‘ਜਵਾਨ’ ਲੀਕ ਸੀਨ ਮਾਮਲਾ : ਦਿੱਲੀ ਹਾਈਕੋਰਟ ਨੇ ਸ਼ਾਹਰੁਖ ਖ਼ਾਨ ਦੇ ਹੱਕ ’ਚ ਸੁਣਾਇਆ ਫ਼ੈਸਲਾ

04/26/2023 3:03:18 PM

ਮੁੰਬਈ (ਬਿਊਰੋ)– ਫ਼ਿਲਮ ‘ਜਵਾਨ’ ਦੇ ਵੀਡੀਓ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਸ਼ਾਹਰੁਖ ਖ਼ਾਨ ਦੇ ਪੱਖ ’ਚ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ‘ਜਵਾਨ’ ਦੀਆਂ ਲੀਕ ਹੋਈਆਂ ਕਲਿੱਪਸ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਮੰਗਲਵਾਰ ਨੂੰ ਹਾਈ ਕੋਰਟ ਨੇ ਵੈੱਬਸਾਈਟਸ, ਕੇਬਲ ਟੀ. ਵੀ. ਪਲੇਟਫਾਰਮਜ਼, ਡਾਇਰੈਕਟ ਟੂ ਹੋਮ ਸਰਵਿਸਿਜ਼ ਤੇ ਹੋਰ ਸਾਰੇ ਪਲੇਟਫਾਰਮਜ਼ ਨੂੰ ‘ਜਵਾਨ’ ਦੇ ਕਾਪੀਰਾਈਟ ਦੀ ਉਲੰਘਣਾ ਕਰਨ ਤੋਂ ਰੋਕ ਦਿੱਤਾ।

ਵੀਡੀਓ ਲੀਕ ਹੋਣ ਤੋਂ ਬਾਅਦ ਪ੍ਰੋਡਕਸ਼ਨ ਕੰਪਨੀ ਨੇ ਅਦਾਲਤ ਦਾ ਰਾਹ ਚੁਣਿਆ
ਦਰਅਸਲ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ 2 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਦੌਰਾਨ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ‘ਜਵਾਨ’ ਦੀਆਂ ਦੋ ਵੀਡੀਓਜ਼ ਸੋਸ਼ਲ ਮੀਡੀਆ ’ਤੇ ਲੀਕ ਹੋ ਗਈਆਂ ਹਨ, ਜੋ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਵੀਡੀਓਜ਼ ਦੇ ਲੀਕ ਹੋਣ ਤੋਂ ਬਾਅਦ ਸ਼ਾਹਰੁਖ ਤੇ ਗੌਰੀ ਖ਼ਾਨ ਦੀ ਪ੍ਰੋਡਕਸ਼ਨ ਕੰਪਨੀ ਰੈੱਡ ਚਿੱਲੀਜ਼ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਨੂੰ ਲੈ ਕੇ ਹੁਣ ਕੋਰਟ ਨੇ ਆਪਣਾ ਫ਼ੈਸਲਾ ਸੁਣਾਇਆ ਹੈ।

ਵੀਡੀਓ ਲੀਕ ਕਰਨ ਵਾਲਿਆਂ ਦੇ ਅਸੈੱਸ ਬਲਾਕ ਕੀਤੇ ਜਾਣ : ਦਿੱਲੀ ਹਾਈਕੋਰਟ
ਦਿੱਲੀ ਹਾਈਕੋਰਟ ਨੇ ਆਪਣੇ ਹੁਕਮਾਂ ’ਚ ਸੋਸ਼ਲ ਮੀਡੀਆ ਪਲੇਟਫਾਰਮਜ਼ ਯੂਟਿਊਬ, ਗੂਗਲ, ਟਵਿਟਰ ਤੇ ਰੈਡਿਟ ਨੂੰ ਨਿਰਦੇਸ਼ ਦਿੱਤਾ ਹੈ ਕਿ ਪਲੇਟਫਾਰਮਜ਼ ’ਤੇ ‘ਜਵਾਨ’ ਫ਼ਿਲਮ ਦੀ ਕਾਪੀਰਾਈਟ ਸਮੱਗਰੀ ਦਿਖਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਸਟਿਸ ਸੀ. ਹਰੀ ਸ਼ੰਕਰ ਨੇ ਕਈ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਨੂੰ ਉਨ੍ਹਾਂ ਚੈਨਲਾਂ ਦਾ ਅਸੈੱਸ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ, ਜੋ ਫ਼ਿਲਮ ਨਾਲ ਸਬੰਧਤ ਸਮੱਗਰੀ ਦਿਖਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh