ਦਿਲਜੀਤ ਦੋਸਾਂਝ ਅੱਜ ਲਾਉਣਗੇ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ''ਚ ਰੌਣਕਾਂ, ਕਾਫਲਾ ਲੈ ਕੇ ਪਹੁੰਚੇ ਜਾਮਨਗਰ

03/02/2024 1:05:33 PM

ਮੁੰਬਈ/ਜਾਮਨਗਰ- ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਵਾਲਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਅੰਬਾਨੀ ਪਰਿਵਾਰ 'ਚ ਰੌਣਕਾਂ ਲਾਉਣ ਪਹੁੰਚ ਚੁੱਕੇ ਹਨ। ਜੀ ਹਾਂ, ਹਾਲ ਹੀ 'ਚ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦਿਲਜੀਤ ਦੋਸਾਂਝ ਨੂੰ ਅੰਬਾਨੀ ਪਰਿਵਾਰ ਦੇ ਫੰਕਸ਼ਨ 'ਚ ਸ਼ਿਰਕਤ ਕਰਦਿਆਂ ਵੇਖਿਆ ਗਿਆ। ਇਸ ਦੌਰਾਨ ਦਿਲਜੀਤ ਦੋਸਾਂਝ ਦਾ ਦੇਸੀ ਲੁੱਕ ਸਭ ਤੋਂ ਵੱਧ ਆਕਰਸ਼ਿਤ ਰਿਹਾ। ਉਨ੍ਹਾਂ ਨੇ ਚਿੱਟੇ ਕੁੜਤੇ ਪਜ਼ਾਮੇ ਨਾਲ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਆਪਣੀ ਸਾਥੀ ਕਲਾਕਾਰਾਂ ਨਾਲ ਕਾਫਲੇ ਵਾਂਗ ਜਾਂਦਾ ਦਿਲਜੀਤ ਹਰੇਕ ਦਾ ਦਿਲ ਟੁੰਬ ਰਿਹਾ ਹੈ।

ਦੱਸ ਦਈਏ ਕਿ ਬੀਤੀ ਰਾਤ ਮੁਕੇਸ਼ ਅੰਬਾਨੀ ਤੇ ਪੁੱਤਰ ਅਨੰਤ-ਰਾਧਿਕਾ ਦੀ ਕੌਕਟੇਲ ਪਾਰਟੀ ਸੀ, ਜਿਸ 'ਚ ਹਾਲੀਵੁੱਡ ਗਾਇਕਾ ਰਿਹਾਨਾ ਨੇ ਪਰਫਾਰਮੈਂਸ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਰਿਹਾਨਾ ਨੇ ਇਸ ਇਕ ਪਰਫਾਰਮੈਂਸ ਲਈ 50 ਕਰੋੜ ਤੋਂ ਵੱਧ ਦੀ ਰਕਮ ਵਸੂਲੀ ਹੈ। ਹੁਣ ਇਹ ਵੇਖਣਾ ਵੀ ਕਾਫ਼ੀ ਦਿਲਚਸਪ ਰਹੇਗਾ ਕਿ ਦਿਲਜੀਤ ਦੋਸਾਂਝ ਇਸ ਈਵੈਂਟ 'ਚ ਆਪਣੀ ਪੇਸ਼ਕਾਰੀ ਦੌਰਾਨ ਅੰਬਾਨੀ ਪਰਿਵਾਰ ਤੋਂ ਕਿੰਨੀ ਵੱਡੀ ਰਕਮ ਵਸੂਲਦੇ ਹਨ। 

ਦੱਸਣਯੋਗ ਹੈ ਕਿ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ’ਚ ਇਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਿਥੇ ਫ਼ਿਲਮੀ ਸਿਤਾਰਿਆਂ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖ਼ਾਸ ਪ੍ਰਬੰਧ ਕੀਤਾ ਹੈ।

ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਪੌਪ ਗਾਇਕਾ ਰਿਹਾਨਾ, ਅਮਰੀਕੀ ਗਾਇਕ-ਗੀਤਕਾਰ ਜੇ ਬ੍ਰਾਊਨ ਅਤੇ ਮਲਟੀ-ਇੰਸਟਰੂਮੈਂਟਲਿਸਟ ਗੀਤਕਾਰ ਅਤੇ ਬਾਸਿਸਟ ਐਡਮ ਬਲੈਕਸਟੋਨ ਵਰਗੀਆਂ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਸਮੇਤ ਕਈ ਫ਼ਿਲਮੀ ਸਿਤਾਰੇ ਮਹਿਮਾਨ ਸੂਚੀ 'ਚ ਸ਼ਾਮਲ ਹਨ। ਮਹਿਮਾਨਾਂ ਦੀ ਸੂਚੀ 'ਚ ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਕਾਰਲ ਬਿਲਟ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਗੂਗਲ ਦੇ ਪ੍ਰਧਾਨ ਡੋਨਾਲਡ ਹੈਰੀਸਨ, ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਜੋਰਜ ਕੁਇਰੋਗਾ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੁਡ ਅਤੇ ਵਰਲਡ ਇਕਨਾਮਿਕ ਫੋਰਮ ਦੇ ਚੇਅਰਪਰਸਨ ਕਲੌਸ ਸ਼ਵਾਬ ਵੀ ਸ਼ਾਮਲ ਹਨ।


 

sunita

This news is Content Editor sunita