੀ ਜ਼ਿੰਦਗੀ ’ਤੇ ਫਿਲਮ ਬਣਾਉਂਦੇ ਹਾਂ ਤਾਂ ਜ਼ਿੰਮੇਵਾਰੀ ਹੁੰਦੀ ਹੈ ਕਿ ਉਨ੍ਹਾਂ ਦੀ ਹੋਂਦ, ਉਨ੍ਹਾਂ ਦੀ ਸ਼ਖਸੀਅਤ ਤੇ ਉਨ੍ਹਾਂ ਦੀਆਂ ਯਾਦਾਂ ਨਾਲ ਛੇੜਛਾੜ ਨਾ ਹੋਵੇ। ਨਾਲ ਹੀ ਅਸਲ ਜ਼ਿੰਦਗੀ ’ਤੇ ਬਣੀ ਫਿਲਮ ਵਿਚ ਸਟੀਕਤਾ ਨਜ਼ਰ ਆਉਣੀ ਬਹੁਤ ਜ਼ਰੂਰੀ ਤੇ ਚੁਨੌਤੀਪੂਰਨ ਹੁੰਦੀ ਹੈ।

sunita

This news is Content Editor sunita